ਆਪ ਸਰਕਾਰ ਨੇ ਪੰਜਾਬ ਨੂੰ ਕਰਜ਼ਾਈ ਕਰਕੇ ਵਿੱਤੀ ਵੈਂਟੀਲੇਟਰ ‘ਤੇ ਸੁੱਟਿਆ- ਮਜੀਠੀਆ

ਬਟਾਲਾ – ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿਚ ਅੱਜ ਗਰੀਨ ਪਾਲਮ ਰੀਜ਼ੋਰਟ ਬੁੱਲ੍ਹੇਵਾਲ ਵਿਖੇ ਚੋਣ ਮੀਟਿੰਗ ਨੂੰ ਸੰਬੋਧਨ ਕਰਨ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਸਿਰ ਕਰਜ਼ੇ ਦੀ ਪੰਡ ਪੌਣੇ ਚਾਰ ਲੱਖ ਕਰੋੜ ਤੱਕ ਪਹੁੰਚਾ ਕੇ ਸੂਬੇ ਨੂੰ ਵਿੱਤੀ ਵੈਂਟੀਲੇਟਰ ‘ਤੇ ਲਾ ਦਿੱਤਾ ਹੈ। ਮਜੀਠੀਆ ਨੇ ਸੰਬੋਧਨ ਕਰਦਿਆਂ ਆਖਿਆ ਕਿ ਦਿੱਲੀ ਤੋਂ ਪੰਜਾਬ ‘ਚ ਆ ਕੇ ਚੋਣ ਗਾਰੰਟੀਆਂ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਇਹ ਪਤਾ ਨਹੀਂ ਕਿ ਪੌਣੇ ਦੋ ਫੀਸਦੀ ਜ਼ਮੀਨ ‘ਤੇ ਖੇਤੀ ਕਰਕੇ ਦੇਸ਼ ਦੇ ਅੰਨ੍ਹ ਭੰਡਾਰ ਵਿਚ 50 ਫੀਸਦੀ ਅਨਾਜ ਪਾਉਣ ਵਾਲਾ ਪੰਜਾਬ ਤਾਂ ਖੁਦ ਦੇਸ਼ ਨੂੰ ਅੰਨ ਸੁਰੱਖਿਆ ਦਿੰਦਾ ਹੈ, ਇਸ ਨੂੰ ਕੌਣ ਗਾਰੰਟੀਆਂ ਦੇ ਸਕਦਾ ਹੈ? ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੀ ਆਜ਼ਾਦੀ ਵਿਚ 90 ਫੀਸਦੀ ਕੁਰਬਾਨੀਆਂ ਕਰਨ ਤੋਂ ਇਲਾਵਾ ਦੇਸ਼ ਦੀਆਂ ਸਰਹੱਦਾਂ ਨੂੰ ਵੀ ਦੁਸ਼ਮਣਾਂ ਤੋਂ ਬਚਾਉਂਦਾ ਹੈ ਪਰ ਦਿੱਲੀ ਤੋਂ ਆ ਕੇ ਪੰਜਾਬ ਵਿਚ ਰਾਜ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਕੰਗਾਲ ਕਰਨ ਦਾ ਤਹੱਈਆ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਸਿਰ ਕਰਜ਼ੇ ਦੀ ਪੰਡ ਤਾਂ ਭਾਰੀ ਕੀਤੀ ਹੈ ਪਰ ਇਸ ਦੇ ਬਦਲੇ ਵਿਚ ਸੂਬੇ ਵਿਚ ਕੋਈ ਵਿਕਾਸ ਕਾਰਜ, ਸਕੂਲ, ਹਸਪਤਾਲ, ਸੜਕ ਜਾਂ ਲੋਕ ਭਲਾਈ ਵਾਲੀ ਨਵੀਂ ਸਹੂਲਤ ਦੇਣ ਕਾਰਜ ਨਹੀਂ ਕੀਤਾ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਬਦਲਾਅ ਦੇ ਝਾਂਸੇ ਵਿਚ ਲਿਆ ਕੇ ਠੱਗ ਲਿਆ ਪਰ ਹੁਣ ਪੰਜਾਬੀ ਨਹੀਂ ਠੱਗੇ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਭ੍ਰਿਸ਼ਟਾਚਾਰੀ ਕਹਿਣ ਵਾਲੀ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਵਿਚ ਕਾਂਗਰਸ ਨਾਲ ਫਿਕਸਡ ਮੈਚ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਆਗੂ ਕਾਂਗਰਸ ਲਈ ਵੋਟਾਂ ਮੰਗ ਰਹੇ ਹਨ ਪਰ ਪੰਜਾਬ ਵਿਚ ਦੋਵਾਂ ਪਾਰਟੀਆਂ ਦੇ ਆਗੂ ਇਕ-ਦੂਜੇ ਨੂੰ ਗਾਲਾਂ ਕੱਢ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਉਨ੍ਹਾਂ ਕੇਜਰੀਵਾਲ ‘ਤੇ ਵਰ੍ਹਦਿਆਂ ਆਖਿਆ ਕਿ ਲੋਕ ਸਭਾ ਚੋਣਾਂ ਵਿਚ ਲੋਕਾਂ ਨੂੰ ਝੂਠੀਆਂ ਗਾਰੰਟੀਆਂ ਦੇਣ ਵਾਲੇ ਕੇਜਰੀਵਾਲ ਪਹਿਲਾਂ ਪੰਜਾਬ ਦੇ ਲੋਕਾਂ ਨੂੰ 2022 ਦੀਆਂ ਸੂਬਾਈ ਚੋਣਾਂ ਵਿਚ ਦਿੱਤੀਆਂ ਗਾਰੰਟੀਆਂ ਨਾ ਪੂਰੀਆਂ ਹੋਣ ਦਾ ਜਵਾਬ ਦੇਣ। ਮਜੀਠੀਆ ਨੇ ਭਾਰਤੀ ਜਨਤਾ ਪਾਰਟੀ ਨੂੰ ਕਿਸਾਨਾਂ ਦੀ ਕਾਤਲ ਦੱਸਦਿਆਂ ਆਖਿਆ ਕਿ ਆਪਣੇ ਹੱਕਾਂ ਲਈ ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਸ਼ੰਭੂ ਹੱਦ ‘ਤੇ ਰੋਕ ਕੇ ਹਰਿਆਣਾ ਸਰਕਾਰ ਵਲੋਂ ਆਪਣੀ ਪੁਲਿਸ ਰਾਹੀਂ ਹੰਝੂ ਗੈਸ, ਜਲ ਤੋਪਾਂ ਤੇ ਗੋਲੀਆਂ ਚਲਾ ਕੇ ਭਾਰੀ ਜਬਰ ਕੀਤਾ ਗਿਆ ਸੀ ਪਰ ਹੁਣ ਮੌਕਾ ਹੈ ਕਿ ਭਾਜਪਾ ਦੇ ਉਮੀਦਵਾਰਾਂ ਨੂੰ ਵੀ ਪੰਜਾਬ ਵਿਚ ਵੜਣ ਨਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕੋ ਇਕ ਪੰਜਾਬ ਦੀ ਖੇਤਰੀ ਪਾਰਟੀ ਹੈ, ਜੋ ਪੰਜਾਬ ਦੇ ਹਿਤਾਂ ਦੀ ਪਹਿਰੇਦਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਰਖਵਾਲਾ ਸ੍ਰੋਮਣੀ ਅਕਾਲੀ ਦਲ ਹੈ, ਜਿਸ ਦੀ ਸਰਕਾਰ ਹੁੰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਸ.ਵਾਈ.ਐਲ. ਨਹਿਰ ਵਾਲੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਕੇ ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਦੇਣ ਤੋਂ ਕੋਰੀ ਨਾਂਹ ਕਰਨ ਦਾ ਸਖਤ ਸਟੈਂਡ ਲਿਆ ਸੀ।ਇਸ ਮੌਕੇ ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬੀ ਠੱਗੇ ਗਏ ਸਨ, ਕਿਉਂਕਿ ਉਦੋਂ ਆਮ ਆਦਮੀ ਪਾਰਟੀ ਨੇ ‘ਇਕ ਮੌਕਾ ਕੇਜਰੀਵਾਲ ਨੂੰ’ ਦਾ ਨਾਅਰਾ ਲਾ ਕੇ ਵੋਟਾਂ ਮੰਗੀਆਂ ਸਨ ਪਰ ਹੁਣ ਕੇਜਰੀਵਾਲ ਦੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਜੇਲ੍ਹ ਜਾਣ ਤੋਂ ਬਾਅਦ ਪੰਜਾਬੀਆਂ ਨੂੰ ਸਮਝ ਆਈ ਕਿ ਕੇਜਰੀਵਾਲ ਇਕ ਮੌਕਾ ਪੰਜਾਬ ਦੇ ਭਲੇ ਲਈ ਨਹੀਂ ਸਗੋਂ ਠੱਗੀਆਂ ਮਾਰਨ ਲਈ ਮੰਗ ਰਹੇ ਸਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਕਿਸੇ ਦੇ ਬਹਿਕਾਵੇ ਵਿਚ ਨਾ ਆਉਣ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਦੇਣ, ਜਿਸ ਨੇ ਹਮੇਸ਼ਾ ਆਪਣੀਆਂ ਸਰਕਾਰਾਂ ਵੇਲੇ ਹਰ ਵਰਗ ਨੂੰ ਸਹੂਲਤਾਂ ਦਿੱਤੀਆਂ ਤੇ ਕਾਨੂੰਨ ਦਾ ਰਾਜ ਕਾਇਮ ਕੀਤਾ।
ਇਸ ਮੌਕੇ ਫਤਹਿਗੜ੍ਹ ਚੂੜੀਆਂ ਦੇ ਹਲਕਾ ਇੰਚਾਰਜ ਲਖਬੀਰ ਸਿੰਘ ਲੋਧੀਨੰਗਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੂੰ ਵੱਡੇ ਬਹੁਮਤ ਨਾਲ ਜਿਤਾ ਕੇ ਲੋਕ ਸਭਾ ਵਿਚ ਭੇਜਣਾ ਜ਼ਰੂਰੀ ਹੈ ਤਾਂ ਜੋ ਕੇਂਦਰ ਸਰਕਾਰ ਵਿਚ ਪੰਜਾਬ ਦੇ ਹਿਤਾਂ ਦੀ ਸਹੀ ਨੁਮਾਇੰਦਗੀ ਕੀਤੀ ਜਾ ਸਕੇ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ ਦੇ ਜ਼ਿਲ੍ਹਾ ਜਥੇਦਾਰ ਰਮਨਦੀਪ ਸਿੰਘ ਸੰਧੂ, ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਜੀਤ ਸਿੰਘ ਬਿਜਲੀਵਾਲ, ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਪੰਨੂ, ਸਰਕਲ ਪ੍ਰਧਾਨ ਸੁਖਰਾਜ ਸਿੰਘ ਬਿਸ਼ਨੀਵਾਲ, ਰਣਬੀਰ ਸਿੰਘ ਪੰਨੂ, ਸਰਪੰਚ ਕੁਲਦੀਪ ਸਿੰਘ, ਰੂਪ ਮਸੀਹ ਬਿਸ਼ਨੀਵਾਲ, ਪਲਵਿੰਦਰ ਸਿੰਘ ਨੰਬਰਦਾਰ ਕੌਂਸਲਰ ਬਟਾਲਾ, ਸਰਪੰਚ ਵੱਸਣ ਸਿੰਘ, ਬਲਾਕ ਸੰਮਤੀ ਮੈਂਬਰ ਜਰਨੈਲ ਸਿੰਘ ਲਾਡੀ, ਸੋਨੂੰ ਲੋਧੀਨੰਗਲ, ਬੀ.ਸੀ. ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਜਾਗੀਰ ਮਸੀਹ, ਰਣਜੋਧ ਸਿੰਘ ਘੋਗਾ, ਨਵਜੋਤ ਸਿੰਘ ਕਾਲਾ ਅਫਗਾਨਾ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸਵਿੰਦਰ ਕੁਮਾਰ ਸਿੰਦੀ, ਪ੍ਰਤਾਪ  ਭੱਟੀ, ਸਵਿੰਦਰ ਕੁਮਾਰ ਸ਼ਿੰਦੀ, ਜੋਬਨਜੀਤ ਸਿੰਘ ਮੈਨੇਜਰ, ਸਰਕਲ ਪ੍ਰਧਾਨ ਕੁਲਦੀਪ ਸਿੰਘ ਕੋਟਮਸ, ਅਮਰੀਕ ਸਿੰਘ ਤਲਵੰਡੀ ਲਾਲ ਸਿੰਘ, ਮਨਦੀਪ ਸਿੰਘ, ਅਮਰੀਕ ਸਿੰਘ ਬਾਲੇਵਾਲ, ਸਤਨਾਮ ਸਿੰਘ ਜੇ.ਈ., ਸੁਖਜਿੰਦਰ ਸਿੰਘ, ਸੰਤੋਖ ਸਿੰਘ ਦਮੋਦਰ, ਡਾਕਟਰ ਕੁਲਦੀਪ ਸਿੰਘ ਸੰਘੇੜਾ, ਰਣਜੀਤ ਸਿੰਘ ਵੜੈਚ, ਦਵਿੰਦਰ ਸਿੰਘ ਮੈਨੇਜਰ, ਭੁਪਿੰਦਰ ਸਿੰਘ ਮਾਨ, ਸੁਰਜੀਤ ਸਿੰਘ, ਕਸ਼ਮੀਰ ਸਿੰਘ, ਪ੍ਰਤਾਪ ਭੱਟੀ ਸਰਹਾਲੀ, ਗੁਰਮੁੱਖ ਸਿੰਘ ਬਹਾਦੁਰਪੁਰ, ਸੁਖਦੇਵ ਸਿੰਘ ਬਾਲੇਵਾਲ, ਰਾਮਨਦੀਪ ਸਿੰਘ ਸੰਧੂ ਅਤੇ ਬਲਦੇਵ ਮਸੀਹ ਆਦਿ ਵੀ ਹਾਜ਼ਰ ਸਨ।

Related posts

ਸਰਕਾਰੀ ਸਮਾਗਮ ਨੂੰ ਰਾਜਨੀਤਕ ਰੈਲੀ ਵਜੋਂ ਵਰਤਣ ‘ਤੇ ਰੰਧਾਵਾ ਵਲੋਂ ਪ੍ਰਧਾਨ ਮੰਤਰੀ ਨੂੰ ਸਿ਼ਕਾਇਤ

ਅਕਾਲੀ ਦਲ ਦੀ ਸਰਕਾਰ ਆਉਣ ‘ਤੇ ‘ਵਰਲਡ ਕੱਪ ਕਬੱਡੀ’ ਮੁੜ ਸ਼ੁਰੂ ਕੀਤਾ ਜਾਵੇਗਾ – ਸੁਖਬੀਰ ਬਾਦਲ

ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਦੀ ਤਬੀਅਤ ਮੁੜ ਨਾਸਾਜ਼ !