ਓਲੰਪੀਅਨ ਅਤੇ ਅਰਜੁਨ ਐਵਾਰਡੀ ਨਿਸ਼ਾਨੇਬਾਜ਼ ਰਾਜਾ ਰਣਧੀਰ ਸਿੰਘ ਚੱਲ ਵਸੇ !

ਰਾਜਾ ਰਣਧੀਰ ਸਿੰਘ, ਓਲੰਪੀਅਨ, ਅਰਜੁਨ ਐਵਾਰਡੀ ਨਿਸ਼ਾਨੇਬਾਜ਼ ਅਤੇ ਪੰਜਾਬ ਦੇ ਸਾਬਕਾ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾ।

ਓਲੰਪੀਅਨ, ਅਰਜੁਨ ਐਵਾਰਡੀ ਨਿਸ਼ਾਨੇਬਾਜ਼ ਅਤੇ ਪੰਜਾਬ ਦੇ ਸਾਬਕਾ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਰਾਜਾ ਰਣਧੀਰ ਸਿੰਘ ਦਾ ਅੱਜ 79 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਦਿੱਲੀ ਵਿਖੇ ਸਥਿਤ ਆਪਣੇ ਘਰ ‘ਚ ਆਖਰੀ ਸਾਹ ਲਏ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਹ ਓਲੰਪੀਅਨ ਅਤੇ ਏਸ਼ੀਆ ਖੇਡਾਂ ਵਿੱਚ 5 ਵਾਰ ਸੋਨ ਤਗਮਾ ਜੇਤੂ ਰਹੇ ਸਨ। ਇਸ ਉਪਰੰਤ ਉਨ੍ਹਾਂ ਨੇ ਖੇਡ ਪ੍ਰਸ਼ਾਸਕ ਵੱਜੋਂ ਵੀ ਯੋਗਦਾਨ ਪਾਇਆ। ਭਾਰਤ ਸਰਕਾਰ ਵੱਲੋਂ ਉਨ੍ਹਾਂ ਦੀਆਂ ਇਨ੍ਹਾਂ ਪ੍ਰਾਪਤੀਆਂ ਨੂੰ ਵੇਖਦੇ ਹੋਏ ਵੱਕਾਰੀ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਆਪਣੇ ਚਚੇਰੇ ਭਰਾ ਦੀ ਮੌਤ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਦਿਹਾਂਤ ‘ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁੱਖਭਰੀ ਖ਼ਬਰ ਹੈ ਕਿ ਮੇਰੇ ਭਰਾ ਰਾਜਾ ਰਣਧੀਰ ਸਿੰਘ ਦਾ ਦਿਹਾਂਤ ਹੋ ਗਿਆ ਹੈ। ਵਾਹਿਗੁਰੂ ਜੀ ਉਨ੍ਹਾਂ ਦੀ ਵਿਛੜੀ ਆਤਮਾ ਨੂੰ ਸਦੀਵੀਂ ਸ਼ਾਂਤੀ ਦੇਣ।

ਰਾਜਾ ਰਣਧੀਰ ਸਿੰਘ ਦਾ ਜਨਮ 18 ਅਕਤੂਬਰ 1946 ਨੂੰ ਪੰਜਾਬ ਦੇ ਪਟਿਆਲਾ ਵਿੱਚ ਇੱਕ ਸ਼ਾਹੀ ਪਰਿਵਾਰ ਵਿੱਚ ਹੋਇਆ ਸੀ। 1978 ਵਿੱਚ ਬੈਂਕਾਕ ਵਿੱਚ ਹੋਈਆਂ ਏਸ਼ੀਆਈ ਖੇਡਾਂ ਵਿੱਚ ਉਨ੍ਹਾਂ ਨੇ ਟ੍ਰੈਪ ਸ਼ੂਟਿੰਗ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ। ਉਹ ਏਸ਼ੀਆਈ ਖੇਡਾਂ ਵਿੱਚ ਇਹ ਉਪਲਬਧੀ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਨਿਸ਼ਾਨੇਬਾਜ਼ ਬਣੇ। ਇਸ ਤੋਂ ਇਲਾਵਾ ਉਨ੍ਹਾਂ ਨੇ 1968 ਤੋਂ 1984 ਤੱਕ ਲਗਾਤਾਰ ਪੰਜ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ 1987 ਤੋਂ 2014 ਤੱਕ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ-ਜਨਰਲ ਵਜੋਂ ਸੇਵਾ ਨਿਭਾਈ। 1991 ਤੋਂ 2015 ਤੱਕ ਓਲੰਪਿਕ ਕੌਂਸਲ ਆਫ਼ ਏਸ਼ੀਆ ਦੇ ਸਕੱਤਰ-ਜਨਰਲ ਵਜੋਂ ਉਨ੍ਹਾਂ ਨੇ ਏਸ਼ੀਆਈ ਖੇਡਾਂ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ। 2001 ਤੋਂ 2014 ਤੱਕ ਉਨ੍ਹਾਂ ਨੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਮੈਂਬਰ ਵਜੋਂ ਵੀ ਸੇਵਾ ਨਿਭਾਈ। ਇਸ ਦੌਰਾਨ ਸਤੰਬਰ 2024 ਵਿੱਚ ਉਨ੍ਹਾਂ ਨੇ ਇੱਕ ਵਾਰ ਫਿਰ ਇਤਿਹਾਸ ਰਚਿਆ ਜਦੋਂ ਉਨ੍ਹਾਂ ਨੂੰ OCA ਪ੍ਰਧਾਨ ਦੇ ਅਹੁਦੇ ਲਈ ਬਿਨਾਂ ਵਿਰੋਧ ਚੁਣਿਆ ਗਿਆ। ਉਹ ਇਹ ਮਾਣ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਬਣੇ ਸਨ। 26 ਜਨਵਰੀ 2026 ਨੂੰ ਰਾਜਾ ਰਣਧੀਰ ਸਿੰਘ ਨੇ ਓਲੰਪਿਕ ਕੌਂਸਲ ਆਫ਼ ਏਸ਼ੀਆ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

Related posts

ਪੰਜਾਬ ਵਿੱਚ ਜਨਮ ਦਰ ਅਤੇ ਬੱਚੇ ਪੈਦਾ ਕਰਨ ਦੀ ਸਮਰੱਥਾ ਬਹੁਤ ਘੱਟ ਹੈ !

ਭਾਰਤ ਸਰਕਾਰ ਦੀ ‘ਐਜ਼ੂਕੇਸ਼ਨ ਪਾਲਿਸੀ-2020’ ਤਹਿਤ ਡਿਗਰੀ ਕਾਲਜ ’ਚ ਤਬਦੀਲ ਹੋਣ ਵਾਲਾ ਸੂਬੇ ਦਾ ਪਹਿਲਾ ਕਾਲਜ

ਗੰਨੇ ਦੀ ਕਾਸ਼ਤ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਲਈ ਬਹੁਤ ਲਾਹੇਵੰਦ ਹੈ !