ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਟੀ-20 ਵਿਸ਼ਵ ਕੱਪ 2026 ‘ਚ ਹਰਾ ਕੇ ਕਾਇਮ ਕੀਤੇ ਕਈ ਨਵੇਂ ਰਿਕਾਰਡ

ਭਾਰਤ ਨੇ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾਇਆ, ਜੋ ਕਿ ਟੀ-20 ਵਿਸ਼ਵ ਕੱਪ ਇਤਿਹਾਸ ਵਿੱਚ ਭਾਰਤ ਦੀ ਸਭ ਤੋਂ ਵੱਡੀ ਜਿੱਤ ਹੈ।

ਭਾਰਤੀ ਟੀਮ ਨੇ 8 ਮਾਰਚ 2026 ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਫਾਈਨਲ ਮੈਚ ਦੌਰਾਨ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 5 ਵਿਕਟਾਂ ‘ਤੇ 255 ਦੌੜਾਂ ਬਣਾਈਆਂ, ਜਦੋਂ ਕਿ ਨਿਊਜ਼ੀਲੈਂਡ 159 ਦੌੜਾਂ ‘ਤੇ ਆਲ ਆਊਟ ਹੋ ਗਿਆ। 256 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਨਿਊਜ਼ੀਲੈਂਡ ਦੀ ਸ਼ੁਰੂਆਤ ਮਾੜੀ ਰਹੀ ਅਤੇ ਨਿਊਜ਼ੀਲੈਂਡ 159 ਦੌੜਾਂ ‘ਤੇ ਆਲ ਆਊਟ ਹੋ ਗਿਆ।

ਨਿਊਜ਼ੀਲੈਂਡ ਨੇ ਟਾਸ ਜਿੱਤਿਆ ਅਤੇ ਕਪਤਾਨ ਮਿਸ਼ੇਲ ਸੈਂਟਨਰ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਸਲਾਮੀ ਬੱਲੇਬਾਜ਼ਾਂ ਸੰਜੂ ਸੈਮਸਨ ਅਤੇ ਅਭਿਸ਼ੇਕ ਸ਼ਰਮਾ ਦੀ ਜੋੜੀ ਨੇ ਪਾਵਰਪਲੇਅ ਦੇ ਛੇ ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 92 ਦੌੜਾਂ ਬਣਾਈਆਂ, ਜਿਸ ਨਾਲ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਪਾਵਰਪਲੇ ਸਕੋਰ ਦੀ ਬਰਾਬਰੀ ਹੋ ਗਈ। ਅਭਿਸ਼ੇਕ 21 ਗੇਂਦਾਂ ਵਿੱਚ 52 ਦੌੜਾਂ ਬਣਾ ਕੇ ਆਊਟ ਹੋ ਗਿਆ। ਇਹ ਟੀ-20 ਵਿਸ਼ਵ ਕੱਪ ਫਾਈਨਲ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਓਪਨਿੰਗ ਸਾਂਝੇਦਾਰੀ ਹੈ। ਸੈਮਸਨ ਅਤੇ ਈਸ਼ਾਨ ਕਿਸ਼ਨ ਨੇ ਦੂਜੀ ਵਿਕਟ ਲਈ ਸੈਂਚਰੀ ਸਾਂਝੀ ਕੀਤੀ। ਇਸ ਜੋੜੀ ਨੇ 48 ਗੇਂਦਾਂ ਵਿੱਚ 105 ਦੌੜਾਂ ਜੋੜੀਆਂ, ਜਿਸ ਨਾਲ ਟੀਮ ਇੰਡੀਆ ਨੂੰ 15 ਓਵਰਾਂ ਵਿੱਚ 200 ਦੌੜਾਂ ਦਾ ਅੰਕੜਾ ਪਾਰ ਕਰਨ ਵਿੱਚ ਮੱਦਦ ਮਿਲੀ। 16ਵਾਂ ਓਵਰ ਕਰਨ ਆਏ ਜਿੰਮੀ ਨੀਸ਼ਮ ਨੇ ਇੱਕ ਓਵਰ ਵਿੱਚ ਤਿੰਨ ਵਿਕਟਾਂ ਲੈ ਕੇ ਰਨ ਰੇਟ ‘ਤੇ ਬ੍ਰੇਕ ਲਗਾ ਦਿੱਤੀ। ਉਸਨੇ ਪਹਿਲੀ ਗੇਂਦ ‘ਤੇ ਸੰਜੂ ਸੈਮਸਨ (89 ਦੌੜਾਂ), ਪੰਜਵੀਂ ਗੇਂਦ ‘ਤੇ ਈਸ਼ਾਨ ਕਿਸ਼ਨ (54 ਦੌੜਾਂ) ਅਤੇ ਆਖਰੀ ਗੇਂਦ ‘ਤੇ ਕਪਤਾਨ ਸੂਰਿਆਕੁਮਾਰ ਯਾਦਵ (0) ਨੂੰ ਆਊਟ ਕੀਤਾ। ਅਗਲੀਆਂ 24 ਗੇਂਦਾਂ ‘ਤੇ ਸਿਰਫ਼ 28 ਦੌੜਾਂ ਬਣੀਆਂ। ਫਿਰ ਸ਼ਿਵਮ ਦੂਬੇ ਨੇ 20ਵੇਂ ਓਵਰ ਵਿੱਚ ਤਿੰਨ ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 24 ਦੌੜਾਂ ਬਣਾਈਆਂ, ਜਿਸ ਨਾਲ ਟੀਮ ਇੰਡੀਆ ਦਾ ਸਕੋਰ 255 ਤੱਕ ਪਹੁੰਚ ਗਿਆ। ਇਹ ਟੀ-20 ਅੰਤਰਰਾਸ਼ਟਰੀ ਫਾਈਨਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਸਕੋਰ ਹੈ।

ਭਾਰਤੀ ਟੀਮ ਵਲੋਂ ਇਸ ਮੈਚ ਵਿੱਚ ਜਿੱਤ ਦੇ ਨਾਲ ਹੀ ਕਈ ਨਵੇਂ ਰਿਕਾਰਡ ਵੀ ਕਾਇਮ ਕੀਤੇ ਗਏ ਹਨ। ਟੀਮ ਇੰਡੀਆ ਟੀ-20 ਵਿਸ਼ਵ ਕੱਪ ਦੇ ਇੱਕ ਐਡੀਸ਼ਨ ਵਿੱਚ 100 ਤੋਂ ਵੱਧ ਛੱਕੇ ਮਾਰਨ ਵਾਲੀ ਪਹਿਲੀ ਟੀਮ ਵੀ ਬਣ ਗਈ, ਜਦੋਂ ਕਿ ਸੰਜੂ ਸੈਮਸਨ ਨੇ ਟੂਰਨਾਮੈਂਟ ਦੇ ਇੱਕ ਐਡੀਸ਼ਨ ਵਿੱਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਵਿਰਾਟ ਕੋਹਲੀ ਦਾ ਰਿਕਾਰਡ ਤੋੜ ਦਿੱਤਾ। ਭਾਰਤੀ ਵਿਕਟਕੀਪਰ-ਬੱਲੇਬਾਜ਼ ਸੰਜੂ ਸੈਮਸਨ ਨੇ 2026 ਟੀ-20 ਵਿਸ਼ਵ ਕੱਪ ਵਿੱਚ 321 ਦੌੜਾਂ ਬਣਾਈਆਂ। ਇਹ ਇੱਕ ਭਾਰਤੀ ਖਿਡਾਰੀ ਦੁਆਰਾ ਇੱਕ ਟੀ-20 ਵਿਸ਼ਵ ਕੱਪ ਐਡੀਸ਼ਨ ਵਿੱਚ ਬਣਾਏ ਗਏ ਸਭ ਤੋਂ ਵੱਧ ਦੌੜਾਂ ਹਨ। ਇਸ ਤੋਂ ਪਹਿਲਾਂ, ਇਹ ਰਿਕਾਰਡ ਵਿਰਾਟ ਕੋਹਲੀ ਦੇ ਕੋਲ ਸੀ, ਜਿਸਨੇ 2014 ਵਿੱਚ 319 ਦੌੜਾਂ ਬਣਾਈਆਂ ਸਨ।

ਸੰਜੂ ਸੈਮਸਨ ਨੇ 2026 ਦੇ ਟੀ-20 ਵਿਸ਼ਵ ਕੱਪ ਵਿੱਚ ਲਗਾਤਾਰ ਤਿੰਨ ਪਾਰੀਆਂ ਵਿੱਚ 80 ਤੋਂ ਵੱਧ ਦੌੜਾਂ ਬਣਾਈਆਂ। ਉਹ ਇੱਕ ਵਿਸ਼ਵ ਕੱਪ ਐਡੀਸ਼ਨ ਵਿੱਚ ਲਗਾਤਾਰ ਤਿੰਨ ਅਰਧ ਸੈਂਕੜੇ ਬਣਾਉਣ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਬਣ ਗਿਆ। ਸੈਮਸਨ ਨੇ ਸੈਮੀਫਾਈਨਲ ਅਤੇ ਫਾਈਨਲ ਦੋਵਾਂ ਮੈਚਾਂ ਵਿੱਚ ਅਰਧ ਸੈਂਕੜੇ ਲਗਾਏ, ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਅਜਿਹਾ ਕਰਨ ਵਾਲਾ ਚੌਥਾ ਖਿਡਾਰੀ ਬਣ ਗਿਆ। ਉਨ੍ਹਾਂ ਤੋਂ ਪਹਿਲਾਂ, ਸ਼ਾਹਿਦ ਅਫਰੀਦੀ (2009), ਵਿਰਾਟ ਕੋਹਲੀ (2014), ਅਤੇ ਟਿਮ ਸੀਫਰਟ (2026) ਨੇ ਇਹ ਉਪਲਬਧੀ ਹਾਸਲ ਕੀਤੀ ਹੈ। ਸੰਜੂ ਸੈਮਸਨ ਨੇ 2026 ਦੇ ਟੀ-20 ਵਿਸ਼ਵ ਕੱਪ ਵਿੱਚ ਕੁੱਲ 24 ਛੱਕੇ ਲਗਾਏ, ਜੋ ਕਿ ਇੱਕ ਵਿਸ਼ਵ ਕੱਪ ਐਡੀਸ਼ਨ ਵਿੱਚ ਕਿਸੇ ਵੀ ਖਿਡਾਰੀ ਦੁਆਰਾ ਸਭ ਤੋਂ ਵੱਧ ਹੈ। ਉਸਨੇ ਨਿਊਜ਼ੀਲੈਂਡ ਦੇ ਫਿਨ ਐਲਨ ਦਾ 20 ਛੱਕਿਆਂ ਦਾ ਰਿਕਾਰਡ ਤੋੜਿਆ। ਵੈਸਟਇੰਡੀਜ਼ ਦਾ ਸ਼ਿਮਰੋਨ ਹੇਟਮਾਇਰ 19 ਛੱਕਿਆਂ ਨਾਲ ਤੀਜੇ ਸਥਾਨ ‘ਤੇ ਹੈ। ਪਾਕਿਸਤਾਨ ਦੇ ਸਾਹਿਬਜ਼ਾਦਾ ਫਰਹਾਨ ਅਤੇ ਭਾਰਤ ਦੇ ਈਸ਼ਾਨ ਕਿਸ਼ਨ 18-18 ਛੱਕਿਆਂ ਨਾਲ ਦੂਜੇ ਸਥਾਨ ‘ਤੇ ਹੈ।

ਜਸਪ੍ਰੀਤ ਬੁਮਰਾਹ 40 ਵਿਕਟਾਂ ਨਾਲ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਗਿਆ ਹੈ। ਸ਼੍ਰੀਲੰਕਾ ਦੇ ਲਸਿਥ ਮਲੰਿਗਾ ਅਤੇ ਦੱਖਣੀ ਅਫਰੀਕਾ ਦੇ ਐਨਰਿਚ ਨੌਰਟਜੇ 38-38 ਵਿਕਟਾਂ ਨਾਲ ਸਾਂਝੇ ਤੌਰ ‘ਤੇ ਦੂਜੇ ਸਥਾਨ ‘ਤੇ ਹਨ ਜਦੋਂ ਕਿ ਭਾਰਤ ਦੇ ਅਰਸ਼ਦੀਪ ਸਿੰਘ ਅਤੇ ਨਿਊਜ਼ੀਲੈਂਡ ਦੇ ਟਿਮ ਸਾਊਥੀ 36-36 ਵਿਕਟਾਂ ਨਾਲ ਤੀਜੇ ਸਥਾਨ ‘ਤੇ ਹਨ।

ਭਾਰਤ ਨੇ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾਇਆ, ਜੋ ਕਿ ਟੀ-20 ਵਿਸ਼ਵ ਕੱਪ ਇਤਿਹਾਸ ਵਿੱਚ ਭਾਰਤ ਦੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤ ਦੀ ਸਭ ਤੋਂ ਵੱਡੀ ਜਿੱਤ 2026 ਵਿੱਚ ਨਾਮੀਬੀਆ ਵਿਰੁੱਧ 93 ਦੌੜਾਂ ਨਾਲ ਸੀ, ਜਦੋਂ ਕਿ ਟੀਮ ਨੇ 2012 ਵਿੱਚ ਇੰਗਲੈਂਡ ਵਿਰੁੱਧ 90 ਦੌੜਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ।

ਭਾਰਤ ਨੇ ਸਿਰਫ਼ ਤਿੰਨ ਸਾਲਾਂ ਵਿੱਚ ਤਿੰਨ ਆਈਸੀਸੀ ਟਰਾਫੀਆਂ ਜਿੱਤੀਆਂ ਹਨ। ਟੀਮ ਨੇ 17 ਸਾਲਾਂ ਬਾਅਦ 2024 ਵਿੱਚ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਬਾਅਦ 2025 ਵਿੱਚ ਚੈਂਪੀਅਨਜ਼ ਟਰਾਫੀ ਜਿੱਤ ਕੇ ਆਪਣੀ ਜਿੱਤ ਦੀ ਲੜੀ ਨੂੰ ਕਾਇਮ ਰੱਖਿਆ ਅਤੇ ਹੁਣ 2026 ਵਿੱਚ ਟੀ-20 ਵਿਸ਼ਵ ਕੱਪ ਜਿੱਤ ਕੇ ਭਾਰਤ ਨੇ ਤਿੰਨ ਸਾਲਾਂ ਵਿੱਚ ਆਪਣੀ ਤੀਜੀ ਆਈਸੀਸੀ ਟਰਾਫੀ ਹਾਸਲ ਕੀਤੀ ਹੈ। ਅਹਿਮਦਾਬਾਦ ਵਿੱਚ ਖੇਡੇ ਗਏ ਫਾਈਨਲ ਵਿੱਚ ਜਿੱਤ ਦੇ ਨਾਲ ਭਾਰਤ ਨੇ ਪਹਿਲੀ ਵਾਰ ਘਰੇਲੂ ਧਰਤੀ ‘ਤੇ ਟੀ-20 ਵਿਸ਼ਵ ਕੱਪ ਟਰਾਫੀ ਵੀ ਜਿੱਤੀ। ਇਸ ਤੋਂ ਪਹਿਲਾਂ ਟੀਮ ਨੇ 2007 ਵਿੱਚ ਦੱਖਣੀ ਅਫਰੀਕਾ ਅਤੇ 2024 ਵਿੱਚ ਵੈਸਟ ਇੰਡੀਜ਼ ਵਿੱਚ ਖਿਤਾਬ ਜਿੱਤਿਆ ਸੀ। ਭਾਰਤ ਕੋਲ ਹੁਣ ਤਿੰਨ ਟੀ-20 ਵਿਸ਼ਵ ਕੱਪ ਟਰਾਫੀਆਂ ਹਨ, ਜਦੋਂ ਕਿ ਵੈਸਟ ਇੰਡੀਜ਼ ਅਤੇ ਇੰਗਲੈਂਡ ਨੇ ਸਿਰਫ ਦੋ ਵਾਰ ਖਿਤਾਬ ਜਿੱਤਿਆ ਹੈ।

ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਦੋ-ਦੋ ਵਾਰ ਹਾਰਨ ਵਾਲੀਆਂ ਟੀਮਾਂ ਵਿੱਚ ਪਾਕਿਸਤਾਨ, ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਸ਼ਾਮਲ ਹਨ। ਪਾਕਿਸਤਾਨ 2007 ਅਤੇ 2022 ਵਿੱਚ, ਸ਼੍ਰੀਲੰਕਾ 2009 ਅਤੇ 2012 ਵਿੱਚ, ਅਤੇ ਨਿਊਜ਼ੀਲੈਂਡ 2021 ਅਤੇ 2026 ਵਿੱਚ ਹਾਰ ਗਿਆ। ਜਦਕਿ ਭਾਰਤ ਦੁਨੀਆ ਦੀ ਪਹਿਲੀ ਟੀਮ ਬਣ ਗਈ ਜਿਸਨੇ ਤਿੰਨ ਟੀ-20 ਵਿਸ਼ਵ ਕੱਪ (2007, 2024 ਅਤੇ 2026) ਜਿੱਤੇ ਹਨ।

ਭਾਰਤ ਇੱਕ ਹੀ ਟੀ-20 ਵਿਸ਼ਵ ਕੱਪ ਵਿੱਚ 100 ਤੋਂ ਵੱਧ ਛੱਕੇ ਲਗਾਉਣ ਵਾਲੀ ਪਹਿਲੀ ਟੀਮ ਬਣ ਗਈ ਹੈ। ਟੀਮ ਨੇ ਪੂਰੇ ਟੂਰਨਾਮੈਂਟ ਵਿੱਚ 106 ਛੱਕੇ ਲਗਾਏ। ਵੈਸਟ ਇੰਡੀਜ਼ ਇਸ ਰਿਕਾਰਡ ਵਿੱਚ ਦੂਜੇ ਸਥਾਨ ‘ਤੇ ਰਿਹਾ ਹੈ ਜਿਸਨੇ 2026 ਵਿੱਚ 76 ਛੱਕੇ ਲਗਾਏ ਹਨ।

ਭਾਰਤ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ 200+ ਸਕੋਰ ਵਾਲਾ ਬਣ ਗਿਆ ਹੈ। ਟੀਮ ਇੰਡੀਆ ਹੁਣ ਤੱਕ ਸੱਤ ਵਾਰ 200+ ਦੌੜਾਂ ਬਣਾ ਚੁੱਕੀ ਹੈ। ਦੱਖਣੀ ਅਫਰੀਕਾ ਇਸ ਰਿਕਾਰਡ ਵਿੱਚ ਛੇ ਵਾਰ 200+ ਸਕੋਰ ਨਾਲ ਦੂਜੇ ਸਥਾਨ ‘ਤੇ ਹੈ, ਜਦੋਂ ਕਿ ਵੈਸਟਇੰਡੀਜ਼, ਸ਼੍ਰੀਲੰਕਾ ਅਤੇ ਇੰਗਲੈਂਡ ਇਸ ਅੰਕੜੇ ਨੂੰ ਚਾਰ-ਚਾਰ ਵਾਰ ਪਾਰ ਕਰ ਚੁੱਕੇ ਹਨ। ਭਾਰਤ ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਧ 250+ ਸਕੋਰ ਬਨਾਉਣ ਦਾ ਰਿਕਾਰਡ ਵੀ ਰੱਖਦਾ ਹੈ। ਟੀਮ ਇੰਡੀਆ ਹੁਣ ਤੱਕ ਸੱਤ ਵਾਰ 250 ਤੋਂ ਵੱਧ ਦੌੜਾਂ ਬਣਾ ਚੁੱਕੀ ਹੈ। ਆਈਪੀਐਲ ਟੀਮ ਸਨਰਾਈਜ਼ਰਜ਼ ਹੈਦਰਾਬਾਦ ਇਸ ਰਿਕਾਰਡ ਵਿੱਚ ਪੰਜ ਵਾਰ 250+ ਸਕੋਰ ਨਾਲ ਦੂਜੇ ਸਥਾਨ ‘ਤੇ ਹੈ। ਭਾਰਤ ਨੇ 2026 ਵਿੱਚ ਚਾਰ ਵਾਰ 250+ ਸਕੋਰ ਬਣਾਏ ਜੋ ਕਿ ਇੱਕ ਸਾਲ ਵਿੱਚ ਕਿਸੇ ਵੀ ਟੀਮ ਦੁਆਰਾ ਸਭ ਤੋਂ ਵੱਧ ਹੈ।

ਇੱਕ ਦਿਲਚਸਪ ਗੱਲ ਇਹ ਵੀ ਰਹੀ ਕਿ ਪਾਕਿਸਤਾਨ ਦੇ ਸਾਹਿਬਜ਼ਾਦਾ ਫਰਹਾਨ ਨੇ ਟੀ-20 ਵਿਸ਼ਵ ਕੱਪ 2026 ਦੇ ਟੂਰਨਾਮੈਂਟ ਵਿੱਚ 383 ਦੌੜਾਂ ਦਾ ਟੌਪ ਰਿਕਾਰਡ ਬਣਾਇਆ ਜਦਕਿ ਨੂੰ ਨਿਊਜ਼ੀਲੈਂਡ ਦੇ ਟਿਮ ਸੀਫਰਟ 326 ਦੌੜਾਂ ਨਾਲ ਦੂਜੇ ਸਥਾਨ ‘ਤੇ ਰਹੇ ਹਨ।

Related posts

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

ਆਸਟ੍ਰੇਲੀਆ ‘ਚ ਪਹਿਲੀ ਵਾਰ ਕਿਸੇ ਨੂੰ ਨਫਰਤ ਫੈਲਾਉਣ ਵਾਲੀ ਗੈਰ-ਕਾਨੂੰਨੀ ਸੰਸਥਾ ਐਲਾਨਿਆ !

ਆਸਟ੍ਰੇਲੀਆ ਵਿੱਚ ਅਲੱਗ ਘਰਾਂ ਨੂੰ ਮਨਜ਼ੂਰੀ 41 ਮਹੀਨਿਆਂ ਦੇ ਉੱਚੇ ਪੱਧਰ ‘ਤੇ