ਕਸ਼ਮੀਰ ਵਿੱਚ ਦੁਨੀਆ ਦੀ ਸਭ ਤੋਂ ਉੱਚਾਈ ‘ਤੇ ਬਣ ਰਿਹਾ ਜ਼ੋਜੀਲਾ ਟਨਲ !

ਜ਼ੋਜੀਲਾ ਰੋਡ ਟਨਲ।

ਭਾਰਤ ਵਿੱਚ ਦੁਨੀਆ ਦੀ ਸਭ ਤੋਂ ਉੱਚਾਈ ‘ਤੇ ਬਣ ਰਹੀ ਅਤੇ ਸਭ ਤੋਂ ਲੰਬੀ ਸਿੰਗਲ-ਟਿਊਬ ਦੋ-ਮਾਰਗੀ ਸੜਕ ਸੁਰੰਗ ਜ਼ੋਜੀਲਾ ਟਨਲ ਦੀ ਪੁਟਾਈ ਦਾ ਕੰਮ ਪੂਰਾ ਹੋ ਗਿਆ ਹੈ। ਇਸ ਟਨਲ ਦਾ ਦੋਵਾਂ ਸਿਰਿਆਂ ਨੂੰ ਜੋੜਨ ਵਾਲਾ ਅੰਤਿਮ ਪੜਾਅ ਸਫਲਤਾਪੂਰਵਕ ਪੂਰਾ ਕਰ ਲਿਆ ਗਿਆ ਹੈ। ਪ੍ਰੋਜੈਕਟ ਨਾਲ ਜੁੜੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਅਗਲੇ ਕਰੀਬ ਦੋ ਸਾਲਾਂ ਦੇ ਅੰਦਰ ਇਹ ਸੁਰੰਗ ਆਮ ਲੋਕਾਂ ਲਈ ਖੋਲ੍ਹ ਦਿੱਤੀ ਜਾਵੇਗੀ। ਇਸ ਇਤਿਹਾਸਕ ਮੌਕੇ ‘ਤੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਖੁਦ ਜੋਜ਼ਿਲਾ ਪਹੁੰਚੇ। ਸਮਾਗਮ ਵਿੱਚ ਮਨੋਜ ਸਿਨਹਾ ਅਤੇ ਉਮਰ ਅਬਦੁੱਲ੍ਹਾ ਵੀ ਮੌਜੂਦ ਰਹੇ।

ਜ਼ੋਜੀਲਾ ਸੁਰੰਗ ਜੰਮੂ-ਕਸ਼ਮੀਰ ਦੇ ਸੋਨਮਰਗ ਨੇੜੇ ਬਾਲਟਾਲ ਅਤੇ ਲੱਦਾਖ ਦੇ ਦ੍ਰਾਸ-ਕਾਰਗਿਲ ਖੇਤਰ ਦੇ ਮੀਨਾਮਰਗ ਨੂੰ ਜੋੜ ਰਹੀ ਹੈ। ਇਹ ਸੁਰੰਗ ਲਗਭਗ 13æ15 ਕਿਲੋਮੀਟਰ ਲੰਬੀ ਹੈ ਅਤੇ ਸਮੁੰਦਰ ਤਲ ਤੋਂ ਕਰੀਬ 11,578 ਫੁੱਟ ਦੀ ਉੱਚਾਈ ‘ਤੇ ਬਣ ਰਹੀ ਹੈ। ਇਹ ਖੇਤਰ ਹਿਮਾਲਿਆ ਦੀਆਂ ਸਭ ਤੋਂ ਔਖੀਆਂ ਅਤੇ ਚੁਣੌਤੀਪੂਰਨ ਪਹਾੜੀ ਲੜੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਹਰ ਸਾਲ ਸਰਦੀਆਂ ਦੇ ਮੌਸਮ ਵਿੱਚ ਭਾਰੀ ਬਰਫਬਾਰੀ, ਬਰਫ਼ੀਲੇ ਤੂਫ਼ਾਨਾਂ ਅਤੇ ਹਿਮਸਖਲਨਾਂ ਕਾਰਨ ਇਹ ਰਸਤਾ ਕਈ ਮਹੀਨਿਆਂ ਲਈ ਬੰਦ ਹੋ ਜਾਂਦਾ ਹੈ। ਇਸ ਕਾਰਨ ਕਸ਼ਮੀਰ ਅਤੇ ਲੱਦਾਖ ਵਿਚਕਾਰ ਆਵਾਜਾਈ ਬਹੁਤ ਪ੍ਰਭਾਵਿਤ ਹੁੰਦੀ ਹੈ ਅਤੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ੋਜੀਲਾ ਟਨਲ ਦੇ ਚਾਲੂ ਹੋਣ ਤੋਂ ਬਾਅਦ ਸ੍ਰੀਨਗਰ ਅਤੇ ਲੱਦਾਖ ਵਿਚਕਾਰ ਸਾਲ ਭਰ ਸੜਕ ਸੰਪਰਕ ਬਣਿਆ ਰਹੇਗਾ। ਇਸ ਨਾਲ ਦ੍ਰਾਸ, ਕਾਰਗਿਲ, ਲੇਹ ਅਤੇ ਆਲੇ-ਦੁਆਲੇ ਦੇ ਦੂਰ-ਦਰਾਜ਼ ਇਲਾਕਿਆਂ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ।

ਜ਼ੋਜੀਲਾ ਟਨਲ ਸਿਰਫ਼ ਇੱਕ ਆਵਾਜਾਈ ਪ੍ਰੋਜੈਕਟ ਨਹੀਂ ਸਗੋਂ ਰਾਸ਼ਟਰੀ ਸੁਰੱਖਿਆ ਦੇ ਪੱਖੋਂ ਵੀ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ। ਲੱਦਾਖ ਅਤੇ ਸਰਹੱਦੀ ਖੇਤਰਾਂ ਵਿੱਚ ਤਾਇਨਾਤ ਭਾਰਤੀ ਫੌਜ ਲਈ ਸਾਲ ਭਰ ਸਪਲਾਈ ਅਤੇ ਆਵਾਜਾਈ ਯਕੀਨੀ ਬਣਾਉਣ ਵਿੱਚ ਇਹ ਟਨਲ ਅਹਿਮ ਭੂਮਿਕਾ ਨਿਭਾਏਗੀ। ਐਮਈਆਈਐਲ (ਮੇਘਾ ਇੰਜੀਨੀਅਰਿੰਗ ਐਂਡ ਇਨਫਰਾਸਟਰਕਚਰ ਲਿਮਟਿਡ), ਜੋ ਇਸ ਪ੍ਰੋਜੈਕਟ ਦਾ ਨਿਰਮਾਣ ਕਰ ਰਹੀ ਹੈ, ਦਾ ਕਹਿਣਾ ਹੈ ਕਿ ਇਹ ਸੁਰੰਗ ਭਾਰਤ ਦੀ ਰਣਨੀਤਿਕ ਤਿਆਰੀ ਅਤੇ ਸਰਹੱਦੀ ਇਲਾਕਿਆਂ ਵਿੱਚ ਲੋਜਿਸਟਿਕ ਸਹੂਲਤਾਂ ਨੂੰ ਹੋਰ ਮਜ਼ਬੂਤ ਕਰੇਗੀ।

ਮਾਹਿਰਾਂ ਦਾ ਮੰਨਣਾ ਹੈ ਕਿ ਜੋਜ਼ਿਲਾ ਟਨਲ ਨਾਲ ਸਿਰਫ਼ ਯਾਤਰਾ ਹੀ ਆਸਾਨ ਨਹੀਂ ਹੋਵੇਗੀ, ਸਗੋਂ ਪੂਰੇ ਖੇਤਰ ਦੀ ਆਰਥਿਕਤਾ ਨੂੰ ਵੀ ਵੱਡਾ ਫਾਇਦਾ ਹੋਵੇਗਾ। ਸੈਰ-ਸਪਾਟਾ, ਵਪਾਰ, ਖੇਤੀਬਾੜੀ ਉਤਪਾਦਾਂ ਦੀ ਢੋਆ-ਢੁਆਈ ਅਤੇ ਰੋਜ਼ਗਾਰ ਦੇ ਮੌਕੇ ਵਧਣ ਦੀ ਉਮੀਦ ਹੈ। ਲੱਦਾਖ ਅਤੇ ਕਾਰਗਿਲ ਵਰਗੇ ਖੇਤਰਾਂ ਵਿੱਚ ਨਿਵੇਸ਼ ਅਤੇ ਵਿਕਾਸ ਨੂੰ ਵੀ ਨਵਾਂ ਉਤਸ਼ਾਹ ਮਿਲੇਗਾ।

ਇਸ ਟਨਲ ਨੂੰ ਭਾਰਤ ਦੇ ਪਹਾੜੀ ਬੁਨਿਆਦੀ ਢਾਂਚੇ ਦੇ ਸਭ ਤੋਂ ਵੱਡੇ ਅਤੇ ਚੁਣੌਤੀਪੂਰਨ ਪ੍ਰੋਜੈਕਟਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਉੱਚੀ ਪਹਾੜੀ ਉਚਾਈ, ਬਰਫ਼ੀਲਾ ਮੌਸਮ ਅਤੇ ਔਖੀਆਂ ਭੂਗੋਲਿਕ ਸਥਿਤੀਆਂ ਦੇ ਬਾਵਜੂਦ ਇਸ ਦੀ ਖੁਦਾਈ ਨੂੰ ਸਫਲਤਾਪੂਰਵਕ ਪੂਰਾ ਕਰਨਾ ਭਾਰਤੀ ਇੰਜੀਨੀਅਰਾਂ ਅਤੇ ਤਕਨੀਕੀ ਮਾਹਿਰਾਂ ਦੀ ਵੱਡੀ ਉਪਲਬਧੀ ਹੈ। ਇਸ ਨਾਲ ਨਾ ਸਿਰਫ਼ ਲੱਖਾਂ ਲੋਕਾਂ ਦੀ ਜ਼ਿੰਦਗੀ ‘ਤੇ ਸਕਾਰਾਤਮਕ ਅਸਰ ਪਵੇਗਾ, ਸਗੋਂ ਇਹ ਪ੍ਰੋਜੈਕਟ ਭਾਰਤ ਦੀ ਬੁਨਿਆਦੀ ਢਾਂਚਾਗਤ ਤਾਕਤ, ਰਾਸ਼ਟਰੀ ਸੁਰੱਖਿਆ ਅਤੇ ਆਰਥਿਕ ਵਿਕਾਸ ਦਾ ਵੀ ਇੱਕ ਨਵਾਂ ਪ੍ਰਤੀਕ ਬਣੇਗਾ। ਜ਼ੋਜੀਲਾ ਟਨਲ ਨੂੰ ਇਸ ਲਈ ਕੇਵਲ ਇੱਕ ਸੁਰੰਗ ਨਹੀਂ ਸਗੋਂ ਕਸ਼ਮੀਰ ਅਤੇ ਲੱਦਾਖ ਵਿਚਕਾਰ ਸਾਲ ਭਰ ਦੀ ਜੀਵਨ-ਰੇਖਾ ਅਤੇ ਭਾਰਤ ਦੇ ਇੰਜੀਨੀਅਰਿੰਗ ਹੁਨਰ ਦੀ ਮਿਸਾਲ ਵਜੋਂ ਦੇਖਿਆ ਜਾ ਰਿਹਾ ਹੈ।

Related posts

ਨਮੋ ਭਾਰਤ ਦਾ ਨਵਾਂ ਰਿਕਾਰਡ : 1 ਦਿਨ ‘ਚ 1.25 ਲੱਖ ਤੋਂ ਵੱਧ ਲੋਕਾਂ ਵਲੋਂ ਸਫ਼ਰ

ਭਾਰਤ ਨੇ ੲੈਲੋਨ ਮਸਕ ਦੇ ਸਟਾਰਲਿੰਕ ਨੂੰ ਪ੍ਰਵਾਨਗੀ ਕਿਉਂ ਰੋਕੀ ਹੋਈ ਹੈ ?

ਅਕਤੂਬਰ ਵਿੱਚ ਖੁੱਲ੍ਹ ਜਾਵੇਗਾ ਸਿਡਨੀ ਦਾ ਨਵਾਂ ਇੰਟਰਨੈਸ਼ਨਲ ਏਅਰਪੋਰਟ !