ਈਂਧਨ, ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਵਾਪਸ ਲੈਣ ਦੀ ਉੱਠੀ ਮੰਗ

ਨਵੀਂ ਦਿੱਲੀ – ਵਿਰੋਧੀ ਪਾਰਟੀਆਂ ਨੇ ਪੈਟਰੋਲ-ਡੀਜ਼ਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਖ਼ਿਲਾਫ਼ ਸੰਸਦ ਦੇ ਦੋਵਾਂ ਸਦਨਾਂ ‘ਚ ਭਾਰੀ ਹੰਗਾਮਾ ਕੀਤਾ ਤੇ ਸਰਕਾਰ ਨੂੰ ਫ਼ੌਰੀ ਤੌਰ ‘ਤੇ ਵਧੀਆਂ ਕੀਮਤਾਂ ਵਾਪਸ ਲੈਣ ਦੀ ਮੰਗ ਕੀਤੀ। ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਨੂੰ ਵੀ ਜਨਤਾ ‘ਤੇ ਭਾਰੀ ਬੋਝ ਕਰਾਰ ਦਿੰਦੇ ਹੋਏ ਪੈਟਰੋਲੀਅਮ ਉਤਪਾਦਾਂ ਨਾਲ ਚੁਫੇਰਿਓਂ ਵਧਦੀ ਮਹਿੰਗਾਈ ਬਾਰੇ ਪ੍ਰਧਾਨ ਮੰਤਰੀ ਤੋਂ ਸੰਸਦ ‘ਚ ਬਿਆਨ ਦੇਣ ਦੀ ਮੰਗ ਵੀ ਕੀਤੀ। ਮਹਿੰਗਾਈ ਦੇ ਮੁੱਦੇ ‘ਤੇ ਵਿਰੋਧੀ ਧਿਰ ਦੇ ਹਮਲਾਵਰ ਤੇਵਰ ਦੇਖਦੇ ਹੋਏ ਸਰਕਾਰ ਨੇ ਅਗਲੇ ਹਫ਼ਤੇ ਲੋਕ ਸਭਾ ‘ਚ ਇਸ ‘ਤੇ ਚਰਚਾ ਲਈ ਹਾਮੀ ਭਰ ਦਿੱਤੀ ਹੈ।

ਸੋਮਵਾਰ ਨੂੰ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਸੰਸਦ ਮੈਂਬਰਾਂ ਨੇ ਪੈਟਰੋ-ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ ਹੰਗਾਮਾ ਸ਼ੁਰੂ ਕਰ ਦਿੱਤਾ। ਰਾਜ ਸਭਾ ‘ਚ ਸਭਾਪਤੀ ਵੈਂਕਈਆ ਨਾਇਡੂ ਨੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਇਸ ਮੁੱਦੇ ‘ਤੇ ਦਿੱਤੇ ਗਏ ਕੰਮ ਰੋਕੂ ਮਤੇ ਨੂੰ ਨਾਮਨਜ਼ੂਰ ਕਰਨ ਦੇ ਐਲਾਨ ਦੇ ਨਾਲ ਹੀ ਸਦਨ ਨੂੰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ। ਸਦਨ ਮੁਲਤਵੀ ਕੀਤੇ ਜਾਣ ਤੋਂ ਬਾਅਦ ਤਿ੍ਣਮੂਲ ਕਾਂਗਰਸ ਨੇਤਾ ਡੇਰੇਕ ਓ ਬ੍ਰਾਇਨ ਨੇ ਟਵੀਟ ਜ਼ਰੀਏ ਹੈਰਤ ਪ੍ਰਗਟ ਕਰਦੇ ਹੋਏ ਕਿਹਾ ਕਿ ਵਿਰੋਧੀ ਧਿਰ ਨੂੰ ਸੰਸਦ ‘ਚ ਆਪਣੀ ਗੱਲ ਰੱਖਣ ਦਾ ਮੌਕਾ ਵੀ ਨਹੀਂ ਦਿੱਤਾ ਜਾ ਰਿਹਾ। ਲੋਕ ਸਭਾ ‘ਚ ਪ੍ਰਸ਼ਨ ਕਾਲ ‘ਚ ਕਾਂਗਰਸ ਸਮੇਤ ਹੋਰ ਵਿਰੋਧੀ ਮੈਂਬਰਾਂ ਨੇ ਕੀਮਤਾਂ ਵਾਪਸ ਲੈਣ ਦੀ ਮੰਗ ਕਰਦੇ ਹੋਏ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ‘ਤੇ ਸਪੀਕਰ ਓਮ ਬਿਰਲਾ ਨੇ ਆਪਣੀ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਪ੍ਰਸ਼ਨਕਾਲ ਖ਼ਰਾਬ ਨਾ ਕਰਨ ਤੇ ਸਿਫ਼ਰ ਕਾਲ ‘ਚ ਇਸ ਨੂੰ ਉਠਾਉਣ ਲਈ ਕਿਹਾ। ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਸੰਖੇਪ ਤੌਰ ‘ਤੇ ਰੁਕੀ ਤੇ ਫਿਰ ਸਿਫਰ ਕਾਲ ‘ਚ ਕਾਂਗਰਸ ਸੰਸਦ ਦਲ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਦਾ ਹਿੱਸਾ ਮੁਸ਼ਕਲ ਨਾਲ ਅੱਧਾ ਫ਼ੀਸਦੀ ਹੈ। ਹਕੀਕਤ ਇਹ ਹੈ ਕਿ ਸਰਕਾਰ ਜਨਤਾ ਨੂੰ ਲੁੱਟ ਆਪਣੀ ਤਿਜੋਰੀ ਭਰ ਰਹੀ ਹੈ। ਬੀਤੇ ਕਰੀਬ ਅੱਠ ਸਾਲ ‘ਚ ਪੈਟਰੋਲ-ਡੀਜ਼ਲ ‘ਤੇ ਟੈਕਸ ਜ਼ਰੀਏ ਸਰਕਾਰ 26 ਲੱਖ ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਆਲਮ ਇਹ ਹੈ ਕਿ 800 ਤੋਂ ਵੱਧ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ‘ਚ ਵੀ ਵੱਡਾ ਵਾਧਾ ਕੀਤਾ ਜਾ ਰਿਹਾ ਹੈ। ਅਧੀਰ ਨੇ ਕਿਹਾ ਕਿ ਇਸ ਵਾਧੇ ਕਾਰਨ ਹੀ ਕਾਂਗਰਸ ਨੇ 31 ਮਾਰਚ ਤੋਂ ਮਹਿੰਗਾਈ ਮੁਕਤ ਭਾਰਤ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਹੈ।

ਡੀਐੱਮਕੇ ਨੇਤਾ ਟੀਆਰ ਬਾਲੂ ਨੇ ਵੀ ਕੀਮਤਾਂ ‘ਚ ਵਾਧੇ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਹਫ਼ਤੇ ਭਰ ‘ਚ ਹੀ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ‘ਚ ਚਾਰ ਰੁਪਏ ਪ੍ਰਤੀ ਲੀਟਰ ਤੋਂ ਵੱਧ ਦਾ ਵਾਧਾ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਹੈ ਕਿ ਚੋਣਾਂ ਦੌਰਾਨ ਪੀਐੱਮ ਨੇ ਕਿਹਾ ਸੀ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ 50 ਫ਼ੀਸਦੀ ਕਟੌਤੀ ਹੋਵੇਗੀ। ਪਰ ਇਸ ਵਾਧੇ ‘ਤੇ ਉਹ ਚੁੱਪ ਹਨ। ਤਿ੍ਣਮੂਲ ਕਾਂਗਰਸ ਦੇ ਸੁਦੀਪ ਬੰਦੋਪਾਧਿਆਏ ਨੇ ਵੀ ਡੀਜ਼ਲ-ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ‘ਚ ਵਾਧੇ ਨਾਲ ਜਨਤਾ ਦੀ ਵਧ ਰਹੀ ਪਰੇਸ਼ਾਨੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਮਹਿੰਗਾਈ ‘ਤੇ ਸਦਨ ‘ਚ ਬਹਿਸ ਕਰਵਾਈ ਜਾਵੇ। ਪ੍ਰਧਾਨ ਮੰਤਰੀ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਇਹ ਕੀਮਤਾਂ ਆਖ਼ਰ ਕਿੱਥੇ ਜਾ ਕੇ ਰੁਕਣਗੀਆਂ। ਕੀਮਤਾਂ ‘ਚ ਵਾਧੇ ‘ਤੇ ਸਦਨ ‘ਚ ਬਹਿਸ ਦੀ ਵਿਰੋਧੀ ਧਿਰ ਲਗਾਤਾਰ ਮੰਗ ਨੂੰ ਦੇਖਦੇ ਹੋਏ ਸਰਕਾਰ ਅਗਲੇ ਹਫ਼ਤੇ ਲੋਕ ਸਭਾ ‘ਚ ਮਹਿੰਗਾਈ ਦੇ ਮੁੱਦੇ ‘ਤੇ ਚਰਚਾ ਕਰਵਾਏਗੀ। ਯੂਕਰੇਨ-ਰੂਸ ਜੰਗ ਕਾਰਨ ਪੈਦਾ ਹੋਏ ਹਾਲਾਤ ਬਾਰੇ ਲੋਕ ਸਭਾ ‘ਚ ਬੁੱਧਵਾਰ ਨੂੰ ਚਰਚਾ ਹੋਵੇਗੀ।

Related posts

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

ਭਾਰਤ ਵਲੋਂ ‘ਬ੍ਰਿਕਸ 2026’ ਦੀ ਅਗਵਾਈ ਲਈ ਲੋਗੋ, ਥੀਮ ਤੇ ਵੈੱਬਸਾਈਟ ਦਾ ਉਦਘਾਟਨ