ਬੌਂਡੀ ਬੀਚ ਹਮਲੇ ਦੇ ਪੀੜਤਾਂ ਨੂੰ ਨਿਊ ਯੀਅਰਜ਼ ਈਵ ‘ਤੇ ਸ਼ਰਧਾਂਜਲੀ ਦੇਣ ਦੇ ਲਈ ਇਸ ਵਾਰ ਨਿਊ ਯੀਅਰਜ਼ ਈਵ ‘ਤੇ ਦੁਨੀਆਂ ਦੇ ਪ੍ਰਸਿੱਧ ਸਿਡਨੀ ਹਾਰਬਰ ਬ੍ਰਿਜ਼ ਦੀ ਆਤਿਸ਼ਬਾਜ਼ੀ ਦੇ ਵਿੱਚ ਕੁੱਝ ਬਦਲਾਅ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਥੇ ਸਿਡਨੀ ਸ਼ਹਿਰ ਨਵੇਂ ਸਾਲ ਦੇ ਸਵਾਗਤ ਦੀ ਤਿਆਰੀ ਕਰ ਰਿਹਾ ਹੈ ਉਥੇ ਨਾਲ ਹੀ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਭਾਰੀ ਪੁਲਿਸ ਵੀ ਮੌਜੂਦ ਰਹੇਗੀ।
ਇਸ ਵਾਰ ਨਿਊ ਯੀਅਰਜ਼ ਈਵ ‘ਤੇ ਰਾਤ 9 ਵਜੇ ਸਿਡਨੀ ਹਾਰਬਰ ਬ੍ਰਿਜ਼ ਸਫ਼ੈਦ ਰੌਸ਼ਨੀ ਦੇ ਨਾਲ ਚਮਕੇਗਾ ਜਿਸ ਉਪਰ ਇੱਕ ਕਬੂਤਰ ਦੀ ਤਸਵੀਰ ਨਾਲ ‘ਸ਼ਾਂਤੀ’ (ਪੀਸ) ਸ਼ਬਦ ਲਿਖਿਆ ਹੋਵੇਗਾ। ਇਸ ਤੋਂ ਬਾਅਦ, ਸ਼ਹਿਰ ਬੌਂਡੀ ਬੀਚ ਅਟੈਕ ਦੇ ਪੀੜਤਾਂ ਨੂੰ ਯਾਦ ਕਰਨ ਅਤੇ ਯਹੂਦੀ ਵਿਰੋਧ ਭਾਵਨਾ ਦੀ ਨਿੰਦਾ ਕਰਨ ਵਾਸਤੇ ਇਕੱਠੇ ਹੋਣ ਦੇ ਲਈ ਇੱਕ ਮਿੰਟ ਦਾ ਮੌਨ (ਚੁੱਪ) ਵੀ ਰੱਖੇਗਾ। ਇਸ ਸਮਾਗਮ ਦੇ ਅਧਿਕਾਰਕ ਚੈਰਿਟੀ ਪਾਰਟਨਰ ‘ਬਿਯੋਂਡ ਬਲੂ’ ਦੇ ਸਨਮਾਨ ਦੇ ਵਿੱਚ ਰਾਤ 10 ਵਜੇ ਤੋਂ ਹਾਰਬਰ ਬ੍ਰਿਜ਼ ਨੀਲੇ ਰੰਗ ਦੀ ਰੋਸ਼ਨੀ ਵਿੱਚ ਚਮਕੇਗਾ।
ਆਤਿਸ਼ਬਾਜ਼ੀ ਦੇਖਣ ਦੇ ਲਈ ਇੱਕ ਮਿਲੀਅਨ ਤੋਂ ਵੱਧ ਲੋਕਾਂ ਦੇ ਹਾਰਬਰ ਬ੍ਰਿਜ਼ ਦੇ ਕੰਢੇ ਆਉਣ ਦੀ ਉਮੀਦ ਹੈ ਅਤੇ ਦੁਨੀਆਂ ਭਰ ਵਿੱਚ ਟੈਲੀਵਿਜ਼ਨ ਰਾਹੀਂ ਕਰੋੜਾਂ ਲੋਕ ਇਹ ਦ੍ਰਿਸ਼ ਦੇਖਣਗੇ। ਹਾਲਾਂਕਿ ਬੌਂਡੀ ਬੀਚ ਅਟੈਕ ਦੇ ਮੱਦੇਨਜ਼ਰ ਕੁੱਝ ਹੋਰ ਆਤਿਸ਼ਬਾਜ਼ੀ ਸਮਾਗਮ ਰੱਦ ਕਰ ਦਿੱਤੇ ਗਏ ਹਨ, ਪਰ ਪੈਰਾਮਾਟਾ, ਕੂਗੀ, ਮੈਨਲੀ ਅਤੇ ਲਿਵਰਪੂਲ ਦੇ ਸਮਾਗਮ ਜਾਰੀ ਰਹਿਣਗੇ। ਇਸੇ ਦੌਰਾਨ, ਵੇਵਰਲੀ ਕੌਂਸਲ ਨੇ ਬੌਂਡੀ ਬੀਚ ‘ਤੇ ਨਿਊ ਯੀਅਰਜ਼ ਈਵ ਦੀਆਂ ਸਾਰੀਆਂ ਗਤੀਵਿਧੀਆਂ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿੱਚ ਬਹੁਤ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਇਲੈਕਟ੍ਰੋਨਿਕ ਸੰਗੀਤ ਮੇਲਾ ‘ਐਲਰੋ ਬੌਂਡੀ ਬੀਚ ਡਬਲਐਕਸਐਲ਼’ ਵੀ ਸ਼ਾਮਲ ਹੈ। ਇਹ ਸੰਗੀਤ ਮੇਲਾ ਦੁਨੀਆਂ ਭਰ ਵਿੱਚ ਪ੍ਰਸਿੱਧ ਬੌਂਡੀ ਬੀਚ ‘ਤੇ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਆਪਣੀ ਕਿਸਮ ਦਾ ਪਹਿਲਾ ਸਮਾਗਮ ਹੋਣਾ ਸੀ।
ਸਿਡਨੀ ਸ਼ਹਿਰ ਦੇ ਵਿੱਚ ਨਿਊ ਯੀਅਰਜ਼ ਈਵ ਤੋਂ ਪਹਿਲਾਂ ਸ਼ਹਿਰ ਭਰ ਵਿੱਚ ਸਮਾਗਮ ਸੰਬੰਧੀ ਤਿਆਰੀਆਂ ਜੋਰਾਂ-ਸ਼ੋਰਾਂ ਦੇ ਨਾਲ ਚੱਲ ਰਹੀਆਂ ਹਨ। ਇਸ ਸਾਲ ਦੇ ਸਮਾਗਮ ਦੌਰਾਨ ਪੁਲਿਸ ਦੀ ਮੌਜੂਦਗੀ ਕਾਫ਼ੀ ਜਿਆਦਾ ਹੋਵੇਗੀ, ਕਿਉਂਕਿ ਬੌਂਡੀ ਹਮਲੇ ਤੋਂ ਬਾਅਦ ‘ਓਪਰੇਸ਼ਨ ਸ਼ੈਲਟਰ’ ਪੂਰੀ ਸਰਗਰਮੀ ਨਾਲ ਚੱਲ ਰਿਹਾ ਹੈ। ਨਿਊ ਸਾਊਥ ਵੇਲਜ਼ ਪੁਲਿਸ ਦੇ ਅਧਿਕਾਰੀ ਆਤਿਸ਼ਬਾਜ਼ੀ ਦੇਖਣ ਦੇ ਲਈ ਮਸ਼ਹੂਰ ਥਾਵਾਂ ‘ਤੇ ਤੈਨਾਤ ਰਹਿਣਗੇ ਅਤੇ ਹੋਰ ਜਿਆਦਾ ਸੀਸੀਟੀਵੀ ਕੈਮਰੇ ਭੀੜ ‘ਤੇ ਨਿਗਰਾਨੀ ਰੱਖਣਗੇ।
ਸਿਡਨੀ ਦੀ ਲਾਰਡ ਮੇਅਰ ਕਲੋਵਰ ਮੂਰ ਨੇ ਇਸ ਸਬੰਧੀ ਦੱਸਿਆ ਹੈ ਕਿ, “ਭਾਵੇਂ ਅਸੀਂ ਬੌਂਡੀ ਵਿੱਚ ਵਾਪਰੇ ਤਾਜ਼ਾ ਦੁਖਾਂਤ ਤੋਂ ਹਾਲੇ ਵੀ ਸੰਭਲ ਰਹੇ ਹਾਂ, ਨਿਊ ਯੀਅਰਜ਼ ਈਵ ਸਾਨੂੰ ਇੱਕ ਭਾਈਚਾਰੇ ਵਜੋਂ ਇਕੱਠ ਹੋਣ, ਰੁਕ ਕੇ ਵਿਚਾਰ ਕਰਨ ਅਤੇ ਹੋਰ ਜਿਆਦਾ ਸ਼ਾਂਤੀਪੂਰਨ 2026 ਦੀ ਉਮੀਦ ਦੇ ਨਾਲ ਦੇਖਣ ਦਾ ਮੌਕਾ ਦਿੰਦਾ ਹੈ।” ਲਾਰਡ ਮੇਅਰ ਕਲੋਵਰ ਮੂਰ ਨੇ ਲੋਕਾਂ ਨੂੰ ਆਪਣੇ ਮੋਬਾਈਲ ਫੋਨ ਦੀ ਟਾਰਚ ਔਨ ਕਰਕੇ ਇਕਜੁੱਟਤਾ ਦਰਸਾਉਣ ਲਈ ਵੀ ਪ੍ਰੇਰਿਤ ਕਰਦਿਆਂ ਸਾਰਿਆਂ ਨੂੰ ਰੁਕ ਕੇ ਟਾਰਚ ਦੀ ਰੋਸ਼ਨੀ ਜਲਾਉਣ ਦੀ ਅਪੀਲ ਕੀਤੀ ਤਾਂ ਜੋ ਇਸਾਈ ਭਾਈਚਾਰੇ ਨੂੰ ਦੱਸਿਆ ਜਾ ਸਕੇ ਕਿ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ ਅਤੇ ਅਸੀਂ ਹਿੰਸਾ, ਡਰ ਅਤੇ ਯਹੂਦੀਆਂ ਵਿਰੁੱਧ ਭਾਵਨਾ ਨਫ਼ਰਤ ਨੂੰ ਰੱਦ ਕਰਦੇ ਹਾਂ। ਇਹ ਪਲ ਲੋਕਾਂ ਨੂੰ ਆਦਰ ਦਿਖਾਉਣ, ਇਸ ਭਿਆਨਕ ਘਟਨਾ ‘ਤੇ ਵਿਚਾਰ ਕਰਨ ਅਤੇ ਇਹ ਕਹਿਣ ਦਾ ਮੌਕਾ ਦੇਣਗੇ ਕਿ ਅਸੀਂ ਇਸ ਨਫ਼ਰਤ ਭਰੇ ਅੱਤਵਾਦ ਦੇ ਕੰਮ ਸਾਨੂੰ ਵੰਡਣ ਨਹੀਂ ਦੇਵਾਂਗੇ।