ਹੁਸ਼ਿਆਰਪੁਰ – ਦਿੱਲੀ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਹੁਸ਼ਿਆਰਪੁਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਗਏ ‘ਐੱਸਸੀ ਭਾਈਚਾਰੇ ਨਾਲ ਕੇਜਰੀਵਾਲ ਦੀ ਗੱਲਬਾਤ’ ਨਾਮਕ ਸਮਾਗਮ ਵਿੱਚ ਐੱਸ ਸੀ ਭਾਈਚਾਰੇ ਨੂੰ ਲੁਭਾਉਣੇ ਐਲਾਨਾਂ ਦੇ ਨਾਲ ਨਿਹਾਲ ਕਰ ਦਿੱਤਾ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਐੱਸ ਸੀ ਭਾਈਚਾਰੇ ਦੇ ਬੱਚਿਆਂ ਨੂੰ ਪੜ੍ਹਾਈ ਲਈ 3 ਨਵੀਆਂ ਗਰੰਟੀਆਂ ਦਾ ਐਲਾਨ ਕੀਤਾ। ਹੁਸ਼ਿਆਰਪੁਰ ਦੇ ਟਾਂਡਾ ਰੋਡ ਸਥਿਤ ਵਿੰਡਸਰ ਪੈਲੇਸ ਵਿਖੇ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਨ ਲਈ ਪਹੁੰਚੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕੁੱਲ ਮਿਲਾ ਕੇ ਪੰਜ ਗਾਰੰਟੀਆਂ ਦਾ ਜ਼ਕਿਰ ਕੀਤਾ। ਐੱਸ ਸੀ ਭਾਈਚਾਰੇ ਦੀ ਪਹਿਲੀ ਗਾਰੰਟੀ ਦਿੰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬੱਚਿਆਂ ਦੀ ਸਾਰੀ ਪੜ੍ਹਾਈ ਮੁਫ਼ਤ ਹੋਵੇਗੀ। ਦੂਜੀ ਗਾਰੰਟੀ ਬਾਰੇ ਉਨਾਂ੍ਹ ਕਿਹਾ ਕਿ ਐੱਸਸੀ ਭਾਈਚਾਰੇ ਦੇ ਬੱਚਿਆਂ ਨੂੰ ਮੁਕਾਬਲੇ ਦੇ ਇਮਤਿਹਾਨਾਂ ਲਈ ਕੋਚਿੰਗ ਦਾ ਸਾਰਾ ਖਰਚਾ ਵੀ ਪੰਜਾਬ ਸਰਕਾਰ ਅਦਾ ਕਰੇਗੀ। ਤੀਸਰੀ ਗਾਰੰਟੀ ਦਾ ਜ਼ਿਕਰ ਕਰਦਿਆਂ ‘ਆਪ’ ਸੁਪਰੀਮੋ ਨੇ ਕਿਹਾ ਕਿ ਜਿਹੜੇ ਬੱਚੇ ਉਚੇਰੀ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦੇ ਨੇ ਉਨਾਂ੍ਹ ਦੇ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦਾ ਖਰਚਾ ਸਾਡੀ ਪੰਜਾਬ ਸਰਕਾਰ ਅਦਾ ਕਰੇਗੀ। ਚੌਥੀ ਗਾਰੰਟੀ ਦਿੰਦਿਆਂ ਉਨਾਂ੍ਹ ਕਿਹਾ ਕਿ ਭਾਈਚਾਰੇ ਦੇ ਹਰ ਇਕ ਮੈਂਬਰ ਦੀ ਬਿਮਾਰੀ ਦਾ ਸਾਰਾ ਖਰਚਾ ਪੰਜਾਬ ਸਰਕਾਰ ਅਦਾ ਕਰੇਗੀ। ਪੰਜਵੀਂ ਗਾਰੰਟੀ ਵਜੋਂ 18 ਸਾਲ ਤੋਂ ਉੱਪਰ ਦੀ ਹਰ ਮਹਿਲਾ ਦੇ ਅਕਾਉਂਟ ਵਿੱਚ ਇੱਕ ਹਜ਼ਾਰ ਰੁਪਏ ਪਾਉਣ ਦਾ ਵੀ ਜ਼ਿਕਰ ਕੀਤਾ ਗਿਆ। ਇਸ ਮੌਕੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਦੀ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉਨਾਂ੍ਹ ਕਿਹਾ ਕਿ ਸੰਵਿਧਾਨ ਦੇ ਨਿਰਮਾਤਾ ਡਾ ਬੀ ਆਰ ਅੰਬੇਡਕਰ ਬਾਬਾ ਸਾਹਿਬ ਦੇ ਸੁਪਨਿਆਂ ਦਾ ਸਮਾਜ 75 ਸਾਲ ਬਾਅਦ ਵੀ ਅਜੇ ਤਕ ਸਿਰਜਿਆ ਨਹੀਂ ਗਿਆ ਉਨਾਂ੍ਹ ਦਾ ਇਹ ਸੁਪਨਾ ਪੂਰਾ ਕਰਨ ਦਾ ਵੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਲੋਕਾਂ ਦੇ ਭਰਵੇਂ ਇੱਕਠ ਵਿੱਚ ਅਹਿਦ ਲਿਆ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਉਨਾਂ੍ਹ ਸਿੱਖਿਆ ਅਤੇ ਸਿਹਤ ਨੂੰ ਆਪਣੀ ਪ੍ਰਮੁੱਖ ਏਜੰਡੇ ਦੱਸਿਆ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਆਪਣੇ ਸੰਬੋਧਨ ਵਿਚ ਚੰਨੀ ਸਰਕਾਰ ਵੱਲੋਂ ਕੀਤੇ ਜਾ ਰਹੇ ਨਿੱਤ ਦੇ ਐਲਾਨਾਂ ਨੂੰ ਚੋਣ ਸਟੰਟ ਕਹਿ ਕੇ ਭੰਡਿਆ।ਇਸ ਮੌਕੇ ਰਾਘਵ ਚੱਢਾ ਸਹਿ ਇੰਚਾਰਜ ਪੰਜਾਬ, ਸਤਵੰਤ ਸਿੰਘ ਸਿਆਣ ਸੂਬਾ ਜੁਆਇੰਟ ਸਕੱਤਰ ਬੁੱਧੀਜੀਵੀ ਸੈੱਲ,ਡਾ ਰਵਜੋਤ ਹਲਕਾ ਇੰਚਾਰਜ ਸ਼ਾਮ ਚੁਰਾਸੀ, ਬ੍ਹਮਸ਼ੰਕਰ ਜਿੰਪਾ ਹਲਕਾ ਇੰਚਾਰਜ ਹੁਸ਼ਿਆਰਪੁਰ,ਜਸਵੀਰ ਰਾਜਾ ਹਲਕਾ ਇੰਚਾਰਜ ਟਾਂਡਾ,ਹਰਮਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਚੱਬੇਵਾਲ, ਕਰਮਵੀਰ ਸਿੰਘ ਘੁੰਮਣ ਹਲਕਾ ਇੰਚਾਰਜ ਦਸੂਹਾ ਸਮੇਤ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਪੈਂਦੇ ਸੱਤ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਤੇ ਹੋਰ ਅਹੁਦੇਦਾਰ ਮੌਜੂਦ ਸਨ।
ਹਮੇਸ਼ਾ ਵਾਂਗ ਇਸ ਵਾਰ ਵੀ ਆਮ ਆਦਮੀ ਪਾਰਟੀ ਦੀ ਰੈਲੀ ਨੂੰ ਕਵਰੇਜ ਕਰਨ ਗਏ ਪੱਤਰਕਾਰਾਂ ਦੇ ਨਾਲ ਪ੍ਰਬੰਧਕਾਂ ਅਤੇ ਵਲੰਟੀਅਰਾਂ ਨੇ ਮਾੜਾ ਵਰਤਾਓ ਕੀਤਾ।ਸਟੇਜ ਦੇ ਸਾਹਮਣੇ ਕਵਰੇਜ ਕਰ ਰਹੇ ਪਿੰ੍ਟ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਨਾਲ ਸਬੰਧਿਤ ਪੱਤਰਕਾਰਾਂ ਨੂੰ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਪਿੱਛੇ ਹਟਣ ਲਈ ਕਹਿਣਾ ਸ਼ੁਰੂ ਕਰ ਦਿੱਤਾ।ਜਿਸ ਦੀ ਪ੍ਰਰੈੱਸ ਗੈਲਰੀ ਸਬੰਧੀ ਪੁੱਛੇ ਜਾਣ ਤੇ ਵਲੰਟੀਅਰਾਂ ਨੇ ਕਿਹਾ ਕਿ ਪੱਤਰਕਾਰਾਂ ਨੇ ਬੁਲਾਇਆ ਹੀ ਨਹੀਂ ਗਿਆ ਸੀ।ਇਸ ਤੋਂ ਪਹਿਲਾਂ ਪੱਤਰਕਾਰਾਂ ਨੂੰ ਪੀਡਬਲਿਊਡੀ ਰੈਸਟ ਹਾਊਸ ਵਿੱਚ ਪ੍ਰਰੈੱਸ ਕਾਨਫਰੰਸ ਲਈ ਦੱਸਿਆ ਗਿਆ ਜਦੋਂ ਪੱਤਰਕਾਰ ਉੱਥੇ ਪਹੁੰਚੇ ਤਾਂ ਪਤਾ ਲਗਾ ਕਿ ਅਰਵਿੰਦ ਕੇਜਰੀਵਾਲ ਟਾਂਡਾ ਰੋਡ ਸਥਿਤ ਵਿੰਡਸਰ ਪੈਲੇਸ ਵਿਖੇ ਪਹੁੰਚ ਚੁੱਕੇ ਹਨ ਜਿੱਥੇ ਉਨਾਂ੍ਹ ਨੂੰ ਫਿਰ ਦੌੜ ਭਜਾਈ ਦਰਮਿਆਨ ਵਿੰਡਸਰ ਪੈਲੇਸ ਵਿੱਚ ਪੁੱਜਣਾ ਪਿਆ।
ਇਸ ਦੌਰਾਨ ਲਗਾਤਾਰ 16ਵੇਂ ਦਿਨ ਵਿੱਚ ਦਾਖਲ ਹੋਈ ਸਿਹਤ ਵਿਭਾਗ ਵਿੱਚ ਐੱਨਐੱਚਐੱਮ ਅਧੀਨ ਕੰਮ ਕਰ ਰਹੇ ਸਿਹਤ ਕਰਮਚਾਰੀਆਂ ਦੀ ਚੱਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਨੂੰ ਅੱਗੇ ਤੋਰਦੇ ਹੋਏ ਕਰਮਚਾਰੀਆਂ ਵੱਲੋਂ ਦੋ ਘੰਟੇ ਲਈ ਪ੍ਰਭਾਤ ਚੌਕ ਵਿਖੇ ਚੱਕਾ ਜਾਮ ਕੀਤਾ ਗਿਆ। ਜਿਸ ਵਿੱਚ ਉਨਾਂ੍ਹ ਵੱਲੋ ਆਪਣੀਆਂ ਜ਼ਾਇਜ਼ ਮੰਗਾਂ ਨੂੰ ਲੈਕੇ ਪੰਜਾਬ ਸਰਕਾਰ ਵਿੱਰੁਧ ਰੋਸ ਜਤਾਇਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤਰਵਿੰਦਰ ਕੁਮਾਰ ਨੇ ਦੱਸਿਆ ਕਿ ਇਹ ਹੜਤਾਲ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਕਰਮਚਾਰੀਆਂ ਵੱਲੋਂ ਆਪਣੇ ਹੱਕਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ। ਉਨਾਂ੍ਹ ਕਿਹਾ ਕਿ ਕੋਵਿਡ ਮਹਾਂਮਾਰੀ ਵਿੱਚ ਇਨਾਂ੍ਹ ਕਰਮਚਾਰੀਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਮੁੱਚੀ ਮਾਨਵਤਾ ਦੀ ਸੇਵਾ ਕੀਤੀ ਅਤੇ ਹੁਣ ਵੀ ਕਰ ਰਹੇ ਹਨ, ਪਰ ਸਰਕਾਰ ਨੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਤੋਂ ਪੂਰੀ ਤਰਾਂ ਨਾਲ ਪਾਸਾ ਵੱਟ ਲਿਆ ਹੈ।
ਇਸੇ ਦੌਰਾਨ ਅਰਵਿੰਦ ਕੇਜਰੀਵਾਲ ਨੂੰ ਐੱਨਐੱਚਐੱਮ ਯੂਨੀਅਨ ਵੱਲੋਂ ਮੰਗ ਪੱਤਰ ਵੀ ਦਿੱਤਾ ਗਿਆ। ਉਨਾਂ ਦੱਸਿਆ ਕੇਜਰੀਵਾਲ ਨੇ ਉਨਾਂ੍ਹ ਨੂੰ ਭਰੋਸਾ ਦਿੱਤਾ ਕਿ ਉਨਾਂ੍ਹ ਦੀ ਸਰਕਾਰ ਆਉਣ ਤੇ ਸਿਹਤ ਵਿਭਾਗ ਵਿੱਚ ਐੱਨਐੱਚਐੱਮ ਦੇ ਮੁਲਾਜ਼ਮਾਂ ਨੂੰ ਪਹਿਲ ਤੇ ਅਧਾਰ ਤੇ ਪੱਕਾ ਕੀਤਾ ਜਾਵੇਗਾ। ਇਸ ਮੌਕੇ ਜਸਵੀਰ ਸਿੰਘ ਰਾਜਾ ਆਪ ਇੰਚਾਰਜ ਹਲਕਾ ਟਾਂਡਾ ਅਤੇ ਪੰਜਾਬ ਸਬਡੀਨੇਟ ਫਡਰੇਸ਼ਨ ਦੇ ਪ੍ਰਧਾਨ ਸਤੀਸ਼ ਰਾਣਾ ਵੱਲੋਂ ਯੂਨੀਅਨ ਹੁਸ਼ਿਆਰਪੁਰ ਨੂੰ ਸਮਰਥਨ ਦਿੱਤਾ ਗਿਆ।