ਸੰਯੁਕਤ ਰਾਸ਼ਟਰ – ਸੰਯੁਕਤ ਰਾਸ਼ਟਰ ਦੇ ਮਾਹਰਾਂ ਨੇ ਇਕ ਰਿਪੋਰਟ ’ਚ ਕਿਹਾ ਹੈ ਕਿ ਹੁਣੇ ਜਿਹੇ ਮਜ਼ਬੂਤ ਕੀਤੇ ਗਏ ਤਾਲਿਬਾਨ ’ਚ ਏਨੀ ਸਮਰੱਥਾ ਹੈ ਕਿ ਉਹ ਅਲਕਾਇਦਾ ਸਮੇਤ ਵੱਖ-ਵੱਖ ਅੱਤਵਾਦੀ ਸੰਗਠਨਾਂ ਲਈ ਅਫ਼ਗਾਨਿਸਤਾਨ ਨੂੰ ਸੁੱਰਖਿਅਤ ਪਨਾਹਗਾਰ ਬਣਾ ਸਕਦਾ ਹੈ। ਹਾਲ ਦੇ ਦਿਨਾਂ ਦੇ ਮੁਕਾਬਲੇ ਹੁਣ ਅੱਤਵਾਦੀ ਸੰਗਠਨਾਂ ਨੂੰ ਉੱਥੇ ਹਰ ਤਰ੍ਹਾਂ ਦੀ ਆਜ਼ਾਦੀ ਮਿਲ ਰਹੀ ਹੈ। ਇਸ ਦੌਰਾਨ ਤਾਲਿਬਾਨ ਨੇ ਸੰਯੁਕਤ ਰਾਸ਼ਟਰ ਦੀ ਇਸ ਰਿਪੋਰਟ ਦੇ ਤੱਥਾਂ ਤੋਂ ਇਨਕਾਰ ਕੀਤਾ ਹੈ।
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪੈਨਲ ਵੱਲੋਂ ਤਿਆਰ ਰਿਪੋਰਟ ’ਚ ਕਿਹਾ ਗਿਆ ਹੈ ਕਿ ਤਾਲਿਬਾਨੀ ਸ਼ਾਸਨ ’ਚ ਅਲਕਾਇਦਾ ਤੇ ਆਈਐੱਸ ਵਰਗੇ ਅੱਤਵਾਦੀ ਸੰਗਠਨ ਉੱਥੇ ਫਲਫੁੱਲ ਰਹੇ ਹਨ। ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜਾਂ ਦੇ ਜਾਣ ਤੋਂ ਬਾਅਦ ਬੀਤੇ ਸਾਲ 15 ਅਗਸਤ ਨੂੰ ਤਾਲਿਬਾਨ ਅਫ਼ਗਾਨੀ ਸੱਤਾ ’ਤੇ ਕਾਬਜ਼ ਹੋ ਗਿਆ ਸੀ। ਉਦੋਂ ਤੋਂ ਕਰੀਬ ਛੇ ਮਹੀਨੇ ’ਚ ਅਫ਼ਗਾਨਿਸਤਾਨ ’ਚ ਅੱਤਵਾਦੀ ਸੰਗਠਨਾਂ ਲਈ ਮਾਹੌਲ ਬਹੁਤ ਅਨੁਕੂਲ ਹੋ ਗਿਆ ਹੈ। ਮਾਹਰਾਂ ਮੁਤਾਬਕ ਬਿਨ ਲਾਦੇਨ ਦਾ ਸੁਰੱਖਿਆ ਕਨਵੀਨਰ ਰਿਹਾ ਅਮੀਨ ਮੁਹੰਮਦ ਅਲ ਹੱਕ ਸਾਮ ਖ਼ਾਨ ਅਗਸਤ ਦੇ ਅੰਤ ’ਚ ਅਫ਼ਗਾਨਿਸਤਾਨ ਪਰਤ ਆਇਆ। ਇਸੇ ਤਰ੍ਹਾਂ ਬਿਨ ਲਾਦੇਨ ਦਾ ਪੁੱਤਰ ਅਬਦੁੱਲਾ ਵੀ ਆਪਣੇ ਤਾਲਿਬਾਨੀ ਮਿੱਤਰਾਂ ਨੂੰ ਮਿਲਣ ਅਕਤੂਬਰ ’ਚ ਅਫ਼ਗਾਨਿਸਤਾਨ ਆਇਆ ਸੀ। ਇਸ ਤੋਂ ਇਲਾਵਾ ਅਲਕਾਇਦਾ ਅੱਤਵਾਦੀ ਅਯਾਨ ਅਲ ਜਵਾਹਰੀ ਵੀ ਜ਼ਿੰਦਾ ਦੱਸਿਆ ਗਿਆ ਹੈ ਤੇ ਉਸ ਨੂੰ ਪਿਛਲੇ ਸਾਲ ਜਨਵਰੀ ’ਚ ਉੱਥੇ ਦੇਖਿਆ ਗਿਆ ਹੈ।
ਮਾਹਰ ਦਲ ਦਾ ਕਹਿਣਾ ਹੈ ਕਿ ਤਾਲਿਬਾਨ ਨੇ ਦੇਸ਼ ’ਚ ਵਿਦੇਸ਼ੀ ਅੱਤਵਾਦੀਆਂ ਦੀ ਰੋਕਥਾਮ ਲਈ ਕੋਈ ਵੀ ਕਦਮ ਨਹੀਂ ਚੁੱਕਿਆ। ਇਸ ਦੇ ਉਲਟ ਉਨ੍ਹਾਂ ਨੂੰ ਕੁਝ ਵੀ ਕਰਨ ਦੀ ਵਧੇਰੇ ਆਜ਼ਾਦੀ ਮਿਲੀ ਹੋਈ ਹੈ। ਜਦਕਿ ਤਾਲਿਬਾਨ ਨੇ ਕੌਮਾਂਤਰੀ ਸੰਸਥਾਵਾਂ ਨੂੰ ਇਹ ਵਾਅਦਾ ਕੀਤਾ ਹੈ ਕਿ ਅਫ਼ਗਾਨਿਸਤਾਨ ’ਚ ਅੱਤਵਾਦ ਨੂੰ ਪੈਦਾ ਨਹੀਂ ਹੋਣ ਦੇਵੇਗਾ।
ਇਸ ਤੋਂ ਪਹਿਲਾਂ ਵੀ ਤਾਲਿਬਾਨ ਨੇ ਸਾਲ 1996 ਤੋਂ ਲੈ ਕੇ 2001 ਤੱਕ ਅਫ਼ਗਾਨਿਸਤਾਨ ’ਚ ਸ਼ਾਸਨ ਕੀਤਾ ਹੈ। ਉਸ ਦੌਰਾਨ ਵੀ ਅਲਕਾਇਦਾ ਤੇ ਅੱਤਵਾਦੀ ਸਰਗਨਾ ਓਸਾਮਾ ਬਿਨ ਲਾਦੇਨ ਦੀ ਕਾਫ਼ੀ ਮਦਦ ਕੀਤੀ ਗਈ ਸੀ। ਇੱਥੋਂ ਹੀ ਓਸਾਮਾ ਨੇ ਅਮਰੀਕਾ ’ਤੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚੀ ਸੀ।