ਅਮਰੀਕਾ ਦੀ ਯੂਨੀਵਰਸਿਟੀ ’ਚ ਕਿਰਪਾਨ ਰੱਖਣ ’ਤੇ ਸਿੱਖ ਵਿਦਿਆਰਥੀ ਗ੍ਰਿਫ਼ਤਾਰ

ਉੱਤਰੀ ਕੈਰੋਲੀਨਾ – ਅਮਰੀਕਾ ਦੀ ਨਾਰਥ ਕੈਰੋਲੀਨਾ ਯੂਨੀਵਰਸਿਟੀ ’ਚ ਇਕ ਸਿੱਖ ਵਿਦਿਆਰਥੀ ਨਾਲ ਉਥੋਂ ਦੀ ਪੁਲਿਸ ਵੱਲੋਂ ਦੁਰਵਿਹਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਕਿਰਪਾਨ ਰੱਖਣ ਨਾਲ ਸਬੰਧਤ ਹੈ। ਭਾਜਪਾ ਆਗੂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਘਟਨਾ ਦਾ ਵੀਡੀਓ ਸਾਂਝਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉੱਤਰੀ ਕੈਰੋਲੀਨਾ ਯੂਨੀਵਰਸਿਟੀ ’ਚ ਇਕ ਸਿੱਖ ਵਿਦਿਆਰਥੀ ਨੂੰ ਪੰਜ ਸਿੱਖ ਕਕਾਰਾਂ ਦੇ ਅਭਿੰਨ ਅੰਗਾਂ ਵਿਚੋਂ ਇਕ ਕਿਰਪਾਨ ਰੱਖਣ ਲਈ ਯੂਨੀਵਰਸਿਟੀ ’ਚ ਹਿਰਾਸਤ ’ਚ ਲਿਆ ਗਿਆ ਸੀ।
ਵੀਡੀਓ ਮੁਤਾਬਕ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਨਾਰਥ ਕੈਰੋਲੀਨਾ ਯੂਨੀਵਰਸਿਟੀ ’ਚ ਆਪਣੇ ਕਕਾਰਾਂ ਅਨੁਸਾਰ ਕਿਰਪਾਨ ਪਾ ਕੇ ਪਹੁੰਚਿਆ ਸੀ ਪਰ ਉਥੇ ਉਸ ਨੂੰ ਕਿਰਪਾਨ ਲਾਹੁਣ ਲਈ ਕਿਹਾ ਗਿਆ। ਇਸ ’ਤੇ ਸਿੱਖ ਨੌਜਵਾਨ ਨੇ ਉਥੇ ਮੌਜੂਦ ਪੁਲਿਸ ਅਫਸਰ ਨੂੰ ਦੱਸਿਆ ਕਿ ਇਹ ਉਸ ਦੇ ਧਰਮ ਦੀ ਨਿਸ਼ਾਨੀ ਹੈ, ਇਸ ਲਈ ਉਹ ਇਸ ਨੂੰ ਲਾਹ ਨਹੀਂ ਸਕਦਾ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਸਿੱਖ ਵਿਦਿਆਰਥੀ ਦੀ ਕਿਰਪਾਨ ਨੂੰ ਖੁਦ ਹੀ ਲਾਹੁਣ ਦੀ ਕੋਸ਼ਿਸ਼ ਕਰਦਾ ਦਿਸ ਰਿਹਾ ਹੈ। ਸਿੱਖ ਨੌਜਵਾਨ ਨੇ ਬੇਨਤੀ ਵੀ ਕੀਤੀ ਕਿ ਇਸ ਨੂੰ ਹੱਥ ਨਾ ਲਗਾਓ, ਧਰਮ ਨਾਲ ਜੁਡ਼ਿਆ ਮਾਮਲਾ ਹੈ ਪਰ ਪੁਲਿਸ ਅਫਸਰ ਨੇ ਕਿਹਾ ਕਿ ਕਿਰਪਾਨ ਲਾਹੋ, ਵਰਨਾ ਤੁਹਾਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਸਿੱਖ ਨੌਜਵਾਨ ਆਪਣੇ ਹੱਥ ਪਿੱਛੇ ਵੱਲ ਕਰ ਲੈਂਦਾ ਹੈ। ਉਪਰੰਤ ਪੁਲਿਸ ਅਫਸਰ ਸਿੱਖ ਵਿਦਿਆਰਥੀ ਨੂੰ ਹੱਥਕਡ਼ੀ ਲਗਾ ਕੇ ਆਪਣੇ ਨਾਲ ਲੈ ਜਾਂਦਾ ਹੈ।
ਸਿਰਸਾ ਨੇ ਕਿਹਾ ਕਿ ਮਾਮਲੇ ਸਬੰਧੀ ਵਿਦੇਸ਼ ਮੰਤਰਾਲੇ ਨੂੰ ਜਾਣੰੂ ਕਰਵਾ ਦਿੱਤਾ ਗਿਆ ਹੈ। ਵਿਦਿਆਰਥੀ ਨੂੰ ਤੁਰੰਤ ਪ੍ਰਭਾਵ ਨਾਲ ਪੁਲਿਸ ਤੋਂ ਛੁਡਵਾਉਣ ਦੀ ਮੰਗ ਕੀਤੀ ਗਈ ਹੈ। ਨਾਲ ਹੀ ਯੂਨੀਵਰਸਿਟੀ ਪ੍ਰਬੰਧਕਾਂ ਅਤੇ ਪੁਲਿਸ ਤੋਂ ਇਸ ਨਿਖੇਧੀਯੋਗ ਘਟਨਾ ਲਈ ਮਾਫ਼ੀ ਮੰਗਣ ਦੀ ਮੰਗ ਵੀ ਕੀਤੀ ਹੈ।
ਓਧਰ ਦੇਸ਼-ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਨੇ ਵੀ ਘਟਨਾ ਦਾ ਸਖ਼ਤ ਇਤਰਾਜ਼ ਜ਼ਾਹਰ ਕੀਤਾ ਹੈ।

Related posts

ਇਟਲੀ ‘ਚ 2 ਸਿੱਖਾਂ ਦੇ ਕਤਲ ਤੋਂ ਬਾਅਦ ਵਿਸਾਖੀ ਸਬੰਧੀ ਨਗਰ ਕੀਰਤਨ ਪ੍ਰੋਗ੍ਰਾਮ ਰੱਦ !

ਬਿਨਾਂ ਪਰਮਿਟ ਹੱਜ ਕਰਨ ‘ਤੇ 25 ਲੱਖ ਰੁਪਏ ਜੁਰਮਾਨਾ ਹੋ ਸਕਦਾ !

ਈਰਾਨ ਨੇ ਅਮਰੀਕਾ ਉਪਰ ਯੁੱਧ ਨੂੰ ਭੜਕਾਉਣ ਦਾ ਦੋਸ਼ ਲਗਾਇਆ