ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ ਨੇ ਵੱਖ-ਵੱਖ ਰਾਜਾਂ ਦੇ ਵਿੱਚ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪੰਜਾਬ ਦੇ ਸੀਨੀਅਰ ਭਾਜਪਾ ਆਗੂ ਅਤੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੂੰ ਭਾਜਪਾ ਨੇ ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਉਮੀਦਵਾਰ ਬਣਾਇਆ ਹੈ। ਰਾਜਸਥਾਨ ਵਿੱਚ ਪਾਰਟੀ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ ਡਾæ ਅਲਕਾ ਗੁਰਜਰ ਅਤੇ ਡਾæ ਸਤੀਸ਼ ਪੂਨੀਆ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਭਾਰਤੀ ਜਨਤਾ ਪਾਰਟੀ ਨੇ ਰਾਜ ਸਭਾ ਚੋਣਾਂ ਲਈ 11 ਉਮੀਦਵਾਰਾਂ ਦੀ ਜਾਰੀ ਸੂਚੀ ਦੇ ਵਿੱਚ ਅਰੁਣਾਚਲ ਪ੍ਰਦੇਸ਼ ਤੋਂ ਤਾਈ ਤਾਗਾਕ,ਗੁਜਰਾਤ ਤੋਂ ਰਾਜੂਭਾਈ ਸ਼ੁਕਲਾ, ਮੁਕੇਸ਼ਭਾਈ ਰਾਠਵਾ, ਮਾਨ ਸਿੰਘ ਪਰਮਾਰ, ਜਤਿੰਦਰ ਮੇਘ ਜੀ ਭਾਈ ਕੰਜਾਰੀਆ, ਮਣੀਪੁਰ ਤੋਂ ਏ. ਸ਼ਾਰਦਾ ਦੇਵੀ, ਰਾਜਸਥਾਨ ਤੋਂ ਡਾ. ਅਲਕਾ ਗੁੱਜਰ, ਡਾ. ਸਤੀਸ਼ ਪੂਨੀਆ ਅਤੇ ਉਡੀਸ਼ਾਤੋਂ ਦੇਬਾਸ਼ੀਸ ਸਮੰਤਰਾਏ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਭਾਜਪਾ ਨੇ ਆਪਣੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੂੰ ਮੱਧ ਪ੍ਰਦੇਸ਼ ਤੋਂ ਮੈਦਾਨ ਵਿੱਚ ਉਤਾਰ ਕੇ ਇੱਕ ਮਹੱਤਵਪੂਰਨ ਮੌਕਾ ਦਿੱਤਾ ਹੈ। ਤਰੁਣ ਚੁੱਘ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਵਿੱਚ ਭੇਜਣ ਦਾ ਫੈਸਲਾ ਰਾਸ਼ਟਰੀ ਪੱਧਰ ‘ਤੇ ਉਨ੍ਹਾਂ ਦੀ ਸਰਗਰਮ ਭੂਮਿਕਾ ਕਾਰਨ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਰਾਜ ਸਭਾ ਚੋਣਾਂ ਵਿੱਚ ਇਨ੍ਹਾਂ ਉਮੀਦਵਾਰਾਂ ਦੀ ਜਿੱਤ ਲਗਭਗ ਨਿਸ਼ਚਿਤ ਮੰਨੀ ਜਾ ਰਹੀ ਹੈ ਕਿਉਂਕਿ ਭਾਜਪਾ ਇਨ੍ਹਾਂ ਰਾਜਾਂ ਵਿੱਚ ਮਜ਼ਬੂਤ ਸਥਿਤੀ ਰੱਖਦੀ ਹੈ। ਤਰੁਣ ਚੁੱਘ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਹਨ ਅਤੇ ਉਨ੍ਹਾਂ ਨੂੰ ਪਾਰਟੀ ਦੇ ਮੁੱਖ ਸੰਗਠਨਾਤਮਕ ਨੇਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਹਨ ਅਤੇ ਉਹ ਲੰਬੇ ਸਮੇਂ ਤੋਂ ਸੰਗਠਨਾਤਮਕ ਰਾਜਨੀਤੀ ਵਿੱਚ ਸਰਗਰਮ ਹਨ। ਇਸ ਵੇਲੇ ਉਹ ਉਹ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਇੰਚਾਰਜ ਅਤੇ ਦਿੱਲੀ ਭਾਜਪਾ ਦੇ ਸਹਿ-ਇੰਚਾਰਜ ਹਨ। 1993 ਵਿੱਚ ਉਹ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਭਾਰਤੀ ਜਨਤਾ ਯੁਵਾ ਮੋਰਚਾ (ਬੀਜੇਵਾਈਐਮ) ਦੇ ਪ੍ਰਧਾਨ ਬਣੇ ਅਤੇ ਉਸ ਤੋਂ ਬਾਅਦ 1997 ਵਿੱਚ ਪੰਜਾਬ ਭਾਜਪਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਬਣੇ। ਤਰੁਣ ਚੁੱਘ ਨੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ, ਮੀਡੀਆ ਇੰਚਾਰਜ, ਸਿਖਲਾਈ ਸੈੱਲ ਇੰਚਾਰਜ ਅਤੇ ਯੁਵਾ ਮੋਰਚਾ ਇੰਚਾਰਜ ਵਰਗੇ ਅਹੁਦਿਆਂ ‘ਤੇ ਕੰਮ ਕੀਤਾ ਹੈ। 2009 ਵਿੱਚ ਤਰੁਣ ਚੁੱਘ ਨੂੰ ਪੰਜਾਬ ਯੁਵਾ ਵਿਕਾਸ ਬੋਰਡ ਦਾ ਉਪ-ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।