40 ਮੁਕਤਿਆਂ ਦੇ ਮਹਾਨ ਸ਼ਹਾਦਤ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਟੁੱਟੀ ਗੰਢੀ ਸਾਹਿਬ, ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਹਾਜ਼ਰੀ ਭਰਨ ਦਾ ਵਡਮੁੱਲਾ ਸੁਭਾਗ ਪ੍ਰਾਪਤ ਹੋਇਆ। ਇਸ ਮੁਕੱਦਸ ਦਿਹਾੜੇ ‘ਤੇ ਗੁਰੂ ਚਰਨਾਂ ਵਿੱਚ ਸੀਸ ਨਿਵਾਉਂਦਿਆਂ ਉਨ੍ਹਾਂ ਮਹਾਨ 40 ਮੁਕਤਿਆਂ ਅਤੇ ਅਨੇਕਾਂ ਸ਼ਹੀਦਾਂ ਨੂੰ ਸਿਜਦਾ ਕੀਤਾ। ਗੁਰੂ ਕੀਆਂ ਪਿਆਰੀਆਂ ਸੰਗਤਾਂ ਨੇ ਬਹੁਤ ਹੀ ਉਤਸ਼ਾਹ, ਸ਼ਰਧਾ ਅਤੇ ਨਿਮਰਤਾ ਭਰੇ ਹਿਰਦਿਆਂ ਨਾਲ ਸਮਾਗਮ ਵਿੱਚ ਹਾਜ਼ਰੀ ਭਰੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਹਜ਼ੂਰੀ ਵਿੱਚ ਸੁਭਾਇਮਾਨ ਸੰਗਤਾਂ ਨਾਲ ਗੁਰਮਤਿ ਅਤੇ ਇਤਿਹਾਸਿਕ ਵਿਚਾਰਾਂ ਦੀ ਸਾਂਝ ਪਾਈ ਗਈ।
ਵਿਚਾਰਾਂ ਦੌਰਾਨ ਉਨ੍ਹਾਂ 40 ਸਿੰਘਾਂ ਦੇ ਬੇਮਿਸਾਲ ਇਤਿਹਾਸ ਬਾਰੇ ਚਾਨਣਾ ਪਾਇਆ ਗਿਆ, ਜਿਨ੍ਹਾਂ ਨੇ ਕਿਸੇ ਸਮੇਂ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਦਿੱਤਾ ਸੀ, ਪਰ ਬਾਅਦ ਵਿੱਚ ਖਿਦਰਾਣੇ ਦੀ ਜੰਗ ਦੌਰਾਨ ਮੁੜ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਕੇ ਬਹਾਦਰੀ ਨਾਲ ਜੂਝਦਿਆਂ ਸ਼ਹਾਦਤ ਦਾ ਜਾਮ ਪੀਤਾ। ਦਸਮੇਸ਼ ਪਿਤਾ ਨੇ ਆਪਣੇ ਸਿੱਖਾਂ ਦੀ ਭਾਵਨਾ ਨੂੰ ਦੇਖਦਿਆਂ ਉਹ ਬੇਦਾਵਾ ਪਾੜ ਕੇ ਉਨ੍ਹਾਂ ਨੂੰ ‘ਮੁਕਤਿਆਂ’ ਦਾ ਮਾਣ ਦਿੱਤਾ ਅਤੇ ਖਿਦਰਾਣੇ ਦੀ ਢਾਬ ਨੂੰ ‘ਸ੍ਰੀ ਮੁਕਤਸਰ ਸਾਹਿਬ’ ਵਜੋਂ ਨਿਵਾਜਿਆ। ਅੱਜ ਵੀ 40 ਮੁਕਤਿਆਂ ਦਾ ਜੀਵਨ ਸਾਨੂੰ ਗੁਰੂ ਸਾਹਿਬ ਨਾਲ ਟੁੱਟੀ ਗੰਢਣ ਅਤੇ ਦ੍ਰਿੜਤਾ ਨਾਲ ਜੁੜਨ ਦਾ ਉਪਦੇਸ਼ ਦਿੰਦਾ ਹੈ। ਇਸ ਮੌਕੇ ਸਮੂਹ ਸੰਗਤ ਨੂੰ ਗੁਰੂ ਪਾਤਸ਼ਾਹ ਨਾਲ ਦਿਲੀ ਸਾਂਝ ਗੂੜ੍ਹੀ ਕਰਨ, ਸਾਬਤ-ਸੂਰਤ ਰਹਿਣ, ਬਾਣੀ ਤੇ ਬਾਣੇ ਦੇ ਧਾਰਨੀ ਬਣਨ ਦਾ ਸੁਨੇਹਾ ਦਿੱਤਾ। ਪੰਥ ਉੱਤੇ ਹੋ ਰਹੇ ਚਹੁਤਰਫ਼ਾ ਹਮਲਿਆਂ ਪ੍ਰਤੀ ਸੁਚੇਤ ਹੋਣ ਦਾ ਹੋਕਾ ਦਿੱਤਾ ਤਾਂ ਜੋ ਅਸੀਂ ਆਪਣੀ ਵਿਰਾਸਤ ਨੂੰ ਸੰਭਾਲ ਸਕੀਏ।
ਇਸ ਇਤਿਹਾਸਿਕ ਸਮਾਗਮ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਧਨੌਲਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
ਇਹ ਪਵਿੱਤਰ ਦਿਹਾੜਾ ਸਾਨੂੰ ਆਪਣੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਅਤੇ ਸਿੱਖੀ ਸਿਦਕ ‘ਤੇ ਪਹਿਰਾ ਦੇਣ ਦੀ ਪ੍ਰੇਰਨਾ ਦਿੰਦਾ ਹੈ, ਤਾਂ ਜੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਅਮੀਰ ਸ਼ਾਨਾਮੱਤੇ ਇਤਿਹਾਸ ਅਤੇ ਗੁਰਮਤਿ ਸਿਧਾਂਤਾਂ ਨਾਲ ਜੋੜੀ ਰੱਖ ਸਕੀਏ ਅਤੇ ਪੰਥਕ ਚੜ੍ਹਦੀ ਕਲਾ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕੀਏ।
ਗਿਆਨੀ ਕੁਲਦੀਪ ਸਿੰਘ ਗੜਗੱਜ,
ਕਾਰਜਕਾਰੀ ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ।