ਅਮਰੀਕਨ ਸਿੱਖ ਪੰਜਾਬ ‘ਚ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਨੌਜਵਾਨਾਂ ਨੂੰ ਲੀਗਲ ਏਡ ਦੇਣਗੇ

ਅਮਰੀਕਾ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ।

ਨਿਊਯਾਰਕ – ਅਮਰੀਕਨ ਈਸਟ-ਕੋਸਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਵੱਲੋਂ ਬੀਤੇ ਦਿਨ ਇਕ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਪੰਜਾਬ ਵਿਚ ਪੈਦਾ ਹੋ ਰਹੇ ਹਾਲਾਤਾਂ ਦੇ ਮੱਦੇਨਜ਼ਰ ਅਮਰੀਕਾ ਦੀਆਂ ਪੰਥ ਪ੍ਰਸਤ ਜਥੇਬੰਦੀਆਂ, ਕਮੇਟੀਆਂ ਅਤੇ ਸਭਾਵਾਂ ਵੱਲੋਂ ਪੰਜਾਬ ਦੇ ਲੋਕਾਂ ਨਾਲ ਇਕਜੁੱਟਤਾ ਦਾ ਇਜ਼ਹਾਰ ਕੀਤਾ ਗਿਆ

ਇਸ ਪ੍ਰੈੱਸ ਕਾਨਫਰੰਸ ਦੇ ਦੌਰਾਨ ਸਿੱਖ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, “ਪੰਜਾਬ ਦੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਉਣਾ ਭਾਰਤੀ ਸਟੇਟ ਵੱਲੋਂ ਸਿੱਖ ਨਸਲਕੁਸ਼ੀ ਦੀ ਪੁਰਾਣੀ ਤਹਿਸ਼ੁਦਾ ਯੋਜਨਾ ਹੈ ਜਿਸ ਨੂੰ ਫਿਰ ਬੜੀ ਤੇਜੀ ਨਾਲ ਬਦਨਾਮ ਪੰਜਾਬ ਪੁਲਿਸ ਰਾਹੀਂ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ। ਆਏ ਦਿਨ ਫੇਕ ਐਨਕਾਉਟਰ ਦੀਆਂ ਖਬਰਾਂ ਆ ਰਹੀਆਂ ਹਨ। ਪੰਜਾਬ ਦੀ ਨੌਜਵਾਨੀ ਨੂੰ ਅੱਜਕੱਲ੍ਹ ਗੈਂਗਸਟਰਵਾਦ ਦੇ ਨਾਮ ਹੇਠ ਮਾਰਨ ਦਾ ਸਰਕਾਰੀ ਪ੍ਰਪੰਚ ਰਚਿਆ ਗਿਆ ਹੈ। ਜਿਸਦੀ ਤਾਜ਼ਾ ਮਿਸਾਲ ਗੁਰਦਾਸ ਪੁਰ ਜਿਲੇ ਦੇ ਆਦੀਆਂ ਪਿੰਡ ਦੇ 19 ਸਾਲਾਂ ਦੇ ਨੌਜਵਾਨ ਰਣਜੀਤ ਸਿੰਘ ਨੂੰ ਪੁੱਛਗਿੱਛ ਦਾ ਬਹਾਨਾ ਬਣਾ ਘਰੋਂ ਚੁੱਕ ਕੇ ਪੁਲਿਸ ਥਾਣੇ ਲਿਜਾ ਕੇ ਮਾਰ ਦਿੱਤਾ ਗਿਆ।

ਦੂਸਰਾ ਦੁਖਦਾਈ ਵਰਤਾਰਾ ਜੋ ਦਰਪੇਸ਼ ਹੈ ਕਿ ਸਾਡੇ ਇਸ਼ਟ ਸ੍ਰੀ ਗੁਰੂ ਗਰੰਥ ਸਾਹਿਬ ਅਤੇ ਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਬੇਰੋਕ ਲਗਾਤਾਰ ਵੱਧ ਰਹੀਆਂ ਹਨ। ਇਸ ਵਰਤਾਰੇ ਤੋ ਅੱਕ ਕੇ ਸਮਾਣਾ ਵਿਖੇ ਗੁਰਜੀਤ ਸਿੰਘ ਨੇ 550 ਦਿਨਾਂ ਤੋ ਵੱਧ ਸਮਾਂ ਹੋ ਗਿਆ ਹੈ ਇਕ ਉੱਚੇ ਟਾਵਰ ਉਤੇ ਲਗਾਤਾਰ ਧਰਨਾ ਲਾਇਆ ਅਤੇ ਹੁਣ ਕੌਮ ਨੂੰ ਮੋਰਚਾ ਲਾਉਣਾ ਪਿਆ ਹੈ ਕਿ ਸਰਕਾਰ ਲਿਵਿੰਗ ਗੁਰੂ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਵਾਸਤੇ ਕਾਨੂੰਨ ਬਣਾਵੇ ਜਿਸ ਤਹਿਤ ਬੇਅਦਬੀ ਦੇ ਕੇਸ ਛੇਤੀ ਸੁਣਵਾਈ ਕਰਦਿਆਂ ਸਖ਼ਤ ਸਜ਼ਾਵਾਂ ਦਾ ਵਿਧਾਨ ਹੋਵੇ।

ਪੰਜਾਬ ਦੇ ਜੁਝਾਰੂ ਲੋਕ ਨਿੱਤ ਨਵੇਂ ਸਰਕਾਰੀ ਜੁਲਮ ਵਿਰੁੱਧ ਜੂਝਦਿਆਂ ਅਣਥੱਕ ਮਿਹਨਤ ਕਰ ਰਹੇ ਪ੍ਰਤੀਤ ਹੁੰਦੇ ਹਨ। ਇਸਦੀ ਉਦਾਹਰਣ ਬੰਦੀ ਸਿੰਘਾ ਦੀ ਰਿਹਾਈ ਨੂੰ ਮੁਖਾਤਿਬ ਕੌਮੀ ਇਨਸਾਫ਼ ਮੋਰਚਾ ਮੋਹਾਲੀ, ਗੁਰੂ ਗਰੰਥ ਸਾਹਿਬ ਮੋਰਚਾ ਸਮਾਣਾ, ਰਣਜੀਤ ਸਿੰਘ ਦਾ ਪੁਲਿਸ ਵਲੋਂ ਝੂਠੇ ਮੁਕਾਬਲੇ ਵਿੱਚ ਕਤਲ ਅਤੇ ਇਸ ਵਿਰੁੱਧ ਉਠਿਆ ਲੋਕ ਰੋਹ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਿਦਿਆਰਥੀਆਂ ਵਲੋਂ ਆਰਐਸਐਸ ਦੀਆਂ ਗਤੀਵਿਧੀਆਂ ਦਾ ਵਿਰੋਧ ਅਤੇ ਵਿਆਪਕ ਲੋਕ ਰੋਹ ਖੜਾ ਕਰਨਾ। ਇਹ ਸਾਰੇ ਸੰਘਰਸ਼ ਕੌਮ ਦੀ ਜਾਗਦੀ ਚੇਤੰਨਤਾ ਦਾ ਸਬੂਤ ਹੈ। ਅਸੀਂ ਇਨਾ ਚਲ ਰਹੇ ਸਾਰੇ ਮੋਰਚਾ ਰੂਪ ਸੰਘਰਸ਼ਾਂ ਦੀ ਦਿਲੋਂ ਹਮਾਇਤ ਕਰਦਿਆਂ ਹਰ ਸੰਭਵ ਮਦਦ ਕਰਨ ਲਈ ਵੀ ਵਚਨਬੱਧ ਹਾਂ।”

ਸਿੱਖ ਆਗੂਆਂ ਨੇ ਸਮੁੱਚੇ ਰੂਪ ਵਿੱਚ ਕਿਹਾ ਕਿ, “ਜਿਸ ਤਰ੍ਹਾਂ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਕੌਮੀ ਇਨਸਾਫ਼ ਮੋਰਚੇ ਮੌਕੇ ਤੇ ਸਦਾ ਆਪਣੇ ਸੰਦੇਸ਼ ਰਾਹੀਂ ਕੌਮ ਨੂੰ ਇਕਜੁੱਟ ਹੋ ਕੇ ਇੱਕ ਵੱਡੇ ਸਾਂਝੇ ਮੋਰਚੇ ਰਾਹੀਂ ਸਾਰੇ ਕੌਮੀ ਮਸਲਿਆਂ ਦੇ ਹੱਲ ਲਈ ਸੰਘਰਸ਼ਸ਼ੀਲ ਹੋਣ ਦਾ ਸੁਨੇਹਾ ਦਿੱਤਾ ਜਾਂਦਾ ਹੈ, ਪੰਜਾਬ ਵਿੱਚ ਸੰਘਰਸ਼ ਕਰ ਰਹੀਆਂ ਸਮੂਹ ਧਿਰਾਂ ਨੂੰ ਉਸ ਪਾਸੇ ਵੱਲ ਧਿਆਨ ਕਰਕੇ ਕੌਮੀ ਕਾਰਜਾਂ ਦੇ ਹੱਲ ਵੱਲ ਵੀ ਚੱਲਣਾ ਚਾਹੀਦਾ ਹੈ।”

ਸਿੱਖ ਆਗੂਆਂ ਨੇ ਡਾਇਸਪੋਰਾ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕਾਂ ਵੱਲੋ ਸਾਂਝੇ ਤੌਰ ‘ਤੇ ਇੱਕ ਵਕੀਲਾਂ ਦੀ ਟੀਮ ਦਾ ਗਠਨ ਕਰਨ ਬਾਰੇ ਵਿਚਾਰ ਕਰਕੇ ਰਣਨੀਤੀ ਨੂੰ ਅੱਗੇ ਵਧਾਉਣ ਲਈ ਸਮਾਂਬੱਧ ਪ੍ਰੋਗਰਾਮ ਬਣਾਇਆ ਜਿਸ ਨਾਲ ਕਿ ਪੁਲਿਸ ਜਾਂ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਸਿੱਖ ਨੌਜਵਾਨਾਂ ਅਤੇ ਜੇਲ੍ਹਾਂ ਵਿੱਚ ਬੰਦ ਸਿੰਘਾਂ ਨੂੰ ਲੀਗਲ ਤਰੀਕੇ ਨਾਲ ਮੱਦਦ ਮੁਹੱਈਆ ਕਰਵਾਈ ਜਾ ਸਕੇ।

ਡਾਇਸਪੋਰਾ ਜਥੇਬੰਦੀਆਂ ਨੇ ਪੰਜਾਬ ਦੇ ਹਿੱਤੂ ਲੋਕਾਂ ਅਤੇ ਨੌਜਵਾਨਾਂ ਨੂੰ ਖਾਸ ਕਰਕੇ ਕਿਹਾ ਕਿ, “ਉਹ ਗੁਰੂਆਂ ਦੀ ਇਸ ਧਰਤੀ ਨੂੰ ਹਮੇਸ਼ਾ ਦੀ ਤਰ੍ਹਾਂ ਬਾਹਰੀ ਹਮਲਾਵਰਾਂ ਤੋਂ ਬਚਾਉਣ ਵਾਲਿਆਂ ਦੇ ਵਾਰਸ ਹਨ ਤੇ ਹੁਣ ਵੀ ਹਾਕਮਾਂ ਵੱਲੋਂ ਪੰਜਾਬ ਨੂੰ ਇੱਕ ਬਸਤੀ ਬਣਾ ਕੇ ਲੁੱਟਣ ਦੇ ਮਨਸੂਬਿਆਂ ਵਿੱਚ ਕਾਮਯਾਬ ਹੋਣ ਤੋਂ ਰੋਕਣ ਲਈ ਕਮਰਕੱਸੇ ਕਰਕੇ ਜਰੂਰ ਰੱਖਣ। ਸਤਿਗੁਰਾਂ ਦੀ ਕਿਰਪਾ ਨਾਲ ਪੰਥ ਅਤੇ ਪੰਜਾਬ ਸਦਾ ਚੜ੍ਹਦੀ ਕਲਾ ਵਿੱਚ ਰਹੇਗਾ।”

ਇਸ ਕਾਨਫਰੰਸ ਵਿੱਚ ਸ਼ਾਮਲ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਵਿੱਚ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ-ਕੋਸਟ, ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਕਾਕਸ ਕਮੇਟੀ, ਸਿੱਖ ਯੂਥ ਆਫ ਅਮਰੀਕਾ, ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ, ਗੁਰਦੁਆਰਾ ਸਿੱਖ ਸੈਂਟਰ ਆਫ ਨਿਊਯਾਰਕ ਇੰਕ, ਸਿੱਖ ਗੁਰਦੁਆਰਾ ਆਫ ਪਾਈਨਹਿਲ, ਸ਼੍ਰੀ ਗੁਰੂ ਸਿੰਘ ਸਭਾ ਨਿਊਜਰਸੀ, ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ, ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਅਤੇ ਹੋਰ ਬਹੁਤ ਸਾਰੇ ਨੁਮਾਇੰਦੇ ਅਤੇ ਸੰਗਤਾਂ ਸ਼ਾਮਲ ਸਨ।

Related posts

ਜੀਨਸ ਅਤੇ ਟੀ-ਸ਼ਰਟਾਂ ਪਾਉਣ ‘ਤੇ ਪਾਬੰਦੀ : ਪੰਜਾਬ ਦੇ ਗੁਆਂਢੀ ਸੂਬੇ ਵਲੋਂ ਮੁਲਾਜ਼ਮ ਨੂੰ ਹੁਕਮ

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’