ਅਕਤੂਬਰ ਵਿੱਚ ਖੁੱਲ੍ਹ ਜਾਵੇਗਾ ਸਿਡਨੀ ਦਾ ਨਵਾਂ ਇੰਟਰਨੈਸ਼ਨਲ ਏਅਰਪੋਰਟ !

ਵੈਸਟਰਨ ਸਿਡਨੀ ਇੰਟਰਨੈਸ਼ਨਲ ਏਅਰਪੋਰਟ।

ਸਿਡਨੀ ਦਾ ਇੱਕ ਹੋਰ ਨਵਾਂ ਏਅਰਪੋਰਟ ਆਪਣੀਆਂ ਸੇਵਾਵਾਂ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ ਜਿਸ ਨਾਲ ਯਾਤਰੀਆਂ ਨੂੰ ਹੋਰ ਸਹੂਲਤ ਹੋ ਜਾਵੇਗੀ। ਵੈਸਟਰਨ ਸਿਡਨੀ ਇੰਟਰਨੈਸ਼ਨਲ ਏਅਰਪੋਰਟ ਤੋਂ ਯਾਤਰੀਆਂ ਲਈ ਉਡਾਣਾਂ ਸ਼ੁਰੂ ਕਰਨ ਦੀ ਤਾਰੀਖ ਹੁਣ ਪੱਕੀ ਕਰ ਦਿੱਤੀ ਗਈ ਹੈ। 15 ਸਾਲ ਦੀ ਯੋਜਨਾ, 7 ਸਾਲ ਦੀ ਨਿਰਮਾਣ ਕਾਰਜ ਅਤੇ 1 ਸਾਲ ਦੀ ਟੈਸਟਿੰਗ ਤੋਂ ਬਾਅਦ, ਇਹ ਨਵਾਂ ਏਅਰਪੋਰਟ 25 ਅਕਤੂਬਰ 2026 ਤੋਂ ਯਾਤਰੀਆਂ ਲਈ ਖੁੱਲੇਗਾ।

ਇਹ ਏਅਰਪੋਰਟ ਬੈਡਜਰੀਜ਼ ਕ੍ਰੀਕ ਵਿੱਚ ਬਣਿਆ ਹੈ ਜੋ ਸਿਡਨੀ ਦੇ ਸੈਂਟਰ ਤੋਂ ਲਗਭਗ 44 ਕਿਲੋਮੀਟਰ ਪੱਛਮ ਵੱਲ ਹੈ। ਇਹ ਹਰ ਸਾਲ ਲਗਭਗ 1 ਕਰੋੜ ਯਾਤਰੀਆਂ ਨੂੰ ਸੇਵਾਵਾਂ ਦੇਵੇਗਾ। ਇਸ ਏਅਰਪੋਰਟ ਤੋਂ ਸਭ ਤੋਂ ਪਹਿਲੀ ਵਪਾਰਕ ਉਡਾਣ ਜੈਟਸਟਾਰ ਵੱਲੋਂ ਚਲਾਈ ਜਾਵੇਗੀ। ਇਹ ਉਡਾਣ ਏਅਰਬਸ ਏ320 ਜਹਾਜ਼ ਨਾਲ ਸਵੇਰੇ 11 ਵਜੇ ਗੋਲਡ ਕੋਸਟ ਲਈ ਜਾਵੇਗੀ। ਇਹ ਨਵਾਂ ਏਅਰਪੋਰਟ 26 ਜੁਲਾਈ ਤੋਂ ਸਮਾਨ (ਢੋਆ-ਢੁਆਈ) ਦੀ ਸੇਵਾ ਵੀ ਸ਼ੁਰੂ ਕਰੇਗਾ। 27 ਜੁਲਾਈ ਤੋਂ ਕਾਂਟਸ ਫ੍ਰੇਟ ਦੀਆਂ ਨਿਯਮਿਤ ਉਡਾਣਾਂ ਵੀ ਸ਼ੁਰੂ ਹੋਣਗੀਆਂ।

ਖਾਸ ਗੱਲ ਇਹ ਹੈ ਕਿ 1 ਨਵੰਬਰ ਤੋਂ ਇਹ ਏਅਰਪੋਰਟ ਰਾਤ ਦੇ ਸਮੇਂ ਵੀ ਚੱਲੇਗਾ, ਕਿਉਂਕਿ ਇਸ ‘ਤੇ ਸਿਡਨੀ ਦੇ ਮਾਸਕਟ ਏਅਰਪੋਰਟ ਵਾਂਗ 11 ਵਜੇ ਰਾਤ ਤੋਂ 6 ਵਜੇ ਸਵੇਰੇ ਤੱਕ ਦੀ ਪਾਬੰਦੀ ਨਹੀਂ ਹੋਵੇਗੀ। ਇਸ ਏਅਰਪੋਰਟ ਤੋਂ ਹੁਣ ਤੱਕ 4 ਏਅਰਲਾਈਨਾਂ ਜੈਟਸਟਾਰ, ਕੁਆਂਟਸ, ਸਿੰਗਾਪੁਰ ਏਅਰਲਾਈਨਜ਼ ਅਤੇ ਏਅਰ ਨਿਊਜ਼ੀਲੈਂਡ ਨੇ ਆਪਣੀਆਂ ਉਡਾਣਾਂ ਚਲਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਏਅਰਪੋਰਟ ਦੇ ਖੁੱਲ੍ਹਣ ‘ਤੇ ਸ਼ੁਰੂ ਵਿੱਚ ਜੈਟਸਟਾਰ ਦੇ ਵਲੋਂ ਮੈਲਬੌਰਨ ਲਈ ਹਫ਼ਤੇ ਵਿੱਚ 14 ਉਡਾਣਾਂ, ਗੋਲਡ ਕੋਸਟ ਲਈ 4 ਉਡਾਣਾਂ ਅਤੇ ਬ੍ਰਿਸਬੇਨ ਲਈ 3 ਉਡਾਣਾਂ ਚਲਾਈਆਂ ਜਾਣਗੀਆਂ। ਕੁਆਂਟਸ 28 ਮਾਰਚ ਤੋਂ ਇਹ ਸੇਵਾ ਸ਼ੁਰੂ ਕਰੇਗੀ ਅਤੇ ਹਫ਼ਤੇ ਵਿੱਚ 4 ਉਡਾਣਾਂ ਬ੍ਰਿਸਬੇਨ ਅਤੇ ਮੈਲਬੌਰਨ ਲਈ ਚਲਾਏਗੀ। ਸਿੰਗਾਪੁਰ ਏਅਰਲਾਈਨਜ਼ 23 ਨਵੰਬਰ ਤੋਂ ਹਰ ਰੋਜ਼ ਸਿੰਗਾਪੁਰ ਲਈ ਉਡਾਣ ਚਲਾਏਗੀ। ਏਅਰ ਨਿਊਜ਼ੀਲੈਂਡ 26 ਅਕਤੂਬਰ ਤੋਂ ਆਕਲੈਂਡ ਲਈ ਉਡਾਣਾਂ ਸ਼ੁਰੂ ਕਰੇਗੀ।

ਸਰਕਾਰ ਦੇ ਅਨੁਸਾਰ ਇਸ ਪ੍ਰੋਜੈਕਟ ਨਾਲ 12,800 ਤੋਂ ਵੱਧ ਨੌਕਰੀਆਂ ਬਣੀਆਂ ਹਨ, ਜਿਨ੍ਹਾਂ ਵਿੱਚੋਂ ਅੱਧੀਆਂ ਸਥਾਨਕ ਲੋਕਾਂ ਨੂੰ ਮਿਲੀਆਂ ਹਨ। ਮੈਟਰੋ ਲਾਈਨ ਵਿੱਚ ਦੇਰੀ ਹੋ ਸਕਦੀ ਹੈ ਅਤੇ ਏਅਰਪੋਰਟ ਤੱਕ ਪਹੁੰਚਣ ਲਈ ਸ਼ੁਰੂ ਵਿੱਚ ਲੋਕਾਂ ਨੂੰ ਕਾਰਾਂ ਅਤੇ ਪਾਰਕਿੰਗ ‘ਤੇ ਨਿਰਭਰ ਕਰਨਾ ਪੈ ਸਕਦਾ ਹੈ। ਮੈਟਰੋ ਟ੍ਰੇਨ ਲਾਈਨ ਵੀ ਬਣ ਰਹੀ ਹੈ ਪਰ ਇਹ 2028 ਤੱਕ ਦੇਰੀ ਨਾਲ ਖੁੱਲ ਸਕਦੀ ਹੈ। ਸਰਕਾਰ ਨੇ ਪਿਛਲੇ ਸਾਲ 1 ਬਿਲੀਅਨ ਡਾਲਰ ਰੇਲ ਲਾਈਨ ਲਈ ਦਿੱਤੇ ਸਨ ਜੋ ਲੈਪਿੰਗਟਨ, ਬ੍ਰੈਡਫੀਲਡ ਅਤੇ ਮੈਕਆਰਥਰ ਨੂੰ ਏਅਰਪੋਰਟ ਨਾਲ ਜੋੜੇਗੀ।

Related posts

ਪ੍ਰੀਵਾਰਕ ਹਿੰਸਾ ਨੂੰ ਰੋਕਣ ਲਈ ਆਦਿਵਾਸੀ ਸਮੂਹਾਂ ਲਈ ਫੰਡਾਂ ਦਾ ਐਲਾਨ

ਕਸ਼ਮੀਰ ਵਿੱਚ ਦੁਨੀਆ ਦੀ ਸਭ ਤੋਂ ਉੱਚਾਈ ‘ਤੇ ਬਣ ਰਿਹਾ ਜ਼ੋਜੀਲਾ ਟਨਲ !

ਨਮੋ ਭਾਰਤ ਦਾ ਨਵਾਂ ਰਿਕਾਰਡ : 1 ਦਿਨ ‘ਚ 1.25 ਲੱਖ ਤੋਂ ਵੱਧ ਲੋਕਾਂ ਵਲੋਂ ਸਫ਼ਰ