ਪਟਿਆਲਾ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਦੱਸਣ ਕਿ ਕਦੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਪੰਜਾਬ ਵਿਚ 16 ਮੈਡੀਕਲ ਕਾਲਜ ਸਥਾਪਿਤ ਕਰੇਗੀ ਜਦੋਂ ਕਿ ਇਸਨੇ ਹੁਸ਼ਿਆਰਪਰ ਵਿਚ ਪਹਿਲੇ ਮੈਡੀਕਲ ਕਾਲਜ ਦਾ ਨੀਂਹ ਰੱਖਣ ਵਿਚ ਹੀ ਦੋ ਸਾਲ ਲਗਾ ਦਿੱਤੇ ਹਨ
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਤੇ ਉਹਨਾਂ ਦੀ ਸਿਰਫ ਪਬਲੀਸਿਟੀ ਦੇ ਭੁੱਖੇ ਹਨ। ਉਹਨਾਂ ਕਿਹਾ ਕਿ ਇਕ ਸਾਲ ਤੋਂ ਇਸ ਸਰਕਾਰ ਨੇ ਸੂਬੇ ਭਰ ਵਿਚ ਪੋਸਟਰ ਲਗਾਏ ਸਨ ਕਿ ਸੂਬੇ ਵਿਚ 16 ਮੈਡੀਕਲ ਕਾਲਜ ਖੋਲ੍ਹੇ ਜਾਣਗੇ ਪਰ ਹੁਣ ਉਹ ਹਰ ਲਗਾਤਾਰ ਝੂਠ ਬੋਲ ਰਹੇ ਹਨ। ਉਹਨਾਂ ਕਿਹਾ ਕਿ 16 ਮੈਡੀਕਲ ਕਾਲਜਾਂ ਦੀ ਗੱਲ ਤਾਂ ਛੱਡੋ ਅਗਲੇ ਤਿੰਨ ਸਾਲਾਂ ਵਿਚ ਸਿਰਫ ਇਕ ਹੀ ਮੈਡੀਕਲ ਕਾਲਜ ਸਥਾਪਿਤ ਕੀਤਾ ਜਾ ਸਕੇਗਾ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਛੋਟੇ ਪ੍ਰਾਜੈਕਟਾਂ ਦਾ ਉਦਘਾਟਨ ਕਰਨ ’ਤੇ ਸਵਾਲ ਚੁੱਕੇ। ਉਹਨਾਂ ਕਿਹਾ ਕਿ ਹੁਸ਼ਿਆਰਪਰ ਵਿਚ ਅੱਜ ਦੋ ਪਿੰਡਾਂ ਵਿਚ ਸੀਵਰੇਜ ਤੇ ਵਾਟਰ ਸਪਲਾਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ ਤੇ ਨਾਲ ਹੀ ਇਕ ਸਿੰਥੈਟਿਕ ਅਥਲੈਟਿਕ ਟਰੈਕ ਦਾ ਵੀ ਉਦਘਾਟਨ ਕੀਤਾ ਗਿਆ। ਉਹਨਾਂ ਕਿਹਾ ਕਿ ਆਪ ਦੇ ਕਨਵੀਨਰ ਵੱਲੋਂ ਇਹਨਾਂ ਪ੍ਰਾਜੈਕਟਾਂ ਦੇ ਉਦਘਾਟਨ ਦੀ ਲੋੜ ਕੀ ਸੀ ? ਉਹਨਾਂ ਕਿਹਾ ਕਿ ਮੁੱਖ ਮੰਤਰੀ ਵੀ ਅਜਿਹੇ ਛੋਟੇ ਪ੍ਰਾਜੈਕਟਾਂ ਦਾ ਉਦਘਾਟਨ ਨਹੀਂ ਕਰਦਾ। ਇਹਨਾਂ ਦਾ ਉਦਘਾਟਨ ਸਥਾਨਕ ਪੱਧਰ ਦੇ ਆਗੂ ਜਾਂ ਫਿਰ ਵਧੀਕ ਡਿਪਟੀ ਕਮਿਸ਼ਨਰ ਕਰ ਸਕਦਾ ਸੀ। ਉਹਨਾਂ ਕਿਹਾ ਕਿ ਪਹਿਲਾਂ ਵੀ ਸ੍ਰੀ ਕੇਜਰੀਵਾਲ ਨੇ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿਚ ਨਵੇਂ ਪੇਂਟ ਕੀਤੇ ਸਕੂਲ ਨੂੰ ਸਕੂਲ ਆਫ ਐਮੀਨੈਂਸ ਦਾ ਨਾਂ ਦੇ ਕੇ ਅਤੇ ਪਟਿਆਲਾ ਵਿਚ ਮਾਤਾ ਕੌਸ਼ਲਿਆ ਹਸਪਤਾਲਾ ਦਾ ਨਾਂ ਬਦਲ ਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬੀਆ ਨੂੰ ਮੂਰਖ ਬਣਾ ਕੇ ਦੇਸ਼ ਭਰ ਵਿਚ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਰਕਾਰ ਨੇ ਬਹੁਤ ਚੰਗਾ ਕੰਮ ਕੀਤਾ ਹੈ ਜਦੋਂ ਕਿ ਇਸਨੇ ਪੁਰਾਣੇ ਪ੍ਰਾਜੈਕਟਾਂ ਦੀ ਰਿਪੈਕੇਜ਼ਿੰਗ ਤੋਂ ਇਲਾਵਾ ਕੱਖ ਨਹੀਂ ਕੀਤਾ।
ਅਕਾਲੀ ਦਲ ਦੇ ਪ੍ਰਧਾਨ ਨੇ ਇਸ ਗੱਲ ਦਾ ਵੀ ਗੰਭੀਰ ਨੋਟਿਸ ਲਿਆ ਕਿ ਆਪ ਵਿਧਾਇਕ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਵਪਾਰਾਂ ’ਤੇ ਕਬਜ਼ੇ ਕਰਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਜਿਵੇਂ ਆਪ ਦੇ ਸਾਰੇ ਵਿਧਾਇਕ ਕੇਬਲ ਤੇ ਮਾਇਨਿੰਗ ਕੰਮ ’ਤੇ ਕਬਜ਼ੇ ਕਰਨ ’ਤੇ ਰੁੱਝੇ ਹਨ। ਉਹਨਾਂ ਨੇ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਸਰਦਾਰ ਅਮਿਤ ਸਿੰਘ ਰਾਠੀ ’ਤੇ ਝੂਠਾ ਪਰਚਾ ਦਰਜ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ।
ਸਰਦਾਰ ਬਾਦਲ ਨੇ ਕਿਹਾ ਕਿ ਸਰਦਾਰ ਰਾਠੀ ਤੇ ਉਹਨਾਂ ਦੇ ਸਹਿਯੋਗੀਆਂ ’ਤੇ ਆਪ ਦੀ ਸ਼ਹਿ ਪ੍ਰਾਪਤ ਗੁੰਡਿਆਂ ਨੇ ਹਮਲਾ ਕੀਤਾ ਤੇ ਬਜਾਏ ਹਮਲਾਵਰਾਂ ਖਿਲਾਫ ਕਾਰਵਾਈ ਕਰਨ ਦੇ ਪਟਿਆਲਾ ਪੁਲਿਸ ਨੇ ਉਲਟਾ ਆਪ ਵਿਧਾਇਕਾਂ ਦੇ ਹੁਕਮਾਂ ’ਤੇ ਪੀੜਤਾਂ ਖਿਲਾਫ ਹੀ ਕੇਸ ਦਰਜ ਕਰ ਦਿੱਤੇ। ਉਹਨਾਂ ਨੇ ਪਟਿਆਲਾ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਉਹ ਆਪ ਵਿਧਾਇਕਾਂ ਦੀ ਕਠਪੁਤਲੀ ਨਾ ਬਣੇ ਬਲਕਿ ਉਹਨਾਂ ਸਾਰੇ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਕੀਤੀ ਜਾਵੇ ਜਿਹਨਾਂ ਨੇ ਆਪਣੇ ਆਪ ਨੂੰ ਆਪ ਸਰਕਾਰ ਵੱਲੋਂ ਦੁਰਵਰਤੋਂ ਕਰਨ ਦੀ ਆਗਿਆ ਦਿੱਤੀ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਹਨਾਂ ਸਾਰਿਆਂ ਤੋਂ ਹਿਸਾਬ ਲਏ ਜਾਣਗੇ।
ਸਰਦਾਰ ਬਾਦਲ ਨੇ ਸੂਬੇ ਵਿਚ ਅਮਨ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਅਸੀਂ ਸੁਣ ਰਹੇ ਹਾਂ ਕਿ ਰੋਜ਼ਾਨਾਂ ਕਤਲ, ਫਿਰੌਤੀਆਂ ਤੇ ਅਗਵਾਕਾਰੀਆਂ ਨਿੱਤ ਦਿਹਾੜੇ ਦਾ ਕੰਮ ਬਣ ਗਿਆ ਹੈ। ਉਹਨਾਂ ਕਿਹਾ ਕਿ ਹੁਣ ਤਾਂ ਸੂਬੇ ਵਿਚ ਪੁਲਿਸ ਮੁਲਾਜ਼ਮਾਂ ਦਾ ਵੀ ਕਤਲ ਹੋ ਰਿਹਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਸਪਸ਼ਟ ਕੀਤਾ ਕਿ ਜੇਕਰ ਮੁੱਖ ਮੰਤਰੀ ਲਿਖਤੀ ਮੁਆਫੀ ਨਹੀਂ ਮੰਗਦੇ ਤੇ ਬਾਦਲ ਪਰਿਵਾਰ ਦੀ ਬਦਨਾਮੀ ਕਰਨ ਵਿਚ ਆਪਣਾ ਹੱਥ ਪਿੱਛੇ ਖਿੱਚਣ ਦਾ ਯਤਨ ਕਰਦੇ ਹਨ ਤਾਂ ਉਹਨਾਂ ਨੂੰ ਫੌਜਦਾਰੀ ਕੇਸ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਉਹ ਸ੍ਰੀ ਭਗਵੰਤ ਮਾਨ ਨੂੰ ਅਦਾਲਤ ਵਿਚ ਬੇਨਕਾਬ ਕਰਨਗੇ।
ਇਸ ਮੌਕੇ ਸੀਨੀਅਰ ਆਗੂ ਸਰਦਾਰ ਸੁਰਜੀਤ ਸਿੰਘ ਰੱਖੜਾ ਵੀ ਹਾਜ਼ਰ ਸਨ।