ਆਪਣੀ ਅਹਿਮੀਅਤ ਸਮਝੋ !

ਲੇਖਕ: ਹਰਕੀਰਤ ਕੌਰ ਸਭਰਾ, ਤਰਨਤਾਰਨ

ਇਸ ਸੰਸਾਰ ਵਿੱਚ ਪਰਮਾਤਮਾ ਨੇ ਜਿਸ ਜੀਵ ਨੂੰ ਪੈਦਾ ਕੀਤਾ ਹੈ, ਉਸਨੂੰ ਕਿਸੇ ਖਾਸ ਮਕਸਦ ਅਧੀਨ ਪੈਦਾ ਕੀਤਾ ਹੈ। ਇਸ ਦੁਨੀਆਂ ਨੂੰ ਖੂਬਸੂਰਤ ਬਣਾਉਣ ਵਿੱਚ ਹਰ ਪਸ਼ੂ, ਪੰਛੀ, ਪੇੜ ਪੌਦੇ, ਮਨੁੱਖ ਹਰ ਇੱਕ ਦਾ ਆਪਣਾ ਯੋਗਦਾਨ ਹੈ। ਜੇਕਰ ਸਾਰੇ ਜੀਵਾਂ ਦੀ ਗੱਲ ਨਾ ਕਰਕੇ ਕੇਵਲ ਮਨੁੱਖ ਦੀ ਅਹਿਮੀਅਤ ਦੀ ਗੱਲ ਕੀਤੀ ਜਾਵੇ ਤਾਂ ਹਰ ਮਨੁੱਖ ਦਾ ਆਪਣਾ ਇੱਕ ਸਥਾਨ ਹੈ। ਦੁਨੀਆਂ ਵਿੱਚ ਵੱਸਦੇ ਲੱਖਾਂ ਕਰੋੜਾਂ ਲੋਕਾਂ ਵਿੱਚ ਹਰ ਕੋਈ ਕਿਸੇ ਨਾ ਕਿਸੇ ਲਈ ਖਾਸ ਹੈ, ਭਾਵੇਂ ਉਹ ਅਮੀਰ ਹੋਵੇ ਜਾਂ ਗਰੀਬ। ਇੱਕ ਪਿਤਾ ਇੱਕ ਇਨਸਾਨ ਦੇ ਰੂਪ ਵਿੱਚ ਕਿਸੇ ਲਈ ਅਹਿਮ ਭਾਵੇਂ ਨਾ ਹੋਵੇ ਪਰ ਉਸਦੇ ਬੱਚਿਆਂ ਲਈ ਉਹ ਸਭ ਤੋਂ ਖਾਸ ਹੋਵੇਗਾ। ਇਸੇ ਤਰ੍ਹਾਂ ਇੱਕ ਔਰਤ ਭਾਵੇਂ ਕਿਸੇ ਘਰ ਸਫਾਈ ਕਰਨ ਦਾ ਕੰਮ ਕਿਉਂ ਨਾ ਕਰਦੀ ਹੋਵੇ ਪਰ ਉਸਦੇ ਬੱਚਿਆਂ ਲਈ ਉਹ ਦੁਨੀਆਂ ਦੀ ਸਭ ਤੋਂ ਖੂਬਸੂਰਤ ਔਰਤ ਹੈ। ਥੋੜੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ  ਹਾਂ ਕਿ ਹਰ ਇੱਕ ਇਨਸਾਨ ਦਾ ਆਪਣਾ ਆਪਣਾ ਅਸਤਿਤਵ ਹੈ। ਪਰ ਕਈ ਵਾਰ ਹਲਾਤ ਅਜਿਹੇ ਬਣ ਜਾਂਦੇ ਹਨ ਕਿ ਅਸੀਂ ਆਪਣੇ ਆਪ ਦੀ ਅਹਿਮੀਅਤ ਭੁੱਲ ਜਾਂਦੇ ਹਾਂ, ਕਈ ਵਾਰ ਅਸੀਂ ਆਪਣੇ ਨਾਲ ਜੁੜੇ ਹੋਏ ਲੋਕਾਂ ਨੂੰ ਏਨੀ ਅਹਿਮੀਅਤ ਦੇਣ ਲੱਗਦੇ ਹਾਂ ਕਿ ਆਪਣੇ ਆਪ ਨੂੰ ਤਵੱਜੋਂ ਦੇਣਾ ਭੁੱਲ ਜਾਂਦੇ ਹਾਂ। ਜਦੋਂ ਸਾਨੂੰ ਸਾਹਮਣੇ ਵਾਲੇ ਮਨੁੱਖਾਂ ਤੋਂ ਉਸੇ ਤਰ੍ਹਾਂ ਦਾ ਪਿਆਰ, ਸਤਿਕਾਰ ਜਾਂ ਅਹਿਮੀਅਤ ਨਹੀਂ ਮਿਲਦੀ ਤਾਂ ਅਸੀਂ ਉਦਾਸ ਹੁੰਦੇ ਹਾਂ। ਜਿਸ ਨਾਲ ਅਸੀਂ ਆਪਣੇ ਸਵੈਂ ਮਾਣ ਨੂੰ ਸੱਟ ਪੁੰਹਚਾਉਂਦੇ ਹਾਂ ਅਤੇ ਨਾਲ ਦੀ ਨਾਲ ਹੀਣ ਭਾਵਨਾ ਦੇ ਸ਼ਿਕਾਰ ਹੁੰਦੇ ਹਾਂ। ਇਸ ਸੰਸਾਰ ਵਿੱਚ ਹਰ ਕੰਮ, ਵਿਵਹਾਰ ਦੀ ਇੱਕ ਹੱਦ ਹੁੰਦੀ ਹੈ। ਕਿਸੇ ਵੀ ਤਰ੍ਹਾਂ ਦੀ ਕਿਰਿਆ ਜਦ ਹੱਦੋਂ ਵੱਧ ਹੋ ਜਾਂਦੀ ਹੈ ਤਾਂ ਉਸਦੇ ਨਕਾਰਾਤਮਕ ਨਤੀਜੇ ਆਉਣੇ ਸ਼ੁਰੂ ਹੋ ਜਾਂਦੇ ਹਨ। ਸੋ ਲੋਕਾਂ ਨੂੰ ਤਵੱਜੋਂ ਦਿੰਦੇ ਦਿੰਦੇ ਆਪਣੀ ਹੋਂਦ ਨੂੰ ਠੇਸ ਨਾ ਪੁੰਹਚਾਓ ।

ਪ੍ਰਮਾਤਮਾ ਨੇ ਜੇਕਰ ਤੁਹਾਨੂੰ ਬਣਾਇਆ ਹੈ ਤਾਂ ਕਿਸੇ ਖਾਸ ਮਕਸਦ ਲਈ ਬਣਾਇਆ ਹੈ। ਪੂਰੇ ਬ੍ਰਹਿਮੰਡ ਵਿੱਚ ਭਾਵੇਂ ਕਿੰਨੇ ਵੀ ਜੀਵ ਕਿਉਂ ਨਹੀਂ ਹਨ, ਕਿੰਨੇ ਇਨਸਾਨ ਕਿਉਂ ਨਹੀਂ ਹਨ, ਤੁਹਾਡੀ ਜਗ਼੍ਹਾ ਕੋਈ ਨਹੀਂ ਲੈ ਸਕਦਾ। ਤੁਹਾਡਾ ਪੂਰੇ ਬ੍ਰਹਿਮੰਡ ਵਿੱਚ ਇੱਕ ਖਾਸ ਸਥਾਨ ਹੈ। ਕਿਸੇ ਕੰਮ ਵਿੱਚ ਹਾਰ ਜਾਣਾ, ਕਾਮਯਾਬ ਨਾ ਹੋਣ ਕਰਕੇ, ਚੁਣੌਤੀਆਂ ਦੇ ਆਉਣ ਕਰਕੇ ਕਈ ਵਾਰ ਮਨੁੱਖ ਆਪਣੇ ਆਪ ਨੂੰ ਬੇਲੋੜਾ ਸਮਝਣ ਲੱਗਦਾ ਹੈ ਪਰ ਯਾਦ ਰੱਖੋ ਹਲਾਤਾਂ ਅੱਗੇ ਗੋਡੇ ਟੇਕਣ, ਵਿਚਾਰਗੀ  ਵਾਲੀ ਜਿੰਦਗੀ ਜਿਊਣ ਨਾਲੋ ਕਿਤੇ ਚੰਗਾ ਹੈ ਕਿ ਹਿੰਮਤ ਨਾਲ ਸਮੇਂ ਦਾ ਟਾਕਰਾ ਕੀਤਾ ਜਾਵੇ।
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬੇਲੋੜੇ ਹੋ ਤਾਂ ਆਪਣੀ ਸ਼ਖਸੀਅਤ ਨੂੰ ਨਿਖਾਰਨ ਵੱਲ ਧਿਆਨ ਦਿਉ ਤਾਂ ਜੋ ਤੁਸੀਂ ਕੁਝ ਵਿਲੱਖਣ ਕਰ ਸਕੋ। ਹਮੇਸ਼ਾ ਚਿੱਤ ਵਿੱਚ ਰੱਖੋ ਕਿ ਤੁਸੀਂ ਇੱਕ ਹੋ ਇਸ ਪੂਰੇ ਬ੍ਰਹਿਮੰਡ ਵਿੱਚ, ਤੁਹਾਡੇ ਵਰਗਾ ਦੂਸਰਾ ਕੋਈ ਨਹੀਂ ਹੈ। ਲੋਕ ਤੁਹਾਨੂੰ ਅਹਿਸਾਸ ਦਿੰਦੇ ਹਨ ਜਾਂ ਨਹੀਂ ਇਸ ਨਾਲੋਂ ਕਿਤੇ ਜਿਆਦਾ ਜਰੂਰੀ ਹੈ  ਕਿ ਤੁਸੀਂ ਆਪਣੇ ਆਪ ਨੂੰ ਕਿੰਨੀ ਅਹਿਮੀਅਤ ਦਿੰਦੇ ਹੋ। ਜੇਕਰ ਖੁਦ ਆਪਣੇ ਆਪ ਨੂੰ ਸਵੀਕਾਰ ਕਰੋਗੇ ਤਾਂ ਹੀ ਲੋਕਾਂ ਤੋਂ ਆਸ ਕੀਤੀ ਜਾ ਸਕਦੀ ਹੈ  ।
ਸੋ ਇਸ ਲੇਖ ਵਿੱਚ ਵਿਚਾਰੇ ਤਿੰਨ ਪੱਖਾਂ ਵੱਲ ਧਿਆਨ ਦੇਕੇ ਨਿਚੋੜ ਇਹੀ ਕੱਢਿਆ ਜਾ ਸਕਦਾ ਹੈ ਕਿ ਤੁਸੀਂ ਖਾਸ ਹੋ ਇਸ ਲਈ ਆਪਣੀ ਅਹਿਮੀਅਤ ਕਦੇ ਨਾ ਭੁੱਲੋ ਅਤੇ ਨਾ ਹੀ ਹੀਣ ਭਾਵਨਾ ਦੇ ਸ਼ਿਕਾਰ ਹੋਵੋ।

Related posts

$100 Million Boost for Bushfire Recovery Across Victoria

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ