ਅੰਮ੍ਰਿਤਸਰ ਹਵਾਈ ਅੱਡੇ ’ਤੇ ਦੁਬਈ ਤੋਂ ਆਏ ਯਾਤਰੀ ਕੋਲੋਂ 67 ਲੱਖ ਰੁਪਏ ਤੋਂ ਵੱਧ ਦਾ ਸੋਨਾ ਜ਼ਬਤ

ਅੰਮ੍ਰਿਤਸਰ – ਇਥੋਂ ਦੇ ਹਵਾਈ ਅੱਡੇ ਵਿਖੇ ਤਾਇਨਾਤ ਕਸਟਮ ਵਿਭਾਗ ਨੇ ਦੁਬਈ ਤੋਂ ਹਵਾਈ ਉਡਾਣ ਰਾਹੀਂ ਪੁੱਜੇ ਯਾਤਰੀ ਕੋਲੋਂ 67 ਲੱਖ ਰੁਪਏ ਦਾ ਕਿਲੋ ਤੋਂ ਵੱਧ ਸੋਨਾ ਬਰਾਮਦ ਕੀਤਾ। ਕਸਟਮ ਵਿਭਾਗ ਵੱਲੋਂ ਇਸ ਸਬੰਧ ਵਿੱਚ ਮੁਲਜ਼ਮ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਵਿਭਾਗ ਮੁਤਾਬਕ ਇਹ ਕਾਰਵਾਈ ਕਸਟਮ ਵਿਭਾਗ ਤੇ ਐਂਟੀ ਸਮਗਲਿੰਗ ਯੂਨਿਟ ਵੱਲੋਂ ਕੀਤੀ ਗਈ।
ਇਹ ਯਾਤਰੀ ਦੁਬਈ ਤੋਂ ਉਡਾਣ ਰਾਹੀਂ ਇੱਥੇ ਪੁੱਜਾ ਸੀ, ਜਦੋਂ ਇਸ ਦੀ ਨਿੱਜੀ ਤੌਰ ’ਤੇ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਇਸ ਕੋਲੋਂ ਪੇਸਟ ਦੇ ਰੂਪ ਵਿੱਚ 1698.2 ਗ੍ਰਾਮ ਸੋਨਾ ਬਰਾਮਦ ਹੋਇਆ, ਜਿਸ ਨੂੰ ਉਸ ਨੇ ਪੀਲੇ ਰੰਗ ਦੇ ਪੈਕਟ ਵਿੱਚ ਛੁਪਾਇਆ ਹੋਇਆ ਸੀ ਅਤੇ ਇਸ ਨੂੰ ਆਪਣੀ ਪੈਂਟ ਦੀ ਬੈਲਟ ਵਿੱਚ ਲੁਕਾਇਆ ਹੋਇਆ ਸੀ। ਜਦੋਂ ਇਸ ਸੋਨੇ ਦੀ ਪੇਸਟ ਨੂੰ ਸ਼ੁੱਧ ਸੋਨੇ 24 ਕੈਰਟ ਦੇ ਰੂਪ ਵਿੱਚ ਤਬਦੀਲ ਕੀਤਾ ਗਿਆ ਤਾਂ ਇਹ 1068 ਗ੍ਰਾਮ ਸੀ। ਜਿਸ ਦਾ ਬਾਜ਼ਾਰ ਵਿੱਚ ਮੁੱਲ 67 ਲੱਖ60,440 ਰੁਪਏ ਬਣਦਾ ਹੈ। ਕਸਟਮ ਵਿਭਾਗ ਨੇ ਕਸਟਮ ਐਕਟ 1962 ਦੀ ਧਾਰਾ ਹੇਠ ਇਸ ਸੋਨੇ ਨੂੰ ਜ਼ਬਤ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਪੁੱਛ ਪੜਤਾਲ ਦੌਰਾਨ ਇਸ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਇਹ ਸੋਨਾ ਭਾਰਤ ਲਿਜਾਣ ਵਾਸਤੇ 10 ਹਜ਼ਾਰ ਰੁਪਏ ਦਿੱਤੇ ਗਏ ਸਨ।

Related posts

ਸ਼ਾਮਚੁਰਾਸੀ ਨਗਰ ਕੌਂਸਲ ਦੀ ਚੋਣ ਸ਼ਨੀਵਾਰ 13 ਜੂਨ ਨੂੰ

13 ਜੂਨ ਨੂੰ ਕਾਕਰੋਚ ਜਨਤਾ ਪਾਰਟੀ ਅੰਮ੍ਰਿਤਸਰ ‘ਚ  ਵਿਰੋਧ ਪ੍ਰਦਰਸ਼ਨ ਕਰੇਗੀ

ਕਿਰਪਾਨ ਨਾਲ ਹਮਲਾ ਕਰਨ ਦੀ ਕੋਸ਼ਿਸ਼ ਵਾਲੇ ਮਾਮਲੇ ਪਿੱਛੇ ਛੁਪੀ ਸਾਜਿਸ਼ ਦਾ ਪਰਦਾਫਾਸ਼ ਹੋਵੇ – ਸਿੰਘ ਸਾਹਿਬ