“ਉਜਾਲੇ ਅਪਨੀ ਯਾਦੋਂ ਕੇ ਹਮਾਰੇ ਸਾਥ ਰਹਿਨੇ ਦੋ” (ਡਾ. ਬਸ਼ੀਰ ਬਦਰ: 15 ਫਰਵਰੀ 1935 – 2 ਮਈ 2026)

ਡਾ. ਬਸ਼ੀਰ ਬਦਰ, ਉਰਦੂ ਸ਼ਾਇਰ।

ਲੇਖਕ: ਪ੍ਰੋ. ਜਸਵੰਤ ਸਿੰਘ ਗੰਡਮ, ਫਗਵਾੜਾ।

ਡਾ. ਬਸ਼ੀਰ ਬਦਰ ਨੂੰ ਮੈਂ ਜ਼ਿੰਦਗੀ ਵਿਚ ਇੱਕ ਵਾਰ ਹੀ ਮਿਲਿਆ ਹਾਂ। ਪਰ ਇਹ ਪਲੇਠੀ ਮਿਲਣੀ ਯਾਦਗਾਰ ਹੋ ਨਿਬੜੀ। ਡਾ. ਸਾਹਿਬ ਐੇਨੇ ਤਪਾਕ ਨਾਲ ਮਿਲੇ ਜਿਵੇਂ ਕੋਈ ਚਿਰ-ਵਿਛੁੰਨਾ ਦੋਸਤ ਕਿਸੇ ਦੋਸਤ ਨੂੰ ਮਿਲਦੈ। ਮੈਨੂੰ ਮਸ਼ਹੂਰ ਸ਼ਾਇਰ ਤੇ ਗੀਤਕਾਰ ਗੁਲਜ਼ਾਰ ਸਾਹਿਬ ਦੇ ਡਾ. ਬਦਰ ਦੇ ਇਕ ਗਜ਼ਲ-ਸੰਗ੍ਰਹਿ ‘ਅਫੇਕਸ਼ਨ’ ਵਿਚ ਅੰਕਿਤ ਵਿਚਾਰਾਂ ਦੀ ਪਹਿਲੀ ਸਤਰ ਯਾਦ ਆ ਗਈ-‘ਡਾ. ਬਸ਼ੀਰ ਬਦ੍ਰ ਸੇ ਜਬ ਮਿਲਾ ਤੋ ਲਗਾ ਜ਼ਿੰਦਗੀ ਨੇ ਏਕ ਔਰ ਅਹਿਸਾਨ ਕਰ ਦੀਆ’! ਜਦ ਗੁਲਜ਼ਾਰ ਸਾਹਿਬ ਵਰਗਾ ਬੇਨਜ਼ੀਰ ਸ਼ਾਇਰ ਡਾ. ਬਦ੍ਰ ਬਾਰੇ ਅਜਿਹੀ ਭਾਵਨਾਂ ਰਖਦੈ ਤਾਂ ਫਿਰ ਆਪਾਂ ‘ਕਿਸ ਬਾਗ ਦੀ ਮੂਲੀ ਹਾਂ’!

ਸਾਡੇ ਸ਼ਹਿਰ ਉਰਦੂ ਦਾ ਇਕ ਮੁਸ਼ਾਇਰਾ ਸੀ। ਕੋਈ 25-30 ਸਾਲ ਪਹਿਲਾਂ। ਦਰਅਸਲ 10-12 ਉਰਦੂ ਸ਼ਾਇਰਾਂ ਦਾ ਇੱਕ ਗਰੁੱਪ,ਡਾ. ਬਸ਼ੀਰ ਬਦਰ ਦੀ ਅਗਵਾਈ ਵਿਚ ਇੱਕ ਲਾਗਲੇ ਸ਼ਹਿਰ ਮੁਸ਼ਾਇਰੇ ‘ਚ ਆਇਆ ਸੀ। ਇਸ ‘ਚ ਇਕ ਦੋ ਕਵਿੱਤਰੀਆਂ ਵੀ ਸਨ। ਫਗਵਾੜਾ ਦੇ ਉਰਦੂ-ਸ਼ਨਾਸ ਤੇ ਸ਼ਾਇਰੀ ਦੇ ਸ਼ੌਕੀਨ ਸੱਜਣਾਂ ਨੇ ਇਸ ਗਰੁੱਪ ਨੂੰ ਇਧਰ ਵੀ ਬੁਲਾ ਲਿਆ।

ਮੁਸ਼ਾਇਰਾ ਅੱਧੀ ਰਾਤ ਤੱਕ ਚੱਲਿਆ। ਡਾ. ਬਸ਼ੀਰ ਬਦਰ ਇਸ ਮੁਸ਼ਾਇਰੇ ਦੇ ਆਪ ‘ਨਾਜ਼ਿਮ’ (ਕੰਪੀਅਰ) ਸਨ ਅਤੇ ਸ਼ਾਇਰਾਂ ਨੂੰ ਬੜੇ ਰੌਚਿਕ ਅੰਦਾਜ਼ ‘ਚ ਮੰਚ ‘ਤੇ ਪੇਸ਼ ਕਰ ਰਹੇ ਸਨ। ਇੱਕ ਨੌਜਵਾਨ ਸ਼ਾਇਰਾ ਨੇ ਬੜੀ ਬੁਲੰਦ ਤੇ ਸੁਰੀਲੀ ਆਵਾਜ਼ ਵਿਚ ਇੱਕ ਗਜ਼ਲ ਗਾ ਕੇ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ। ਇਸ ਦੇ ਦੋ ਸ਼ੇਅਰ ਸਾਨੂੰ ਹੁਣ ਵੀ ਯਾਦ ਹਨ:-

“ਆ ਕੇ ਤੇਰੇ ਸ਼ਹਿਰ ਸੇ ਵਾਪਿਸ ਨ ਜਾਏਂਗੇ,
ਯੇ ਫੈਸਲਾ ਕੀਆ ਥਾ ਤੁਝੇ ਦੇਖਨੇ ਕੇ ਬਾਦ।
ਕਹਿਤੇ ਥੇ ਲੋਗ ਤੁਝ ਕੋ ਮਸੀਹਾ ਮਗਰ ਯਹਾਂ,
ਏਕ ਸ਼ਖਸ ਮਰ ਗਯਾ ਹੈ ਤੁਝੇ ਦੇਖਨੇ ਕੇ ਬਾਦ”।

ਆਖਿਰ ‘ਚ ਬਸ਼ੀਰ ਬਦਰ ਨੇ ਆਪ ਵੀ ਆਪਣੇ ਨਿਵੇਕਲੇ ਅੰਦਾਜ਼ ‘ਚ ਤਰੰਨੁਮ ‘ਚ ਗਜ਼ਲਾਂ ਗਾਈਆਂ/ਪੜ੍ਹੀਆਂ। ਸਭ ਕੀਲੇ ਗਏ। ਬਦਰ ਤਾਂ ਫਿਰ ਬਦਰ ਹੋਇਆ, ਆਮ ਵਾਂਗ ਮਹਿਫਲ ਲੁੱਟ ਕੇ ਲੈ ਗਿਆ! ਅੱਧੀ ਰਾਤ ਪੁੰਨਿਆ ਦਾ ਚੰਨ ਚੜ੍ਹ ਗਿਐ (ਅਰੈਬਿਕ ਸ਼ਬਦ ‘ਬਦਰ’ ਦਾ ਅਰਥ ਵੀ ‘ਪੂਰਾ ਚੰਨ’ ਹੁੰਦੈ, ਜਿਸ ਨੂੰ ਆਪਾਂ ਪੁੰਨਿਆਂ ਦਾ ਚੰਨ ਕਹਿੰਦੇ ਹਾਂ)।

ਅੱਧੀ ਰਾਤ ਤਾਂ ਪਹਿਲਾਂ ਹੀ ਹੋ ਚੁੱਕੀ ਸੀ। ਖਾਣਾ ਪਹਿਲਾਂ ਹੀ ਲੇਟ ਹੋ ਚੁੱਕਾ ਸੀ। ਪ੍ਰਸ਼ੰਸਕਾਂ ਦੇ ਘੇਰੇ ਨੇ ਬਦਰ ਨੂੰ ਹੋਰ ਲੇਟ ਕਰ ਦਿਤਾ। ਮਾੜੀ ਜਿਹੀ ਵਿਹਲ ਮਿਲੀ ਤਾਂ ਅਸੀਂ ਜਾ ਧਮਕੇ ਇਕ ਅੰਗਰੇਜ਼ੀ ਅਖਬਾਰ ਦੇ ਪੱਤਰਕਾਰ ਵਜੋਂ। ਡਾ. ਬਦਰ ਸਾਹਿਬ ਸੰਖੇਪ  ਗੱਲਬਾਤ ਕਰਨ ਲਈ ਖੁਸ਼ੀ-ਖੁਸ਼ੀ ਮੰਨ ਗਏ। ਮੈਂ ਆਪ ਵੀ ਉਹਨਾਂ ਨੂੰ ਹੋਰ ਲੇਟ ਨਹੀਂ ਸੀ ਕਰਨਾ ਚਾਹੁੰਦਾ ਕਿਉਂਕਿ ਸਮਾਗਮ ਵਾਲਾ ‘ਡਿਨਰ’ ਅੱਧੀ ਰਾਤ ਤੋਂ ਬਾਅਦ ਹੁਣ ‘ਨਾਸ਼ਤਾ’ ਬਣ ਜਾਣ ਦਾ ਡਰ ਸੀ!

‘ਵਧੀਆ ਤੇ ਬਾ-ਕਮਾਲ ਸ਼ੇਅਰ ਦੀ ਕੀ ਪਰਖ-ਪਹਿਚਾਨ ਹੈ’? ਦੇ ਪ੍ਰਸ਼ਨ ਦਾ ਡਾ.ਸਾਹਿਬ ਨੇ ਬੜਾ ਹੀ ਬਾਕਮਾਲ  ਜਵਾਬ ਦਿਤਾ- “ਇਕ ਪਾਇਦਾਰ ਸ਼ੇਅਰ ਦੀ ਪਰਖ ਉਸ ਦੇ ਪ੍ਰਵਾਨ ਹੋਣ ‘ਚ ਹੈ। ਜੇ ਕਰ ਕੋਈ ਸ਼ੇਅਰ ਲਿਖੇ ਜਾਣ ਉਪਰੰਤ 30 ਕੁ ਸਾਲ ਕੱਢ ਜਾਂਦੈ ਤਾਂ ਉਸ ਨੂੰ ਚੰਗਾ ਸ਼ੇਅਰ ਕਿਹਾ ਸਕਦੈ ਪਰ ਜੇ ਕਰ ਕੋਈ ਸ਼ੇਅਰ 50 ਸਾਲ ਜਾਂ ਇਸ ਤੋਂ ਵੀ ਵੱਧ ਕੱਢ ਜਾਂਦੈ ਤਾਂ ਉਹ ਬਹੁਤ ਵਧੀਆ ਸ਼ੇਅਰਾਂ ‘ਚ ਸ਼ੁਮਾਰ ਹੁੰਦੈ। ਅਜਿਹੇ ਸ਼ੇਅਰ ਫਿਰ ਲੋਕਮਨਾਂ ‘ਚ ਵਸ ਜਾਂਦੇ ਹਨ, ਉਹ ਸਬੰਧਤ ਸ਼ਾਇਰ ਦੇ ਨਹੀਂ ਰਹਿੰਦੇ, ‘ਫੋਕਲੋਰ’ (ਲੋਕਧਾਰਾ), ਸਮੂਹਿਕ ਚੇਤਨਾਂ ਅਤੇ ਲੋਕ-ਮੁਹਾਵਰਿਆਂ ਦਾ ਹਿੱਸਾ ਬਣ ਜਾਂਦੇ ਹਨ”।

ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਉਹ ਆਪਣੇ ਕਿਹੜੇ ਸ਼ੇਅਰਾਂ ਨੂੰ ਵਧੀਆ ਜਾਂ ਲੋਕ-ਮਨਾਂ ‘ਚ ਰਚ-ਮਿਚ ਜਾਣ ਵਾਲੇ ਸ਼ੇਅਰਾਂ ‘ਚ ਸ਼ੁਮਾਰ ਕਰਦੇ ਹਨ ਤਾਂ ਪਹਿਲਾਂ ਤਾਂ ਉਹਨਾਂ ਨੇ ਆਪਣੀ ਮਿਕਨਾਤੀਸੀ ਮੁਸਕਾਨ ਨਾਲ ਸਵਾਲ ਦਾ ਜਵਾਬ ਨਿਮਰਤਾ ਦੇ ਖਾਤੇ ਪਾ ਦਿਤਾ ਪਰ ਮੇਰੇ ਅਸਰਾਰ ਕਰਨ ‘ਤੇ ਉਹਨਾਂ ਨੇ ਆਪਣੇ ਕੁੱਝ ਸ਼ੇਅਰਾਂ ਨੂੰ ਉਪਰੋਕਤ ਸ਼ਰੇਣੀ ਵਿਚ ਸ਼ਾਮਿਲ ਸਮਝੇ ਜਾਣ ਵੱਲ ਇਸ਼ਾਰਾ ਕੀਤਾ। ਇਹਨਾਂ ‘ਚ ‘ਉਜਾਲੇ ਅਪਨੀ ਯਾਦੋਂ ਕੇ ਹਮਾਰੇ ਸਾਥ ਰਹਿਨੇ ਦੋ,/ਨਾ ਜਾਨੇ ਕਿਸ ਗਲੀ ਮੇ ਜ਼ਿੰਦਗੀ ਕੀ ਸ਼ਾਮ ਹੋ ਜਾਏ’, ‘ਮੁਸਾਫਿਰ ਹੈਂ ਹਮ ਭੀ ਮੁਸਾਫਿਰ ਹੋ ਤੁਮ ਭੀ,/ਕਿਸੀ ਮੋੜ ਪਰ ਫਿਰ ਮੁਲਾਕਾਤ ਹੋਗੀ’, ‘ ਦੁਸ਼ਮਨੀ ਜਮ ਕਰੋ ਲੇਕਿਨ ਯੇ ਗੁੰਜਾਇਸ਼ ਰਹੇ/ਜਬ ਕਭੀ ਹਮ ਦੋਸਤ ਹੋ ਜਾਏ ਤੋ ਸ਼ਰਮਿੰਦਾ ਨ ਹੋਂ’, ‘ਦੁਸ਼ਮਨੀ ਕਾ ਸਫਰ ਏਕ ਕਦਮ ਦੋ ਕਦਮ/ਤੁਮ ਭੀ ਥਕ ਜਾਉਗੇ ਹਮ ਭੀ ਥਕ ਜਾਏਂਗੇ’, ‘ਕੁਛ ਤੋ ਮਜਬੂਰੀਆਂ ਰਹੀ ਹੋਂਗੀ/ਯੂੰ ਕੋਈ ਬੇਵਫਾ ਨਹੀਂ ਹੋਤਾ’, ‘ਸ਼ੁਹਰਤ ਕੀ ਬੁਲੰਦੀ ਭੀ ਪਲ ਭਰ ਕਾ ਤਮਾਸ਼ਾ ਹੈ/ਜਿਸ ਡਾਲ ਪੇ ਬੈਠੇ ਹੋ ਵੋ ਟੂਟ ਭੀ ਸਕਤੀ ਹੈ’, ‘ਜਿਸ ਦਿਨ ਸੇ ਚਲਾ ਹੂੰ ਮੇਰੀ ਮੰਜ਼ਿਲ ਪੇ ਨਜ਼ਰ ਹੈ/ਆਂਖੋਂ ਨੇ ਕਭੀ ਮੀਲ ਕਾ ਪੱਥਰ ਨਹੀਂ ਦੇਖਾ’, ‘ਸਰ ਝੁਕਾਉਗੇ ਤੋ ਪੱਥਰ ਦੇਵਤਾ ਹੋ ਜਾਏਗਾ,/ਇਤਨਾ ਮਤ ਚਾਹੋ ਉਸੇ ਵੋ ਬੇਵਫਾ ਹੋ ਜਾਏਗਾ’ ਸਮੇਤ ਕੁੱਝ ਕੁ ਹੋਰ ਵੀ ਸ਼ੇਅਰ ਸਨ।

ਡਾ. ਬਸ਼ੀਰ ਬਦਰ ਨੇ ਮੇਰੇ ਕੋਲ ਮੌਜੂਦ ਉਹਨਾਂ ਦੇ ਗਜ਼ਲ ਸੰਗ੍ਰਹਿ ‘ਅਫੇਕਸ਼ਨ’ ਉਪਰ ਆਪਣੇ ਆਟੋਗਰਾਫ ਵੀ ਦਿਤੇ ਤੇ ਅੰਗਰੇਜ਼ੀ ‘ਚ ਲਿਖਿਆ-“ਵਿਦ ਰਿਗਾਰਡ ਟੂ ਪ੍ਰੋ. ਜੇ. ਐੇਸ਼ਗੰਡਮ’ (ਸਤਿਕਾਰ ਸਹਿਤ ਪ੍ਰੋ. ਜੇ. ਐਸ ਗੰਡਮ ਵਾਸਤੇ) ਅਤੇ ਹੇਠਾਂ ਹਿੰਦੀ ‘ਚ ਆਪਣੇ ਦਸਤਖਤ ਕੀਤੇ-‘ਬਸ਼ੀਰ ਬਦ੍ਰ’। ਇਹ ਆਟੋਗਰਾਫ ਮੇਰੇ ਲਈ ਬਹੁਤ ਕੀਮਤੀ ਸਰਮਾਇਆ ਹਨ ਤੇ ਮੈਂ ਬੜੇ ਸਾਂਭ ਕੇ ਰੱਖੇ ਹੋਏ ਹਨ।

ਡਾ. ਬਸ਼ੀਰ ਬਦਰ ਆਧੁਨਿਕ ਉਰਦੂ ਸ਼ਾਇਰੀ ਦਾ ਅਲੰਬਰਦਾਰ ਹੈ! ਮਾਡਰਨ ਉਰਦੂ ਸ਼ਾਇਰੀ ਦਾ ਉਸਤਾਦ ਸ਼ਾਇਰ! ਉਸ ਦੀ ਸ਼ਾਇਰੀ ਵਿਚਲੀ ਵਿਭਿੰਨਤਾ, ਸਰਲਤਾ, ਸਾਦਗੀ, ਸੁਭਾਵਕਤਾ, ਪਰੰਪਰਾ/ਰਵਾਇਤ ਅਤੇ ਜਦੀਦੀਅਤ/ਆਧੁਨਿਕਤਾ ਦਾ ਸੁਮੇਲ, ‘ਬਦਰੀ’ ਸ਼ੈਲੀ, ਰੁਮਾਂਟਿਕ, ਸਮਾਜਿਕ ਸਰੋਕਾਰਾਂ ਅਤੇ ਮਹਾਂਨਗਰੀ ਜ਼ਿੰਦਗੀ ਦੀਆਂ ਅਸੰਗਤੀਆਂ, ਇਕੱਲਤਾ, ਬੇਗਾਨਗੀ ਅਤੇ ਕੁੱਝ ਕੁ ਖੁਸ਼ਗਵਾਰ ਵੰਨਗੀਆਂ ਦੀ ਤਸਵੀਰਕਸ਼ੀ ਦਾ ਬੇਹਤਰੀਨ ਨਮੂੰਨਾ ਹੈ। ਉਸ ਨੇ ਗਜ਼ਲ ਨੂੰ ਅਰਬੀ, ਫਾਰਸੀ, ਉਰਦੂ ਦੇ ਭਾਰੀ-ਭਰਕੰਮ ਸ਼ਬਦਾਂ ‘ਚੋਂ ਬਾਹਰ ਕੱਢ ਕੇ ਜਨਸਾਧਾਰਨ ਦੇ ਸਮਝਣਯੋਗ ਬੋਲਚਾਲ ਦੀ ਠੇਠ ਮਾਡਰਨ ਮੁਹਾਵਰੇਦਾਰ ਬੋਲੀ ‘ਚ ਪਰੋਇਆ ਪਰ ਵਿਚਾਰਾਂ ਦੀ ਡੂੰਘਾਈ ਤੇ ਗਹਿਰਾਈ ਬਰਕਾਰਾਰ ਰੱਖੀ। ਉਸ ਦੇ ਅਨੇਕਾਂ ਸ਼ੇਅਰ ਮਾਹਾਵਰੇ ਬਣ ਗਏ ਹਨ ਅਤੇ ਅਕਸਰ ‘ਕੋਟ’ ਕੀਤੇ ਜਾਂਦੇ ਹਨ। ਗੁਲਜ਼ਾਰ ਸਾਹਿਬ ਦਾ ਕਥਨ ਫਿਰ ਚੇਤੇ ਆ ਰਿਹਾ-“ਡਾ. ਸਾਹਿਬ ਕੇ ਕਲਾਮ ਮੇਂ ਏਕ ਕਮਾਲ ਕੀ ਖੁਬੀ ਹੈ, ‘ਵੋ ਹਰ ਉਮਰ ਮੇਂ ਹਮਉਮਰ ਲਗਤੇ ਹੇਂ”!

ਜ਼ਰਾ ਉਹਨਾਂ ਦੀ ਇਸ ਜਦੀਦ ਸ਼ਾਇਰੀ ਦਾ ਨਮੂਨਾ ਦੇਖੋ:-

“ਯੇ ਜਾਫਰਾਨੀ ਪੁਲਓਵਰ ਉਸੀ ਕਾ ਹਿਸਾ ਹੈ,
ਕੋਈ ਜੋ ਦੂਸਰਾ ਪਹਿਨੇ ਤੋ ਦੂਸਰਾ ਹੀ ਲਗੇ”।

-“ਔਰਾਕ ਮੇਂ ਛੁਪਾਤੀ ਥੀ ਅਕਸਰ ਵੋ ਤਿਤਲੀਆਂ,
ਸ਼ਾਇਦ ਕਿਸੀ ਕਿਤਾਬ ਮੇਂ ਰਖਾ ਹੂਆ ਹੂੰ ਮੈਂ”।

-“ਧੁਪ ਨਈ ਬੈਲ-ਬੌਟਮ ਪਹਿਨੇ ਸੜਕੋਂ ਕੀ ਕਸ਼ਤੀ ਪਰ ਤੈਰੇ
ਰਾਖ ਕਾ ਕੁਰਤਾ ਧੂਲ ਕੀ ਲੁੰਗੀ ਅਪਨਾ ਭੇਸ ਪੁਰਾਨਾ ਬਾਬਾ”।

ਉਹਨਾਂ ਨੇ ਇਕ ਪਾਸੇ ਮਹਾਂਨਗਰੀ ਸਭਿਆਚਾਰ ਦੇ ਮਾੜੇ ਅਸਰਾਂ ਉਪਰ ਚੋਟ ਕੀਤੀ ਹੈ ਪਰ ਨਾਲ ਹੀ ਇਸ ਦੀ ਦੇਣ ਦਾ ਜ਼ਿਕਰ ਵੀ ਕੀਤਾ ਹੈ। ਦੋ ਸ਼ੇਅਰ ਦੇਖੋ:-

“ਕੋਈ ਹਾਥ ਭੀ ਨ ਮਿਲਾਏਗਾ ਜੋ ਗਲੇ ਮਿਲੋਗੇ ਤਪਾਕ ਸੇ,
ਯੇ ਨਏ ਮਿਜ਼ਾਜ਼ ਕਾ ਸ਼ਹਿਰ ਹੈ ਜ਼ਰਾ ਫਾਸਲੇ ਸੇ ਮਿਲਾ ਕਰੋ”।

-“ਮੁਹਬਤੋਂ ਮੇਂ ਦਿਖਾਵੇ ਕੀ ਦੋਸਤੀ ਨ ਮਿਲਾ,
ਅਗਰ ਗਲੇ ਨਹੀਂ ਮਿਲਤਾ ਤੋ ਹਾਥ ਭੀ ਨ ਮਿਲਾ”।

ਅਤੇ

“ਕਦੀਮ ਕਸਬੋਂ ਮੇ ਕੈਸਾ ਸਕੂਨ ਹੋਤਾ ਹੈ
ਥਕੇ ਥਕਾਏ ਹਮਾਰੇ ਬਜ਼ੁਰਗ ਸੋਤੇ ਹੈਂ”।

ਅਕੇਲੇਪਨ ਤੇ ਓਪਰੇਪਨ ਸਬੰਧੀ:-

“ਕੋਈ ਹਾਥ ਵੀ ਨ ਮਿਲਾਏਗਾ”… ਵਾਲੇ ਸ਼ੇਅਰ ਦੇ ਨਾਲ ਹੀ ਵਿਸੰਗਤੀਆਂ ਦਾ ਜ਼ਿਕਰ ਵੀ ਦੇਖੋ:-

-“ਬਾਤ ਕਯਾ ਹੈ ਕਿ ਮਸ਼ਹੂਰ ਲੋਗੋਂ ਕੇ ਘਰ
ਮੌਤ ਕਾ ਸੋਗ ਹੋਤਾ ਹੈ ਤਿਉਹਾਰ ਸਾ”।

ਪਦਾਰਥਵਾਦੀ ਦੁਨੀਆਂ ਦੇ ਦੋਗਲੇਪਨ ਬਾਰੇ ਉਸ ਦੇ ਸ਼ੇਅਰ ਪੜ੍ਹੋ:-

“ਯਹਾਂ ਲਿਬਾਸ ਕੀ ਕੀਮਤ ਹੈ ਆਦਮੀ ਕੀ ਨਹੀਂ
ਮੁਝੇ ਗਿਲਾਸ ਬੜੇ ਦੇ ਸ਼ਰਾਬ ਕਮ ਕਰ ਦੇ”

-“ਪਰਖਨਾ ਮਤ ਪਰਖਨੇ ਮੇਂ ਕੋਈ ਅਪਨਾ ਨਹੀਂ ਰਹਿਤਾ,
ਕਿਸੀ ਭੀ ਆਈਨੇ ਮੇਂ ਦੇਰ ਤਕ ਚਿਹਰਾ ਨਹੀਂ ਰਹਿਤਾ।
ਬੜੇ ਲੋਗੋਂ ਸੇ ਮਿਲਨੇ ਮੇਂ ਹਮੇਸ਼ਾ ਫਾਸਲਾ ਰਖਨਾ,
ਯਹਾਂ ਦਰਿਯਾ ਸਮੰਦਰ ਸੇ ਮਿਲਾ ਦਰਿਯਾ ਨਹੀਂ ਰਹਿਤਾ”।

ਬੇਗਾਨਗੀਭਰੇ ਮਹਾਂਨਗਰੀ ਵਰਤਾਰੇ ਉਪਰ ਵਿਅੰਗ ਦੇਖੋ:-

“ਇਸੀ ਸ਼ਹਿਰ ਮੇਂ ਕਈ ਸਾਲ ਸੇ ਮੇਰੇ ਕੁਛ ਕਰੀਬੀ ਅਜੀਜ ਹੈ
ਉਨਹੇਂ ਮੇਰੀ ਕੋਈ ਖਬਰ ਨਹੀਂ ਮੁਝੇ ਉਨਕਾ ਕੋਈ ਪਤਾ ਨਹੀਂ”।

ਸਮਾਜ ਵਿਚਲੀਆਂ ਵਿਸੰਗਤੀਆਂ ਬਾਰੇ ਸੁਣੋ:-

“ਘਰੋਂ ਪੇ ਨਾਮ ਥੇ,ਨਾਮੋਂ ਕੇ ਸਾਥ ਔਹਦੇ ਥੇ
ਬਹੁਤ ਤਲਾਸ਼ ਕੀਆ, ਕੋਈ ਆਦਮੀ ਨਾ ਮਿਲਾ”।

ਡਾ. ਬਦਰ ਕੇਵਲ ਰੁਮਾਂਟਿਕ ਸ਼ਾਇਰ ਹੀ ਨਹੀਂ ਸੀ ਸਗੋਂ ਉਹ ਸਭ ਲਈ ਸਮਾਨਤਾ ਦੀ ਪ੍ਰਚੰਡ ਲੋਚਾ ਦਾ ਸ਼ਾਇਰ ਸੀ। ਉਸ ਦਾ ਇਹ ਸ਼ੇਅਰ ਇਸ ਗੱਲ ਦੀ ਸ਼ਾਹਦੀ ਭਰਦੈ:-

“ਮੈਂ ਤਮਾਮ ਤਾਰੇ ਉਠਾ ਉਠਾ ਕੇ ਗਰੀਬ ਲੋਗੋਂ ਮੇਂ ਬਾਂਟ ਦੂੰ
ਕਭੀ ਏਕ ਰਾਤ ਵੋ ਆਸਮਾਂ ਕਾ ਨਜ਼ਾਮ ਦੇ ਮੇਰੇ ਹਾਥ ਮੇਂ”।

ਉਹ ਹੱਥਾਂ ਦੀਆਂ ਲਕੀਰਾਂ ਨਾਲ ਵੀ ਨਹੀਂ ‘ਉਲਝਦਾ’:-

“ਕਭੀ ਮੈਂ ਅਪਨੇ ਹਾਥੋਂ ਕੀ ਲਕੀਰੋਂ ਸੇ ਨਹੀਂ ਉਲਝਾ,
ਮੁਝੇ ਮਾਲੂਮ ਹੈ ਕਿਸਮਤ ਕਾ ਲਿਖਾ ਭੀ ਬਦਲਤਾ ਹੈ”।

ਪਰ ਬਦਰ ਨੂੰ ਬੰਦੇ ਦੀਆਂ ਕਮਜ਼ੋਰੀਆਂ ਦਾ ਵੀ ਅਹਿਸਾਸ ਹੈ। ਸਾਰੇ ਸੂਰਮੇ ਨਹੀਂ ਹੁੰਦੇ ਜੋ ਸੱਚ ਬੋਲ ਕੇ ਸੂਲੀ ਚੜ੍ਹਨ ਲਈ ਤਤਪਰ ਰਹਿਣ:-

“ਜੀ ਬਹੁਤ ਚਾਹਤਾ ਹੈ ਸਚ ਬੋਲੇਂ
ਕਯਾ ਕਰੇਂ ਹੌਸਲਾ ਨਹੀਂ ਹੋਤਾ”।

ਪਰ ਨਾਲ ਹੀ ਉਹ ਚਿਤਾਵਨੀ ਵੀ ਦਿੰਦਾ ਹੈ ਕਿ:-

“ਵੋ ਗੁਲਾਬ ਬਨ ਕੇ ਖਿਲੇਗਾ ਕਯਾ ਜੋ ਚਰਾਗ ਬਨ ਕੇ ਜਲਾ ਨ ਹੋ’!

ਬੰਦੇ ਦਾ ਦਵੰਧ/ਬੇਬਸੀ ਦੇਖੋ:-

“ਮੈਂ ਬੋਲਤਾ ਹੂੰ ਤੋ ਇਲਜ਼ਾਮ ਹੈ ਬਗਾਵਤ ਕਾ
ਮੈਂ ਚੁੱਪ ਰਹੂੰ ਤੋ ਬੜੀ ਬੇਬਸੀ ਸੀ ਹੋਤੀ ਹੈ”।

-“ਜ਼ਿੰਦਗੀ ਹੈ ਫਕੀਰ ਕੀ ਚਾਦਰ
ਜਬ ਢਕੇ ਪਾਂਵ ਹਮਨੇ ਸਰ ਨਿਕਲਾ”।

-“ਜ਼ਿੰਦਗੀ ਤੂ ਨੇ ਮੁਝੇ ਕਬਰ ਸੇ ਕਮ ਦੀ ਹੈ ਜ਼ਮੀਨ
ਪਾਉਂ ਫੈਲਾਊਂ ਤੋ ਦੀਵਾਰ ਮੇਂ ਸਰ ਲਗਤਾ ਹੈ”।

ਬਸ਼ੀਰ ਬਦਰ ਦਰਿਆ ਦਾ ਮੈਟਾਫਰ ਬਹੁਤ ਵਰਤਦੈ। ਤੇ ਵਰਤਦਾ ਵੀ ਵੱਖ-ਵੱਖ ਅਰਥਾਂ ‘ਚ। ਇਕ ਪਾਸੇ ਤਾਂ ਉਹ ਇਸ ਨੂੰ ਆਤਮਵਿਸ਼ਵਾਸ, ਦਰਿੜ ਇਰਾਦੇ ਅਤੇ ਬੁਲੰਦ ਹੌਸਲੇ ਵਜੋਂ ਵਰਤਦੈ, ਦੂਜੇ ਪਾਸੇ ਉਹ ਇਸ ਨੂੰ ਸਵੈਮਾਨ, ਹੋਂਦ, ਹਸਤੀ, ਪਹਿਚਾਨ ਦੇ ਚਿੰਨ ਵਜੋਂ ਵਰਤਦੈ। ਸ਼ੇਅਰ ਦੇਖੋ:-

-“ਹਮ ਭੀ ਦਰਿਯਾ ਹੈਂ ਹਮੇਂ ਅਪਨਾ ਹੁਨਰ ਮਾਲੂਮ ਹੈ,
ਜਿਸ ਤਰਫ ਭੀ ਚਲ ਪੜੇਂਗੇ ਰਾਸਤਾ ਹੋ ਜਾਏਗਾ”

ਲੇਕਿਨ “ਯਹਾਂ ਦਰਿਯਾ ਸਮੰਦਰ ਸੇ ਮਿਲਾ ਦਰਿਯਾ ਨਹੀਂ ਰਹਿਤਾ”। ਇਸ ਲਈ ‘ਬੜੇ ਲੋਗੋਂ ਸੇ ਮਿਲਨੇ ਮੇਂ ਹਮੇਸ਼ਾ ਫਾਸਲਾ ਰਖਨਾ’।

ਇਸ ਦੀ ਇਸ ਤੋਂ ਵੀ ਵੱਖਰੇ ਅਰਥਾਂ ‘ਚ ਵਰਤੋਂ ਕੀਤੀ ਗਈ ਹੈ। ਜੇ ਵਿਸ਼ਾਲ ਦਰਿਯਾ ਦੀ ਹੋਂਦ ਨੂੰ ਆਪਣੇ ਤੋਂ ਵਧੇਰੇ ਵਿਸ਼ਾਲ ਸਮੁੰਦਰ ਤੋਂ ਖਤਰਾ ਹੈ ਤਾਂ ਸਵੈਮਾਨ ਤੇ ਨਿੱਜਤਾ ਨਾਲ ਓਤ-ਪੋਤ ਛੋਟੇ ਅਕਾਰ ਦੀ ਹੋਂਦ/ਹਸਤੀ ਵਾਲੀ ‘ਓਸ’ (ਤ੍ਰੇਲ) ਇਸ ਦੀ ਵਿਸ਼ਾਲਤਾ ਨੂੰ ਵੀ ਟਿੱਚ ਸਮਝਦੀ ਹੈ,ਜਾਣੀ ਬੂੰਦ,ਵਿਸ਼ਾਲਤਾ ਤੋਂ ਬੇਪ੍ਰਵਾਹ ਹੈ:-

“ਕਹਿ ਦੇਨਾ ਸਮੰਦਰ ਸੇ,ਹਮ ਓਸ ਕੇ ਮੋਤੀ  ਹੈਂ
ਦਰਿਯਾ ਕੀ ਤਰਹ ਤੁਝ ਸੇ ਮਿਲਨੇ ਨਹੀਂ ਆਏਂਗੇ”।

ਬਸ਼ੀਰ ਬਦਰ ਨੇ ਗਜ਼ਲ ਨੂੰ ਸਾਮੰਤੀ ਮਹਿਫਲਾਂ Ḕਚੋਂ ਕੱਢ ਕੇ ਸਾਹਿਤਕ ਸਮਾਗਮਾਂ,ਤਲਖ ਵਾਸਤਵਿਕਤਾ ਅਤੇ ਆਮ ਬੰਦਿਆਂ ਦੀਆਂ ਅਦਬਗਾਹਾਂ ਬਣਾ ਦਿਤਾ:-

“ਗਜ਼ਲੇਂ ਅਬ ਤਕ ਸ਼ਰਾਬ ਪੀਤੀ ਥੀਂ
ਨੀਮ ਕਾ ਰਸ ਪਿਲਾ ਰਹੇ ਹੈਂ ਹਮ”।

ਵਾਕਿਆਂ ਹੀ,ਬਕੌਲ ਪ੍ਰੇਮ ਕੁਮਾਰ ਨਜ਼ਰ, ‘ਬਸ਼ੀਰ ਬਦਰ ਆਧੁਨਿਕ ਗਜ਼ਲ ਕੀ ਆਬਰੂ ਹੈ’!

28 ਮਈ ਨੂੰ ਭੁਪਾਲ ਵਿਚ 91 ਸਾਲ ਦੀ ਉਮਰ ‘ਚ ਇਸ ਮਹਾਨ ਸ਼ਾਇਰ ਦੇ ਚਲੇ ਜਾਣ ਨਾਲ ਸੱਚਮੁੱਚ ‘ਬਸ਼ੀਰ ਬਦਰ ਯੁਗ’ ਦਾ ਅੰਤ ਹੋ ਗਿਐ।

ਪਰ ਉਹ ਆਪ ਹੀ ਤਾਂ ਲਿਖਦੈ ਕਿ:-

“ਗਜ਼ਲ ਅਹਿਸਾਸ ਹੈ, ਅਹਿਸਾਸ ਕਾ ਮਾਤਮ ਨਹੀਂ ਹੋਤਾ”।

ਪਤਾ ਨਹੀਂ ਜ਼ਿੰਦਗੀ ਦੇ ਇਸ ਸਫਰ ਵਿਚ ਮੁਸਾਫਰਾਂ ਦੀ ‘ਕਿਸ ਮੋੜ’ ‘ਤੇ  ਮੁਲਾਕਾਤ ਹੋ ਜਾਏ! ਇਸ ਲਈ ਡਾ.ਬਸ਼ੀਰ ਬਦਰ ਦੀਆਂ ਸੂਰਜੀ ਯਾਦਾਂ ਦੇ ਉਜਾਲੇ ਤਾਂ ਪਾਸ ਹੀ ਹਨ ਤੇ ਸਦਾ ਰਹਿਣਗੇ, ਕਿਸੇ ਗਲੀ ‘ਚ ‘ਜ਼ਿੰਦਗੀ ਦੀ ਸ਼ਾਮ’ ਹੋਣ ਤੱਕ!

ਅੰਤਿਕਾ:-

ਬਸ਼ੀਰ ਬਦਰ ਦਾ ਅਸਲੀ ਨਾਮ ਸੱਯਦ ਮੁਹੰਮਦ ਬਸ਼ੀਰ ਸੀ। ‘ਬਦਰ’ ਉਸ ਦਾ ਤਖੱਲਸ ਸੀ। ਉਸ ਦਾ ਜਨਮ 15 ਫਰਵਰੀ, 1935 ਨੂੰ ਅਯੋਧਿਆ ਵਿਚ ਹੋਇਆ। ਉਸ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਬੀ.ਏ, ਉਰਦੂ ਦੀ ਐੇਮ. ਏ. ਅਤੇ ਪੀ. ਐੇਚ ਡੀ ਕੀਤੀ, ਪਹਿਲਾਂ ਇਸੇ ਯੂਨੀਵਰਸਿਟੀ ਅਤੇ ਫਿਰ ਮੇਰਠ ਦੇ ਕਾਲਜ ‘ਚ ਉਰਦੂ ਸਾਹਿਤ ਪੜ੍ਹਾਇਆ ਅਤੇ ਮੇਰਠ ਹੀ ਰਹਿਣ ਲੱਗ ਪਏ।

ਬਹੁਤ ਘੱਟ ਲੋਕਾਂ ਨੂੰ ਪਤੈ ਕਿ ਉਹਨਾਂ ਨੇਂ 7 ਸਾਲ ਪੁਲਿਸ ਦੀ ਨੌਕਰੀ ਵੀ ਕੀਤੀ! ਇਹ ਨੌਕਰੀ ਉਸ ਨੂੰ ਉਸ ਦੇ ਪਿਤਾ, ਜੋ ਇੱਕ ਗੈਜ਼ਿਟਿਡ ਅਫਸਰ ਸਨ, ਦੀ 1949 ‘ਚ ਮੌਤ ਹੋਣ ਉਪਰੰਤ ਤਰਸ ਦੇ ਅਧਾਰ ‘ਤੇ ਮਿਲੀ ਸੀ। ਪਿਤਾ ਦੀ ਮੌਤ ਕਾਰਨ ਬਦਰ ਦੀ ਪੜ੍ਹਾਈ ਵਿਚੇ ਛੁੱਟ ਗਈ ਤੇ ਉਸ ਨੇ ਨੌਕਰੀ ਕਰਕੇ ਭੈਣਾਂ-ਭਰਾਂਵਾਂ ਨੂੰ ਪੜ੍ਹਾਇਆ। ਅਲੀਗੜ੍ਹ ‘ਚ ਕਾਂਸਟੇਬਲ ਦੀ ਪੋਸਟਿੰਗ ਦੌਰਾਨ ਮੁੜ ਆਪ ਪੜ੍ਹਾਈ ਕੀਤੀ।

ਉਹਨਾਂ 7 ਸਾਲ ਦੀ ਨਿੱਕੀ ਉਮਰੇ ਹੀ ਸ਼ਾਇਰੀ ਸ਼ੁਰੂ ਕਰ ਦਿਤੀ ਸੀ। ਉਸ ਦੇ ਮਸ਼ਹੂਰ ਕਾਵਿ-ਸੰਗ੍ਰਿਹਾਂ ਵਿਚ ‘ਇਮਕਾਨ’, ‘ਆਹਟੇਂ’, ‘ਉਜਾਲੇ ਅਪਨੀ ਯਾਦੋਂ ਕੇ’ ਸ਼ਾਮਿਲ ਹਨ। ਉਸ ਨੇ ਕਈ ਆਲੋਚਨਾਤਮਕ ਪੁਸਤਕਾਂ ਵੀ ਲਿਖੀਆਂ। ਉਸ ਦੀਆਂ ਗਜ਼ਲਾਂ ਦੇ ਕਈ ਸੰਪਾਦਿਤ ਸੰਗ੍ਰਿਹ ਵੀ ਹਨ। ਅਨੇਕਾਂ ਇਨਾਮਾਂ-ਸਨਮਾਨਾਂ ਤੋਂ ਇਲਾਵਾ ਉਸ ਨੂੰ ਪਦਮ ਸ਼੍ਰੀ ਨਾਲ ਵੀ ਸਨਮਾਨਤ ਕੀਤਾ ਗਿਆ। ਉਹ ਦੇਸ਼-ਬਦੇਸ਼ ਵਿਚ ਉਰਦੂ ਮੁਸ਼ਾਇਰਆਂ ਦੀ ਸ਼ਾਨ ਹੁੰਦੇ ਸਨ।

ਬਸ਼ੀਰ ਬਦਰ ਦੇ ਸ਼ੇਅਰ ਕਿਸ ਕਦਰ ਮਸ਼ਹੂਰ ਤੇ ਗਹਿਰੇ ਹਨ, ਇਸ ਗੱਲ ਦਾ ਪਤਾ ਇਸ ਤੱਥ ਤੋਂ ਭਲੀਭਾਂਤ ਲਗ ਜਾਂਦੈ ਕਿ 1972 ਦੇ ਸ਼ਿਮਲਾ ਸਮਝੌਤੇ ਦੌਰਾਨ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਜ਼ੁਲਿਫਕਾਰ ਅਲੀ ਭੁੱਟੋ ਨੂੰ ਇਸ ਸ਼ੇਅਰ ਦਾ ਹਵਾਲਾ ਦਿਤਾ ਸੀ:-

“ਦੁਸ਼ਮਨੀ ਜਮ ਕਰ ਕਰੋ ਲੇਕਿਨ ਯੇ ਗੁੰਜਾਇਸ਼ ਰਹੇ/ਜਬ ਕਭੀ ਹਮ ਦੋਸਤ ਹੋ ਜਾਏਂ ਤੋ ਸ਼ਰਮਿੰਦਾ ਨ ਹੋਂ”!

ਪਰ 1987 ਵਿਚ ਮੇਰਠ ਦੇ ਫਿਰਕੂ ਦੰਗਿਆਂ ਦੌਰਾਨ ਮੋਹ-ਮੁਹੱਬਤ ਦੇ ਮੁਦੱਈ ਬਸ਼ੀਰ ਬਦਰ ਦੇ ਘਰ ਨੂੰ ਦੰਗਾਈਆਂ ਨੇ ਅੱਗ ਲਗਾ ਦਿਤੀ ਤੇ ਉਹ ਮੇਰਠ (ਉੱਤਰ ਪ੍ਰਦੇਸ਼) ਛਡ ਕੇ ਸਦਾ ਲਈ ਭੋਪਾਲ (ਮੱਧ ਪ੍ਰਦੇਸ਼) ਸ਼ਿਫਟ ਹੋ ਗਿਆ ਸੀ। ਇਥੇ ਹੀ ਉਸ ਨੇ ਆਖਰੀ ਸਾਹ ਲਏ। ਮੇਰਠ ਦੀ ਇਸ ਹੌਲਨਾਕ ਘਟਨਾ ਦੀ ਹੀ ਹੂਕ ਹੈ ਉਸ ਦੇ ਇਸ ਪੀੜ-ਪਰੁੱਚੇ ਸ਼ੇਅਰ ਵਿਚ;-

“ਲੋਗ ਟੂਟ ਜਾਤੇ ਹੇਂ ਏਕ ਘਰ ਬਨਾਨੇ ਮੇਂ,
ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ ਮੇਂ’।

Related posts

ਪਾਸਿੰਗ-ਆਊਟ ਪਰੇਡ ‘ਤੇ ਕੈਪਟਨ ਦੁਆਰਾ ਵਿਆਹ ਦੇ ਪ੍ਰਸਤਾਵ ‘ਤੇ ਵਿਵਾਦ ਖੜ੍ਹਾ ਹੋ ਗਿਆ !

ਪੰਜਾਬ ਸਕੱਤਰੇਤ ਤੇ ਦੁਰਗਿਆਣਾ ਮੰਦਰ ਸਣੇ 5 ਹੋਰ ਮੰਦਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਭਾਜਪਾ ਆਗੂ ਤਰੁਣ ਚੁੱਘ ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਉਮੀਦਵਾਰ ਹੋਣਗੇ