ਅੰਮਿ੍ਤਸਰ – ਲੰਬੀ ਉਡੀਕ ਤੋਂ ਬਾਅਦ ਆਖਰਕਾਰ ਐਤਵਾਰ ਤੋਂ ਨਵਾਬਾਂ ਦੇ ਸ਼ਹਿਰ ਲਖਨਊ ਅਤੇ ਗੁਰੂ ਨਗਰੀ ਅੰਮਿ੍ਤਸਰ ਹਵਾਈ ਮਾਰਗ ਜ਼ਰੀਏ ਸਿੱਧੇ ਤੌਰ ‘ਤੇ ਆਪਸ ‘ਚ ਜੁੜ ਗਏ। ਇੰਡੀਗੋ ਏਅਰਲਾਈਨਜ਼ ਵੱਲੋਂ ਆਪਣੀ ਸਿੱਧੀ ਉਡਾਣ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਐਤਵਾਰ ਸਵੇਰੇ ਇਕ ਘੰਟਾ 40 ਮਿੰਟ ਦਾ ਸਫਰ ਤੈਅ ਕਰਕੇ ਉਡਾਣ ਸਵੇਰੇ 7.55 ਵਜੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ‘ਤੇ ਪਹੁੰਚੀ।
ਪਹਿਲੇ ਦਿਨ ਉਡਾਣ ‘ਚ 75 ਯਾਤਰੀ ਅੰਮਿ੍ਤਸਰ ਆਏ। ਇਸੇ ਤਰ੍ਹਾਂ ਦੁਪਹਿਰ 12.20 ‘ਤੇ ਉਸੇ ਉਡਾਣ ਨੇ ਫਿਰ ਤੋਂ ਵਾਪਸ ਲਖਨਊ ਲਈ ਉਡਾਣ ਭਰੀ। ਅੰਮਿ੍ਤਸਰ ਤੋਂ ਲਖਨਊ ਲਈ ਕੁੱਲ 39 ਯਾਤਰੀ ਰਵਾਨਾ ਹੋਏ। ਇਸ ਉਡਾਣ ਨੂੰ ਸ਼ੁਰੂ ਕਰਨ ਸਬੰਧੀ ਲਗਪਗ ਦਸ ਦਿਨ ਪਹਿਲਾਂ ਏਅਰਲਾਈਨਜ਼ ਕੰਪਨੀ ਨੇ ਐਲਾਨ ਕਰ ਦਿੱਤਾ ਸੀ ਜਿਸ ਤੋਂ ਬਾਅਦ ਅੱਜ ਤੋਂ ਇਸ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਹਾਲਾਂਕਿ ਸਿੱਧੀ ਉਡਾਣ ਲਈ ਫਲਾਈ ਅੰਮਿ੍ਤਸਰ ਇਨਿਸ਼ੀਏਟਿਵ ਵੱਲੋਂ ਕਈ ਵਾਰ ਕੰਪਨੀ ਦੇ ਅਧਿਕਾਰੀਆਂ ਨਾਲ ਮਿਲ ਕੇ ਮੰਗ ਰੱਖੀ ਸੀ ਜਿਸ ਤਹਿਤ ਹੁਣ ਕੰਪਨੀ ਨੇ ਇਹ ਉਡਾਣ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।
ਭਾਰਤ ਦੇ ਨਕਸ਼ੇ ‘ਤੇ ਅੰਮਿ੍ਤਸਰ ਅਤੇ ਲਖਨਊ ਦੋਵੇਂ ਹੀ ਸ਼ਹਿਰ ਸੈਲਾਨੀਆਂ ਲਈ ਮਸ਼ਹੂਰ ਹਨ। ਇਕ ਪਾਸੇ ਅੰਮਿ੍ਤਸਰ ਜਿੱਥੇ ਪੂਰੀ ਦੁਨੀਆ ਵਿਚ ਗੁਰੂ ਨਗਰੀ ਦੇ ਨਾਂ ਨਾਲ ਜਾਣੇ ਜਾਂਦੇ ਹਨ। ਉਥੇ ਲਖਨਊ ਸ਼ਹਿਰ ਨਵਾਬਾਂ ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ। ਅਜਿਹੇ ‘ਚ ਦੋਵਾਂ ਹੀ ਸ਼ਹਿਰਾਂ ਤੋਂ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਆਉਂ-ਜਾਂਦੇ ਹਨ। ਇਸ ਤੋਂ ਇਲਾਵਾ ਲੱਖਾਂ ਦੀ ਗਿਣਤੀ ਵਿਚ ਯੂਪੀ ਦੇ ਲੋਕ ਪੰਜਾਬ ਵਿਚ ਰਹਿ ਰਹੇ ਹਨ। ਅਜਿਹੇ ‘ਚ ਉਨ੍ਹਾਂ ਲੋਕਾਂ ਨੂੰ ਵੀ ਇਸ ਤੋਂ ਕਾਫੀ ਫਾਇਦਾ ਹੋਵੇਗਾ।
ਫਲਾਈ ਅੰਮਿ੍ਤਸਰ ਇਨੀਸ਼ਿਏਟਿਵ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਉਡਾਣ ਸ਼ੁਰੂ ਕੀਤੇ ਜਾਣ ਦੇ ਫ਼ੈਸਲਾ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੇ ਲਗਾਤਾਰ ਘਟ ਰਹੇ ਕੇਸਾਂ ਤਹਿਤ ਕਈ ਹੋਰ ਸ਼ਹਿਰਾਂ ਲਈ ਜਲਦ ਸਿੱਧੀ ਉਡਾਣ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਲਖਨਊ ਜਾਣ ਲਈ ਟਰੇਨ ਵਿਚ ਜਿੱਥੇ ਪੂਰਾ ਦਿਨ ਨਿਕਲ ਜਾਂਦਾ ਹੈ, ਉਥੇ ਉਡਾਣ ਜ਼ਰੀਏ ਸਿਰਫ ਇਕ ਘੰਟਾ 40 ਮਿੰਟ ਵਿਚ ਪਹੁੰਚਿਆ ਜਾ ਸਕੇਗਾ।