ਅਮਰੀਕਾ ਤੋਂ ਆਈ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਮਾਤਾ ਨੂੰ 30 ਸਾਲਾਂ ਤੋਂ ਜੇਲ੍ਹ ‘ਚ ਬੰਦ ਆਪਣੇ ਪੁੱਤਰ ਦੇ ਬਾਹਰ ਆਉਣ ਦਾ ਇੰਤਜ਼ਾਰ !

ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਿਆ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦਾ ਇੱਕ ਵਫਦ ਮੁਹੰਮਦ ਜਮੀਲ ਐਡਵੋਕੇਟ ਅਤੇ ਡਾ. ਮੇਹਰਦੀਨ ਦੀ ਅਗਵਾਈ ‘ਚ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਮਾਤਾ ਦੀ ਖਬਰਗੀਰੀ ਲਈ ਉਹਨਾਂ ਦੇ ਜੱਦੀ ਪਿੰਡ ਹਵਾਰਾ ਕਲਾਂ ਪੁੱਜਾ।

ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦਾ ਇੱਕ ਵਫਦ ਭਾਈਚਾਰਕ ਸਾਂਝ ਦੇ ਸੁਨੇਹਾ ਦਿੰਦਿਆ ਮੁਹੰਮਦ ਜਮੀਲ ਐਡਵੋਕੇਟ ਅਤੇ ਡਾ. ਮੇਹਰਦੀਨ ਦੀ ਅਗਵਾਈ ‘ਚ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਮਾਤਾ ਜੀ ਦੀ ਖਬਰਗੀਰੀ ਲਈ ਉਹਨਾਂ ਦੇ ਜੱਦੀ ਪਿੰਡ ਹਵਾਰਾ ਕਲਾਂ ਪੁੱਜਾ। ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ, “ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ ਪਿਛਲੇ 30 ਸਾਲਾਂ ਤੋਂ ਜੇਲ੍ਹ ‘ਚ ਬੰਦ ਹਨ। ਅਦਾਲਤਾਂ ਵਿੱਚ ਉਹਨਾਂ ਨੂੰ ਸਾਰੇ ਕੇਸਾਂ ਵਿੱਚੋਂ ਬਰੀ ਕਰ ਦਿਤਾ ਗਿਆ ਹੈ। ਐਨੇ ਲੰਬੇ ਅਰਸੇ ਵਿੱਚ ਜਥੇਦਾਰ ਹਵਾਰਾ ਨੂੰ ਇੱਕ ਵਾਰ ਵੀ ਪੈਰੋਲ ਨਹੀਂ ਦਿਤੀ ਗਈ ਜੋ ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੈ।

ਇਸ ਸਬੰਧੀ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਲਈ ਸੈਂਕੜੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਮੁਸਲਿਮ ਭਾਈਚਾਰੇ ਵੱਲੋਂ ਮਤੇ ਪਾਕੇ ਦਿੱਲੀ ਸਰਕਾਰ ਅਤੇ ਮਾਣਯੋਗ ਅਦਾਲਤ ਨੂੰ ਦਿਤੇ ਗਏ ਹਨ ਕਿ ਉਹਨਾਂ ਦੇ ਪੰਜਾਬ ‘ਚ ਪੈਰੋਲ ਤੇ ਆਉਣ ਨਾਲ ਕੋਈ ਅਮਨ ਕਾਨੂੰਨ ਨੂੂੰ ਖਤਰਾ ਨਹੀਂ ਹੋਵੇਗਾ। ਐਡਵੋਕੇਟ ਮੁਹੰਮਦ ਜਮੀਲ ਨੇ ਕਿਹਾ ਕਿ ਮਨੁੱਖੀ ਅਧਿਕਾਰ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੇ ਵੀ ਹੁੰਦੇ ਹਨ ਜਿਸਨੂੰ ਸਰਕਾਰਾਂ ਅਣਗੌਲਿਆ ਕਰ ਰਹੀਆਂ ਨੇ। ਜਥੇਦਾਰ ਹਵਾਰਾ ਦੇ ਮਾਤਾ ਜੀ ਬਹੁਤ ਬਿਰਧ ਹਾਲਤ ਵਿੱਚ ਅਮਰੀਕਾ ਤੋਂ ਭਾਰਤ ਆਏ ਹਨ ਕਿ ਆਪਣੇ ਜੀਵਨ ਦੇ ਆਖਰੀ ਦਿਨਾਂ ਵਿੱਚ ਆਪਣੇ ਪੁੱਤਰ ਨਾਲ ਕੁਝ ਸਮਾਂ ਬਿਤਾਅ ਸਕਣ ਪਰੰਤੂ ਅਦਾਲਤਾਂ ਅਤੇ ਸਰਕਾਰਾਂ ਲਗਾਤਾਰ ਉਹਨਾਂ ਨੂੰ ਪੈਰੋਲ ਦੇਣ ਵਿੱਚ ਆਨਾਕਾਨੀ ਕਰ ਰਹੀਆਂ ਹਨ ਜਦੋਂਕਿ ਇੱਕ ਮਾਮੂਲੀ ਪੱਤਰਕਾਰ ਲਈ ਸੁਪਰੀਮ ਕੋਰਟ ਸੂਮੋਟੋ ਲੈ ਕੇ ਰਾਤ ਨੂੰ ਹੁਕਮ ਜਾਰੀ ਕਰ ਦਿੰਦੀ ਹੈ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਿਲਾਂ ਨੂੰ ਵੀ ਉਮਰ ਕੈਦ ਦੀ ਸਜ਼ਾ ਹੋਈ ਸੀ ਪਰੰਤੂ ਉਹਨਾਂ ਨੂੰ ਕੁੱਝ ਕੁ ਸਾਲ ਬਾਅਦ ਹੀ ਪੱਕੀ ਰਿਹਾਈ ਦੇ ਦਿਤੀ ਗਈ, ਜਦੋਂ ਕਿ ਬੇਅੰਤ ਸਿੰਘ ਕਤਲ ਦੇ ਦੋਸ਼ੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਵੀ 32-32 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ। ਕੁੱਝ ਕੁ ਨੂੰ ਛੱਡਕੇ ਉਹਨਾਂ ਨੂੰ ਪੈਰੋਲ ਵੀ ਨਹੀਂ ਦਿੱਤੀ ਜਾਂਦੀ ਜੋ ਬਹੁਤ ਹੀ ਮੰਦਭਾਗਾ ਅਤੇ ਨਿੰਦਣਯੋਗ ਹੈ। ਉਹਨਾਂ ਪ੍ਰੈਸ ਦੇ ਮਾਧਿਅਮ ਰਾਹੀਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਕਿ ਜੱਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਤੁਰੰਤ ਪੈਰੋਲ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਬਿਰਧ ਮਾਤਾ ਜੀ ਨੂੰ ਮਿਲ ਸਕਣ ਅਤੇ ਸਿੱਖ ਕੌਮ ਦੇ ਰਿਸਦੇ ਜ਼ਖਮਾਂ ਉੱਤੇ ਮੱਲ੍ਹਮ ਲਗਾਈ ਜਾ ਸਕੇ।

ਮੁਸਲਿਮ ਭਾਈਚਾਰੇ ਵੱਲੋਂ ਮਤਾ ਪਾਸ ਕਰਕੇ ਜੱਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਲਈ ਦਿੱਲੀ ਦੀ ਮੁੱਖ-ਮੰਤਰੀ ਨੂੰ ਲਿਖਕੇ ਪੱਤਰ ਦੀ ਕਾਪੀ:

ਅੱਜਰੋਜ਼ ਮਿਤੀ: 27-10-2025 ਨੂੰ ਹਾਅ ਦਾ ਨਾਅਰਾ ਦੀ ਧਰਤੀ ਮਲੇਰਕੋਟਲਾ ਵਿਖੇ ਮੁਸਲਿਮ ਭਾਈਚਾਰੇ ਦੇ ਧਾਰਮਿਕ ਆਗੂਆਂ ਅਤੇ ਮੋਹਤਬਰਾਂ ਦੀ ਇਕੱਤਰਤਾ ਮੁਹੰੰਮਦ ਜਮੀਲ ਐਡਵੋਕੇਟ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਵੱਡੀ ਗਿਣਤੀ ‘ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਇਸ ਵਿਸ਼ੇ ‘ਤੇ ਚਰਚਾ ਕੀਤੀ ਗਈ ਕਿ ਮੁਸਲਿਮ-ਸਿੱਖ ਸਾਂਝਾਂ ਸਦੀਆਂ ਤੋਂ ਚੱਲੀਆਂ ਆ ਰਹੀਆਂ ਨੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ ਇਸ ਸਾਂਝ ਦੀ ਮਿਸਾਲ ਹਨ। ਸ੍ਰੀ ਗੁਰੁ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਲਈ ਮਲੇਰਕੋਟਲਾ ਦੀ ਧਰਤੀ ਤੋਂ ਹੀ ‘ਹਾਅ ਦਾ ਨਾਅਰਾ’ ਮਾਰਿਆ ਗਿਆ ਸੀ। ਭਾਈ ਨਬੀ ਖਾਂ ਅਤੇ ਗਨੀ ਖਾਂ ਗੁਰੁ ਸਾਹਿਬ ਦੇ ਸਾਥੀ ਰਹੇ। ਸਿੱਖਾਂ ਦੇ ਸਰਵ ਉੱਚ ਸਥਾਨ ਸ੍ਰੀ ਹਰਮਿੰਦਰ ਸਾਹਿਬ ਦਾ ਨੀਂਹ ਪੱਥਰ ਇੱਕ ਮੁਸਲਿਮ ਸਾਂਈ ਮੀਆਂ ਮੀਰ ਤੋਂ ਰੱਖਵਾਇਆ ਗਿਆ।

ਇਸ ਮੌਕੇ ਮੁਸਲਿਮ ਭਾਈਚਾਰੇ ਦੇ ਧਾਰਮਿਕ ਆਗੂਆਂ ਅਤੇ ਮੋਹਤਬਰਾਂ ਵਲੋਂ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਬੰਦ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਲਈ ਦਿੱਲੀ ਦੀ ਮੁੱਖ-ਮੰਤਰੀ ਨੂੰ ਪੱਤਰ ਲਿਖਿਆ ਜਾਵੇ । ਜ਼ਿਕਰਯੋਗ ਹੈ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਜੋ 85 ਸਾਲ ਦੀ ਬਿਰਧ ਅਵਸਥਾ ਵਿੱਚ ਹਨ, ਅਮਰੀਕਾ ਤੋਂ ਉਹਨਾਂ ਨੂੰ ਮਿਲਣ ਲਈ ਆਏ ਹਨ ਤਾਂ ਜੋ ਜ਼ਿੰਦਗੀ ਦੇ ਆਖਰੀ ਸਮੇਂ ਵਿੱਚ ਕੁੱਝ ਸਮਾਂ ਆਪਣੇ ਪੱੁਤਰ ਨਾਲ ਬਿਤਾਅ ਸਕਣ। ਇਸ ਪੱਤਰ ਰਾਹੀਂ ਪੰਜਾਬ ਦੇ ਮੁਸਲਿਮ ਭਾਈਚਾਰੇ ਵੱਲੋਂ ਸਰਕਾਰ ਨੂੰ ਇਹ ਭਰੋਸਾ ਦਿਲਵਾਇਆ ਜਾਂਦਾ ਹੈ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਪੈਰੋਲ ‘ਤੇ ਆਉਣ ਨਾਲ ਸੂਬੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਮਾਹੌਲ ਖਰਾਬ ਨਹੀਂ ਹੋਵੇਗਾ।

Related posts

ਪੰਜਾਬ ਸਰਕਾਰ ਕਰੇਗੀ ‘ਪੰਜਾਬ ਕ੍ਰਿਕਟ ਲੀਗ’ ਦੀ ਸ਼ੁਰੂਆਤ

ਕੈਨੇਡਾ ਦੇ ਇੱਕ ਗੁਰਦੁਆਰਾ ਪ੍ਰਬੰਧਕਾਂ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੇ ਹੁਕਮ !

ਪੰਜਾਬ ਐਸ.ਸੀ. ਕਮਿਸ਼ਨ ਨੇ ਵਿਵਾਦਤ ਟਿੱਪਣੀ ‘ਤੇ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਕੀਤਾ ਤਲਬ