ਨੰਗਲ – 25 ਸਤੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਦੀਆਂ 6 ਸਲੈਬਾਂ ਨਹਿਰ ਦੇ ਤੇਜ਼ ਵਹਾਅ ਕਾਰਨ ਪਾਣੀ ਵਿੱਚ ਰੁੜ੍ਹ ਗਈਆਂ ਸਨ। ਜਿਸ ਕਾਰਨ ਨਹਿਰ ਨੂੰ ਬੰਦ ਕੀਤਾ ਗਿਆ ਹੈ ਤੇ ਉਕਤ ਨਹਿਰ ਦੀਆਂ ਸਲੈਬਾਂ ਨੂੰ ਨਵੇਂ ਸਿਰੇ ਤੋਂ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ, ਜਿਸ ਉੱਤੇ ਲੱਗਭੱਗ 30 ਲੱਖ ਰੁਪਏ ਤੋਂ ਵੀ ਜ਼ਿਆਦਾ ਦੀ ਰਾਸ਼ੀ ਖਰਚ ਹੋਣ ਦੀ ਸੰਭਾਵਨਾ ਵਿਭਾਗ ਦੁਆਰਾ ਲਗਾਈ ਜਾ ਰਹੀ ਹੈ। ਅੱਜ ਐਸਡੀਐੱਮ ਨੰਗਲ ਕੇਸ਼ਵ ਗੋਇਲ, ਤਹਿਸੀਲਦਾਰ ਰਾਮ ਕਿਸ਼ਨ, ਨੰਗਲ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਸਾਹਨੀ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਸ੍ਰੀ ਅੰਨਦਪੁਰ ਸਾਹਿਬ ਹਾਈਡਲ ਦੇ ਉਸ ਖੇਤਰ ਦਾ ਦੌਰਾ ਕਰਕੇ, ਚੱਲ ਰਹੇ ਉਸਾਰੀ ਕਾਰਜ ਦਾ ਜਾਇਜ਼ਾ ਲਿਆ ਤੇ ਚੱਲ ਰਹੀ ਉਸਾਰੀ ‘ਤੇ ਤਸੱਲੀ ਜਤਾਈ।
ਇਸ ਮੌਕੇ ਐੱਸਡੀਐੱਮ ਨੇ ਥਾਣਾ ਮੁਖੀ ਪਵਨ ਚੌਧਰੀ ਨੂੰ ਸਲੈਬਾਂ ਰੁੜ੍ਹਨ ਦੇ ਕਾਰਨ ਬੰਦ ਹੋਈ ਨਹਿਰ ਤੋਂ ਮੱਛੀ ਫੜਨ ਅਤੇ ਸਿੱਕੇ ਇੱਕਠੇ ਕਰਨ ਵਾਲੇ ਲੋਕਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਹੁਕਮ ਵੀ ਜਾਰੀ ਕੀਤੇ। ਇਸ ਮੌਕੇ ਵਿਭਾਗ ਦੇ ਐਕਸੀਅਨ ਇੰਦਰ ਅਵਤਾਰ ਨੇ ਕਿਹਾ ਕਿ ਸਲੈਬਾਂ ਪਾਉਣ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ ਤੇ ਆਉਣ ਵਾਲੇ 10 ਦਿਨਾਂ ਵਿੱਚ ਕੰਮ ਪੂਰਾ ਕਰ ਲਿਆ ਜਾਵੇਗਾ। ਉਨਾਂ੍ਹ ਕਿਹਾ ਕਿ ਨਵੀਆਂ ਸਲੈਬਾਂ ਨੂੰ ਪਾਉਣ ਵਿੱਚ ਲੱਗਭੱਗ 30 ਲੱਖ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ 25 ਸਤੰਬਰ ਨੂੰ ਨੰਗਲ ਡੈਂਮ ਅੱਗੇ ਬਣੀ ਸ਼੍ਰੀ ਅੰਨਦਪੁਰ ਸਾਹਿਬ ਹਾਈਡਲ ਨਹਿਰ ਉੱਤੇ ਬਣੇ ਡੈਮ ਦਾ ਗੇਟ ਨੰਬਰ 6 ਖ਼ਰਾਬ ਹੋ ਜਾਣ ਦੇ ਕਾਰਨ ਨਹਿਰ ਦੀਆਂ 6 ਸਲੈਬਾਂ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਈਆਂ ਸੀ ਅਤੇ ਨਹਿਰ ਦੀਆਂ ਸਲੈਬਾਂ ਵਿੱਚ 50 ਤੋਂ 60 ਫੁੱਟ ਚੌੜੀ ਦਰਾਰ ਪੈ ਗਈ ਸੀ, ਜਿਸਨੂੰ ਭਰਨ ਦਾ ਕੰਮ ਚੱਲ ਰਿਹਾ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉੁਘੇ ਕਾਂਗਰਸੀ ਆਗੂ ਵਿਜੇ ਕੌਸ਼ਲ (ਸਾਬਕਾ ਕੌਂਸਲਰ) ਨੇ ਕਿਹਾ ਕਿ 35 ਸਾਲ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਕਿ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ ਪਾੜ ਪਿਆ, ਜੋ ਕਿ ਬਹੁਤ ਮੰਦਭਾਗੀ ਗੱਲ ਵੀ ਹੈ। ਨਹਿਰੀ ਸਲੈਬਾਂ ਦੇ ਆਲੇ ਦੁਆਲੇ ਪ੍ਰਸਿੱਧ ਬੂਟਿਆਂ ਦੀ ਸਫਾਈ ਸਮੇਂ ਤੇ ਨਾ ਕਰਨਾ ਵੀ ਇਸਦਾ ਮੁੱਖ ਮਾਰਕ ਹੋ ਸਕਦਾ ਹੈ। ਇੰਝ ਜਾਪਦਾ ਹੈ ਕਿ ਜਿਵੇਂ ਕਈ ਸਾਲਾਂ ਨੂੰ ਨਹਿਰਾਂ ਕੰਡੇ ਸਫਾਈ ਨਾ ਕੀਤੀ ਗਈ ਹੋਵੇ। ਬੂਟਿਆਂ ਦੀਆਂ ਜੜਾਂ ਨੇ ਸਲੈਬਾਂ ਨੂੰ ਪੋਲਾ ਕਰ ਦਿੱਤਾ ਹੈ। ਜਿਸ ਕਾਰਨ ਸਲੈਬਾਂ ਦੇ ਅੰਦਰ ਪਾਣੀ ਰਿਸ ਚੁੱਕਿਆ ਹੈ। ਕਾਂਗਰਸੀ ਆਗੂ ਵਿਜੇ ਕੌਸ਼ਲ ਨੇ ਵਿਜੀਲੈਂਸ ਜਾਂਚ ਦੀ ਮੰਗ ਕਰਦਿਆਂ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਤੋਂ ਇਸ ਮਾਮਲੇ ਵਿੱਚ ਕੋਤਾਹੀ ਵਤਰਣ ਵਾਲੇ ਗੈਰ ਜਿੰਮੇਵਾਰ ਅਧਿਕਾਰੀਆਂ ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨਾਂ੍ਹ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਸਾਲ ਨਹਿਰ ਦੀ ਸਾਂਭ ਸੰਭਾਲ ਲਈ ਲੱਖਾਂ ਰੁਪਏ ਫੰਡ ਆਖਿਰ ਕਿੱਥੇ ਲਗਾਏ ਜਾਂਦੇ ਹਨ..? ਪੈਸੇ ਦੀ ਸਮੇਂ ਤੇ ਵਰਤੋ ਨਾ ਕਰਨਾ ਵੀ ਅਧਿਕਾਰੀਆਂ ਦੀ ਗੈਰਜਿੰਮੇਵਾਰਤਾ ਹੈ। ਅਜਿਹੇ ਅਧਿਕਾਰੀਆਂ ਦੀ ਲਾਪਰਵਾਹੀ ਕਰਕੇ ਸਰਕਾਰ ਦੇ ਅਕਸ ਨੂੰ ਢਾਹ ਲੱਗਦੀ ਹੈ।