ਨਵੀਂ ਦਿੱਲੀ – ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਨੇ ਕੋਵੀਸ਼ੀਲਡ ਨੂੰ ਬੂਸਟਰ ਡੋਜ਼ ਦੇ ਤੌਰ ’ਤੇ ਲਗਾਉਣ ਲਈ ਦਵਾ ਰੈਗੂਲੇਟਰੀ ਤੋਂ ਮਨਜ਼ੂਰੀ ਮੰਗੀ ਹੈ। ਕੰਪਨੀ ਨੇ ਕਿਹਾ ਕਿ ਦੇਸ਼ ’ਚ ਲੋੜੀਂਦੀ ਗਿਣਤੀ ’ਚ ਵੈਕਸੀਨ ਉਪਲਬਧ ਹੈ ਤੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦੇ ਸਾਹਮਣੇ ਆਉਣ ਤੋਂ ਬਾਅਦ ਬੂਸਟਰ ਡੋਜ਼ ਦੀ ਲੋੜ ਹੈ। ਐੱਸਆਈਆਈ ’ਚ ਸਰਕਾਰ ਤੇ ਰੈਗੂਲੇਟਰੀ ਮਾਮਲਿਆਂ ਦੇ ਨਿਰਦੇਸ਼ਕ ਪ੍ਰਕਾਸ਼ ਕੁਮਾਰ ਸਿੰਘ ਨੇ ਭਾਰਤ ਦੇ ਦਵਾ ਮਹਾਕੰਟਰੋਲਰ (ਡੀਸੀਜੀਆਈ) ਨੂੰ ਇਸ ਸਬੰਧੀ ਇਕ ਅਰਜ਼ੀ ਦਿੱਤੀ ਹੈ। ਸਿੰਘ ਨੇ ਕਿਹਾ ਕਿ ਬ੍ਰਿਟੇਨ ਦੀਆਂ ਦਵਾਈਆਂ ਤੇ ਸਿਹਤ ਦੇਖਭਾਲ ਉਤਪਾਦ ਰੈਗੂਲੇਟਰੀ ਏਜੰਸੀ ਨੇ ਆਪਣੇ ਇੱਥੇ ਪਹਿਲਾਂ ਹੀ ਐਸਟ੍ਰਾਜੈਨਿਕਾ ਦੀ ਵੈਕਸੀਨ ਨੂੰ ਬੂਸਟਰ ਡੋਜ਼ ਦੇ ਰੂਪ ’ਚ ਮਨਜ਼ੂਰੀ ਦੇ ਦਿੱਤੀ ਹੈ। ਸੀਰਮ ਵੀ ਐਸਟ੍ਰਾਜੈਨਿਕਾ ਦੀ ਵੈਕਸੀਨ ਨੂੰ ਭਾਰਤ ’ਚ ਕੋਵੀਸ਼ੀਲਡ ਦੇ ਨਾਂ ਨਾਲ ਬਣਾਉਂਦੀ ਤੇ ਵੇਚਦੀ ਹੈ। ਉਨ੍ਹਾਂ ਕਈ ਹੋਰਨਾਂ ਦੇਸ਼ਾਂ ’ਚ ਵੀ ਬੂਸਟਰ ਡੋਜ਼ ਦਿੱਤੇ ਜਾਣ ਦਾ ਹਵਾਲਾ ਦਿੱਤਾ ਹੈ।ਸੀਰਮ ਨੇ ਇਸ ਸਾਲ ਕੋਵੈਕਸ ਨੂੰ ਐਸਟ੍ਰਾਜੈਨਿਕਾ ਦੀਆਂ ਚਾਰ ਕਰੋੜ ਡੋਜ਼ ਸਪਲਾਈ ਕਰਨ ਦਾ ਵੀ ਵਾਅਦਾ ਕੀਤਾ ਹੈ। ਵਿਸ਼ਵ ਵੈਕਸੀਨ ਵੰਡ ਨੈੱਟਵਰਕ ਕੋਵੈਕਸ ਦੀ ਸਹਿ ਅਗਵਾਈ ਕਰਨ ਵਾਲੀ ਏਜੰਸੀ ਗਵੀ ਨੇ ਇਹ ਜਾਣਕਾਰੀ ਦਿੱਤੀ ਹੈ। ਇਕ ਦਿਨ ਪਹਿਲਾਂ ਹੀ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਉਹ ਅਫ਼ਰੀਕੀ ਦੇਸ਼ਾਂ ਨੂੰ ਕੋਵੈਕਸ ਜਾਂ ਦੁਵੱਲੇ ਆਧਾਰ ’ਤੇ ਵੈਕਸੀਨ ਦੀ ਸਪਲਾਈ ਨੂੰ ਮਨਜ਼ੂਰੀ ਦੇਣ ਲਈ ਤਿਆਰ ਹੈ।ਸੀਰਮ ਨੇ ਕੋਵੈਕਸ ਨਾਲ ਵੈਕਸੀਨ ਦੀਆਂ 55 ਕਰੋੜ ਡੋਜ਼ ਸਪਲਾਈ ਕਰਨ ਦਾ ਸੌਦਾ ਕੀਤਾ ਹੈ। ਕੋਵੈਕਸ ਰਾਹੀਂ ਘੱਟ ਤੇ ਮੱਧਮ ਆਮਦਨ ਵਾਲੇ ਦੇਸ਼ਾਂ ਨੂੰ ਵੈਕਸੀਨ ਉਪਲਬਧ ਕਰਵਾਈ ਜਾਂਦੀ ਹੈ। ਪਿਛਲੇ ਹਫ਼ਤੇ ਕੋਵੈਕਸ ਰਾਹੀਂ ਹੀ ਨੇਪਾਲ ਤੇ ਤਜ਼ਾਕਿਸਤਾਨ ਨੂੰ ਵੈਕਸੀਨ ਦੀਆਂ 14 ਲੱਖ ਡੋਜ਼ ਦੀ ਸਪਲਾਈ ਕੀਤੀ ਸੀ। ਸੀਰਮ ਨੇ ਨੋਵਾਵੈਕਸ ਦੀ ਪਹਿਲੀ ਖੇਪ ਇੰਡੋਨੇਸ਼ੀਆ ਵੀ ਭੇਜੀ ਹੈ। ਨੋਵਾਵੈਕਸ ਵੈਕਸੀਨ ਨੂੰ ਹਾਲੇ ਭਾਰਤ ’ਚ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਨਹੀਂ ਮਿਲੀ ਹੈ।