ਅਸੰਭਵ ਕੁਝ ਵੀ ਨਹੀਂ : ਤਾਪਸੀ ਪੰਨੂ

ਫਿਲਮ ‘ਸਾਂਡ ਕੀ ਆਂਖ’ ਵਿੱਚ ਸ਼ੂਟਰ ਅਤੇ ‘ਰਸ਼ਮੀ ਰੈਕੇਟ’ ਵਿੱਚ ਐਥਲੀਟ ਦੀ ਭੂਮਿਕਾ ਨਿਭਾਉਣ ਦੇ ਬਾਅਦ ਤਾਪਸੀ ਪੰਨੂ ਫਿਲਮ ‘ਸ਼ਾਬਾਸ਼ ਮਿਤੂ’ ਵਿੱਚ ਕ੍ਰਿਕਟਰ ਦੇ ਕਿਰਦਾਰ ਵਿੱਚ ਆਏਗੀ। 1 ਇਹ ਫਿਲਮ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਦੀ ਬਾਇਓਪਿਕ ਹੈ। ਇਸ ਫਿਲਮ ਦੀਆਂ ਤਿਆਰੀਆਂ ਅਤੇ ਨਿੱਜੀ ਜੀਵਨ ਬਾਰੇ ਤਾਪਸੀ ਪੰਨੂ ਨੇ ਗੱਲਬਾਤ ਕੀਤੀ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
* ਇਸ ਫਿਲਮ ਲਈ ਤੁਸੀਂ ਕਾਫੀ ਕ੍ਰਿਕਟ ਖੇਡੀ, ਨਿੱਜੀ ਤੌਰ ਉੱਤੇ ਕ੍ਰਿਕਟ ਖੇਡਣ ਵਿੱਚ ਕਿੰਨੀ ਨਿਪੁੰਨ ਹੋ ਗਏ ਹੋ?
– ਮੈਂ ਇਸ ਫਿਲਮ ਲਈ ਛੇ ਮਹੀਨੇ ਕ੍ਰਿਕਟ ਦੀ ਟਰੇਨਿੰਗ ਲਈ, ਤਿੰਨ ਮਹੀਨੇ ਦੂਸਰਾ ਲਾਕਡਾਊਨ ਲੱਗਣ ਤੋਂ ਪਹਿਲਾਂ ਤੇ ਤਿੰਨ ਮਹੀਨੇ ਉਸ ਦੇ ਬਾਅਦ। ਮੈਨੂੰ ਅਜੇ ਸਿਰਫ ਬੈਟਿੰਗ ਆਉਂਦੀ ਹੈ, ਕਿਉਂਕਿ ਇਸ ਵਿੱਚ ਮੈਂ ਸਿਰਫ ਬੈਟਿੰਗ ਹੀ ਕਰਨੀ ਸੀ। ਇਸ ਵਿੱਚ ਮਿਤਾਲੀ ਦੇ ਬਚਪਨ ਤੋਂ ਸਾਲ 2017 ਤੱਕ ਦੀਆਂ ਚੀਜ਼ਾਂ ਦਿਖਾਈਆਂ ਹਨ, ਤਾਂ ਕ੍ਰਿਕਟਰ ਸਿਰਫ ਹਾਈਲਾਈਟਸ ਦੀ ਤਰ੍ਹਾਂ ਦਿੱਸੇਗਾ। ਸੈੱਟ ਉੱਤੇ ਫੁਰਸਤ ਮਿਲਣ ਉੱਤੇ ਅਕਸਰ ਮੇਰੇ ਕਰੂ ਮੈਂਬਰ ਕ੍ਰਿਕਟ ਖੇਡਦੇ ਸਨ, ਪ੍ਰੰਤੂ ਮੈਨੂੰ ਆਉਂਦਾ ਨਹੀਂ ਸੀ। ਇਸ ਫਿਲਮ ਦੇ ਬਾਅਦ ਮੈਂ ਦੋ ਹੋਰ ਫਿਲਮਾਂ ਸ਼ੂਟ ਕੀਤੀਆਂ ਹਨ ਅਤੇ ਦੋਵਾਂ ਦੇ ਸੈਟ ਉੱਤੇ ਖੂਬ ਕ੍ਰਿਕਟ ਖੇਡੀ। ਕਵਰ ਡਰਾਈਵ ਮੇਰਾ ਪਸੰਦੀਦਾ ਸ਼ਾਟ ਹੈ, ਜੋ ਮਿਤਾਲੀ ਦਾ ਵੀ ਪਸੰਦੀਦਾ ਹੈ।
* ਫਿਲਮ ਦੇ ਇੱਕ ਸੀਨ ਵਿੱਚ ਇੱਕ ਵਿਅਕਤੀ ਪੰਜ ਮਹਿਲਾ ਕ੍ਰਿਕਟਰਾਂ ਦੇ ਨਾਂਅ ਦੱਸਣ ਵਿੱਚ ਅਸਮਰਥ ਰਹਿੰਦਾ ਹੈ, ਕੀ ਕਾਰਨ ਹੈ ਕਿ ਇਹ ਸਥਿਤੀ ਅੱਜ ਵੀ ਬਰਕਰਾਰ ਹੈ?
– ਖੇਡ ਦੇ ਮਾਮਲੇ ਵਿੱਚ ਔਰਤਾਂ ਲਈ ਦਿੱਲੀ ਅਜੇ ਬਹੁਤ ਦੂਰ ਹੈ। ਮਹਿਲਾ ਖਿਡਾਰੀਆਂ ਨੂੰ ਪੁਰਸ਼ ਖਿਡਾਰੀਆਂ ਵਾਂਗ ਮੌਕੇ ਨਹੀਂ ਮਿਲਦੇ। ਕ੍ਰਿਕਟ ਲੀਗ ਮੁਕਾਬਲਿਆਂ ਪੱਖੋਂ ਮਹਿਲਾ ਕ੍ਰਿਕਟ ਲੀਗ ਦੀ ਸ਼ੁਰੂਆਤ ਕਈ ਸਾਲਾਂ ਬਾਅਦ ਹੋਈ। ਸਾਡੀ ਮਹਿਲਾ ਕ੍ਰਿਕਟ ਟੀਮ ਦੋ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚੀ ਤਾਂ ਲੋਕਾਂ ਨੇ ਨੋਟਿਸ ਕਰਨਾ ਸ਼ੁਰੂ ਕੀਤਾ ਕਿ ਸਾਡੀ ਮਹਿਲਾ ਕ੍ਰਿਕਟ ਟੀਮ ਵੀ ਹੈ। ਇੱਥੋਂ ਤੱਕ ਕਿ ਮੈਨੂੰ ਵੀ ਸਾਲ 2017 ਵਿੱਚ ਮਹਿਲਾ ਕ੍ਰਿਕਟ ਟੀਮ ਦਾ ਪਤਾ ਲੱਗਾ ਸੀ। ਮਿਤਾਲੀ ਦੇ ਸ਼ੁਰੂ ਦੇ ਦਿਨਾਂ ਦੇ ਵੀਡੀਓਜ਼ ਵੀ ਕਿਤੇ ਨਹੀਂ ਮਿਲਦੇ, ਜਿਨ੍ਹਾਂ ਨੂੰ ਦੇਖ ਕੇ ਮੈਂ ਇਸ ਕਿਰਦਾਰ ਦੀ ਤਿਆਰੀ ਕਰ ਸਕਦੀ। ਮਹਿਲਾ ਕ੍ਰਿਕਟ ਟੀਮ ਦੀ ਫੁਟੇਜ ਉਦੋਂ ਤੋਂ ਰੱਖੀ ਜਾਣ ਲੱਗੀ, ਜਦ ਇਹ ਟੀਮ ਬੀ ਸੀ ਸੀ ਆਈ ਦੇ ਅੰਡਰ ਆਈ।
*ਇਸ ਫਿਲਮ ਵਿੱਚ ਕਿੰਨੀਆਂ ਚੀਜ਼ਾਂ ਅਸਲ ਹਨ ਅਤੇ ਕਿੰਨੀਆਂ ਵੀ ਐੱਫ ਐਕਸ (ਵੀਜੂਅਲ ਇਫੈਕਟਸ) ਦੇ ਜ਼ਰੀਏ ਦਰਸਾਈਆਂ ਗਈਆਂ ਹਨ?
– ਕਿਉਂਕਿ ਅਸੀਂ ਕੋਰੋਨਾ ਕਾਲ ਵਿੱਚ ਇਸ ਦੀ ਸ਼ੂਟਿੰਗ ਕੀਤੀ ਸੀ, ਇਸ ਵਿੱਚ ਸਟੇਡੀਅਮ ਦੇ ਸਾਰੇ ਦਰਸ਼ਕ ਵੀ ਐਫ ਐਕਸ ਰਾਹੀਂ ਦਿਖਾਏ ਗਏ, ਪਰ ਖੇਡਿਆ ਮੈਂ ਹੀ ਸੀ। ਰਹੀਗੱਲ ਮਿਤਾਲੀ ਦੇ ਲੁਕ ਦੀ ਥਾਂ ਉਨ੍ਹਾਂ ਦੇ ਵਾਲ ਸਿੱਧੇ ਹਨ, ਮੇਰੇ ਘੁੰਗਰਾਲੇ ਹਨ। ਮੈਂ ਇਨ੍ਹਾਂ ਢਾਂਚਾਗਤ ਚੀਜ਼ਾਂ ਨਾਲ ਮੇਕਅਪ ਅਤੇ ਵਾਲਾਂ ਵਿੱਚ ਬਦਲਾਅ ਕਰ ਕੇ ਉਨ੍ਹਾਂ ਦਾ ਲੁਕ ਦੇਣ ਦੀ ਕੋਸ਼ਿਸ਼ ਕੀਤੀ ਹੈ। ਮਿਤਾਲੀ ਦੀ ਬਾਡੀ ਲੈਂਗਵੇਜ਼ ਥੋੜ੍ਹੀ ਹੌਲੀ ਹੈ, ਉਹ ਥੋੜ੍ਹਾ ਸੋਚ ਕੇ ਹੌਲੀ ਬੋਲਦੀ ਹੈ। ਮੈਂ ਥੋੜ੍ਹਾ ਵੱਧ ਤੇ ਫਟਾਕ ਬੋਲਦੀ ਹਾਂ। ਅਜਿਹੇ ਵਿੱਚ ਮੈਂ ਬਾਡੀ ਲੈਂਗਵੇਜ ਵਿੱਚ ਬਦਲਾਅ ਦੀ ਕੋਸ਼ਿਸ਼ ਕੀਤੀ।
*ਤੁਸੀਂ ਕਿਹਾ ਸੀ ਕਿ ਕਰੀਅਰ ਬਾਰੇ ਤੁਹਾਡੀ ਸੋਚ ਕਦੇ ਸਥਾਈ ਨਹੀਂ ਰਹੀ, ਅਭਿਨੇਤਰੀ ਦੇ ਨਾਲ ਨਿਰਮਾਤਾ ਬਣਨ ਦੇ ਬਾਅਦ ਹੋਰ ਕਿਹੜੀਆਂ ਸੰਭਾਵਨਾਵਾਂ ਹਨ?
-ਕਦੇ ਕਿਸੇ ਚੀਜ਼ ਨੂੰ ਅਸੰਭਵ ਨਹੀਂ ਕਹਿਣਾ ਚਾਹੀਦਾ। ਮੈਂ ਕੁਝ ਸਾਲ ਪਹਿਲਾਂ ਕਿਹਾ ਸੀ ਕਿ ਮੈਂ ਐਕਟਿੰਗ ਨਹੀਂ ਕਰ ਸਕਦੀ, ਫਿਰ ਬਣ ਗਈ। ਉਸ ਪਿੱਛੋਂ ਮੈਂ ਸੋਚਿਆ ਕਿ ਦੂਸਰੀਆਂ ਚੀਜ਼ਾਂ ਮੇਰੇ ਤੋਂ ਨਹੀਂ ਹੋਣਗੀਆਂ। ਫਿਰ ਮੈਂ ਪ੍ਰੋਡਿਊਸਰ ਬਣ ਗਈ। ਮੈਨੂੰ ਫਿਰ ਲੱਗਦਾ ਹੈ ਕਿ ਇਸ ਦੇ ਇਲਾਵਾ ਕੁਝ ਹੋਰ ਮੇਰੇ ਵੱਸ ਦਾ ਨਹੀਂ, ਪਰ ਮੈਨੂੰ ਕੁਝ ਕਰਨਾ ਹੋਇਆ ਤਾਂ ਮੈਂ ਕਿਸੇ ਦੂਸਰੇ ਖੇਤਰ ਵਿੱਚ ਕਰਾਂਗੀ। ਇਸ ਪੇਸ਼ੇ ਵਿੱਚ ਇੰਨਾ ਹੀ ਕਰ ਸਕਦੀ ਹਾਂ।
* ਤੁਸੀਂ ਕਿਹਾ ਸੀ ਕਿ ਸਕੂਲ ਵਿੱਚ ਨੱਬੇ ਫੀਸਦੀ ਤੋਂ ਵੱਧ ਨੰਬਰ ਲੈਣ ਦੇ ਬਾਅਦ ਵੀ ਤੁਹਾਨੂੰ ਸੰਤੁਸ਼ਟੀ ਨਹੀਂ ਹੁੰਦੀ ਸੀ, ਫਿਲਮਾਂ ਬਾਰੇ ਰਵੱਈਆ ਕਿੰਨਾ ਬਦਲਿਆ ਹੈ? ਜੇ ਕੋਈ ਫਿਲਮ ਚੰਗੀ ਨਹੀਂ ਚੱਲੀ ਤਾਂ ਕਰੀਅਰ ਦੇ ਸ਼ੁਰੂ ਵਿੱਚ ਜਿੰਨਾ ਬੁਰਾ ਲੱਗਦਾ ਸੀ, ਅੱਜਕੱਲ੍ਹ ਉਸ ਤੋਂ ਥੋੜ੍ਹਾ ਘੱਟ ਲੱਗਦਾ ਹੈ। ਮੈਂ ਆਪਣੀ ਸੋਚ ਇਸ ਤਰ੍ਹਾਂ ਦੀ ਬਣਾ ਲਈ ਹੈ ਕਿ ਅੱਗੇ ਮੈਂ ਅਜਿਹਾ ਕੀ ਕਰਾਂ, ਜਿਸ ਤੋਂ ਉਹੀ ਗਲਤੀ ਨਾ ਦੁਹਰਾਵਾਂ। ਸ਼ਾਇਦ ਇਹ ਬਦਲਾਅ ਉਮਰ ਅਤੇ ਨਿੱਜੀ ਪਰਿਪੱਕਤਾ ਨਾਲ ਆਇਆ ਹੈ। ਮੈਂ ਅਸਫਲਤਾ ਉੱਤੇ ਗੁੱਸੇ ਨਹੀਂ ਹੁੰਦੀ, ਬੱਸ ਥੋੜ੍ਹੀ ਨਾਰਾਜ਼ ਜਾਂ ਦੁਖੀ ਹੁੰਦੀ ਹਾਂ ਅਤੇ ਫਿਰ ਸੋਚਦੀ ਹਾਂ ਕਿ ਉਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ।

Related posts

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

ਬੌਲੀਵੁੱਡ ਮੂਵੀ ਧੁਰੰਧਰ ਦੇ ਭਾਗ-2 ਨੇ ਕਮਾਈ ਦੇ ਪੱਖੋਂ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ !

ਬਾਲੀਵੁੱਡ ਅਦਾਕਾਰਾ ਵਲੋਂ ਆਪਣੇ ਭਰਾ ਨੂੰ ਯੂਏਈ ਜੇਲ੍ਹ ‘ਚੋਂ ਰਿਹਾਅ ਕਰਾਉਣ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ !