ਸੰਗਰੂਰ – ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਹਸਪਤਾਲ ਵਿਖੇ ਸਿਵਲ ਸਰਜਨ ਡਾ. ਕਿਰਪਾਲ ਸਿੰਘ ਦੀ ਅਗਵਾਈ ਵਿਚ ਅੱਖਾਂ ਦਾਨ ਕਰਨ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆਂ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ.ਕਿਰਪਾਲ ਸਿੰਘ ਨੇ ਕਿਹਾ ਕਿ ਮਰਨ ਉਪਰੰਤ ਅੱਖ ਦਾਨ ਕਰਨ ਦੀ ਜਾਗਰੂਕਤਾ ਪੈਦਾ ਕਰਨ ਲਈ 25 ਅਗਸਤ ਤੋਂ 8 ਸਤੰਬਰ ਤੱਕ ਅੱਖ ਦਾਨ ਜਾਗਰੂਕਤਾ ਪੰਦਰਵਾੜਾ ਮਨ੍ਹਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਅੱਖਾਂ ਦਾਨ ਸਿਰਫ ਮੌਤ ਤੋਂ ਬਾਅਦ ਹੀ ਹੁੰਦੀਆਂ ਹਨ, ਅੱਖਾਂ ਦਾਨ ਕਰਨ ਨਾਲ ਇੱਕ ਵਿਅਕਤੀ ਦੋ ਵਿਅਕਤੀਆਂ ਦੀ ਜਿੰਦਗੀ ਰੋਸ਼ਨ ਕਰ ਸਕਦਾ ਹੈ। ਅੱਖਾਂ ਦਾਨ ਮੌਤ ਤੋਂ 4 ਤੋਂ 6 ਘੰਟਿਆਂ ਦੇ ਵਿੱਚ ਹੀ ਹੋਣੀਆਂ ਚਾਹੀਦੀਆਂ ਹਨ।ਕਿਸੇ ਵੀ ਉਮਰ ਦਾ ਵਿਅਕਤੀ ਚਾਹੇ ਉਸਦੇ ਐਨਕਾਂ ਲੱਗੀਆ ਹੋਣ, ਅੱਖਾਂ ਦੇ ਅਪਰੇਸ਼ਨ ਹੋਏ ਹੋਣ, ਅੱਖਾਂ ਵਿੱਚ ਲੈਂਜ ਪਾਏ ਹੋਣ ਜਾਂ ਬੀ.ਪੀ. ਅਤੇ ਸ਼ੁਗਰ ਦਾ ਮਰੀਜ਼ ਹੈ, ਵੀ ਅੱਖ ਦਾਨ ਕਰ ਸਕਦਾ ਹੈ। ਮੌਤ ਉਪਰੰਤ ਅੱਖਾਂ ਦਾਨ ਲਈ ਅੱਖ ਬੈਂਕ ਦੀ ਟੀਮ ਅੱਖਾਂ ਦਾਨ ਕਰਨ ਵਾਲੇ ਵਿਅਕਤੀ ਦੇ ਘਰ ਜਾਂਦੀ ਹੈ ਅਤੇ ਅੱਖਾਂ ਦਾਨ ਕਰਨ ਦੀ ਪ੍ਰਕਿਰਿਆ 10-15 ਮਿੰਟਾਂ ਵਿੱਚ ਹੀ ਮੁਕੰਮਲ ਕਰ ਲਈ ਜਾਂਦੀ ਹੈ। ਜਿਹਨਾਂ ਮਰੀਜਾਂ ਨੂੰ ਐਚ.ਆਈ.ਵੀ./ ਏਡਜ, ਰੇਬੀਜ, ਦਿਮਾਗੀ ਬੁਖਾਰ ਅਤੇ ਕਾਲਾ ਪੀਲੀਆ ਹੈ ਉਹ ਅੱਖਾਂ ਦਾਨ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਅੱਖ ਦਾਨ ਨੂੰ ਲੋਕ ਲਹਿਰ ਬਣਾਉਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਅੱਖਾਂ ਲੈਣ ਅਤੇ ਅੱਖਾਂ ਦਾਨ ਦੇਣ ਵਾਲਿਆਂ ਦੇ ਵਿਚਲੇ ਅੰਤਰ ਨੂੰ ਘਟਾਇਆ ਜਾ ਸਕੇ। ਉਹਨਾਂ ਕਿਹਾ ਕਿ ਧਾਰਮਿਕ ਆਗੂਆਂ ਨੇ ਵੀ ਅੰਗਦਾਨ ਅਤੇ ਅੱਖਾਂ ਦੇ ਦਾਨ ਦੀ ਮਹੱਤਤਾ ਲਈ ਪ੍ਰੇਰਿਆ ਹੈ।
ਅੱਖਾਂ ਦੇ ਮਾਹਿਰ ਡਾ.ਨਿਧੀ ਗੁਪਤਾ ਨੇ ਦੱਸਿਆ ਕਿ ਅੱਖ ਦਾਨ ਕਰਨ ਲਈ ਨੇੜੇ ਦੇ ਅੱਖਦਾਨ ਕੇਂਦਰ ਜਾਂ 104 ਟੋਲ ਫ੍ਰੀ ਹੈਲਪਲਾਈਨ ਜਾਂ ਆਨ ਲਾਈਨ ਵਿਭਾਗ ਦੀ ਵੈਬ ਸਾਈਟ ਰਾਹੀ ਰਜਿਸਟਰ ਕੀਤਾ ਜਾ ਸਕਦਾ ਹੈ।ਉਨ੍ਹਾਂ ਨੇ ਦੱਸਿਆ ਕਿ ਆਧੁਨਿਕ ਤਰੀਕੇ ਨਾਲ ਵਿਅਕਤੀ ਦੀ ਪੂਰੀ ਅੱਖ ਕੱਢੀ ਨਹੀਂ ਜਾਂਦੀ ਸਗੋਂ ਸਿਰਫ ਕੋਰਨੀਆਂ ਹੀ ਕੱਢਿਆ ਜਾਂਦਾ ਹੈ, ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੁਹਿੰਮ ਵਿਚ ਆਪਣਾ ਸਹਿਯੋਗ ਦਿਓ, ਤੁਹਾਡੀਆਂ ਦਾਨ ਕੀਤੀਆਂ ਅੱਖਾਂ ਦੋ ਜਿੰਦਗੀਆਂ ਨੂੰ ਰੋਸ਼ਨੀ ਦੇ ਸਕਦੀਆਂ ਹਨ। ਕੈਂਪ ਮੌਕੇ ਅੱਖਾਂ ਦਾਨ ਕਰਨ ਲਈ ਪ੍ਰਣ ਵੀ ਕਰਵਾਇਆ ਗਿਆ।
ਇਸ ਮੌਕੇ ਜਿਲ੍ਹਾ ਮਾਸ ਮੀਡੀਆਂ ਅਫਸਰ ਕਰਨੈਲ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸਰੋਜ ਰਾਣੀ, ਬਲਾਕ ਐਕਸ਼ਟੈਸ਼ਨ ਐਜੂਕੇਟਰ ਹਰਦੀਪ ਕੁਮਾਰ, ਹਰਪ੍ਰੀਤ ਕੌਰ, ਡੀ.ਸੀ.ਐੱਮ. ਦੀਪਕ ਕੁਮਾਰ ਅਤੇ ਆਈ ਮੋਬਾਈਲ ਯੂਨਿਟ ਦਾ ਸਮੂਹ ਸਟਾਫ ਅਤੇ ਆਸ਼ਾ ਮੌਜੂਦ ਸਨ।