ਰਾਜਪੁਰਾ – ਲੋਕ ਸਭਾ ਹਲਕਾ ਪਟਿਆਲ਼ਾ ਦੇ ਟਕਸਾਲੀ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਵੱਲੋਂ ਰਾਜਪੁਰਾ ਦੇ ਇਕ ਰਿਜ਼ੋਰਟ ’ਚ ਲੋਕ ਸਭਾ ਟਿਕਟ ਦੀ ਨਜ਼ਰਸਾਨੀ ਲਈ ਰੱਖੀ ਗਈ ਮੀਟਿੰਗ ਵਿਚ ਭਰਵੀਂ ਗਿਣਤੀ ਵਿਚ ਵਰਕਰਾਂ ਨੇ ਭਾਗ ਲਿਆ। ਮੀਟਿੰਗ ’ਚ ਵਰਕਰਾਂ ਤੋਂ ਇਲਾਵਾ ਟਕਸਾਲੀ ਕਾਂਗਰਸੀ ਬਲਦੇਵ ਸਿੰਘ ਗੱਦੋਮਾਜਰਾ, ਸਾਬਕਾ ਵਿਧਾਇਕ ਰਜਿੰਦਰ ਸਿੰਘ, ਸਾਬਕਾ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ, ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਜਗਤਾਰ ਸਿੰਘ ਰਾਜਲਾ ਸਾਬਕਾ ਵਿਧਾਇਕ ਸਮਾਣਾ, ਪਟਿਆਲ਼ਾ ਦੇ ਹਲਕਾ ਇੰਚਾਰਜ ਵਿਸ਼ਣੂ ਸ਼ਰਮਾ, ਸੂਬਾ ਪ੍ਰਧਾਨ ਮਹਿਲਾ ਵਿੰਗ ਗੁਰਸ਼ਰਨ ਕੌਰ ਰੰਧਾਵਾ ਨੇ ਸ਼ਮੂਲੀਅਤ ਕੀਤੀ। ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਭਾਸ਼ਣ ਦੇ ਅੰਤ ’ਚ ਸਮੂਹ ਵਰਕਰਾਂ ਨੂੰ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਪ੍ਰਚਾਰ ਵਿਚ ਜੁੱਟ ਜਾਣ ਦੀ ਅਪੀਲ ਕੀਤੀ ਤਾਂ ਵਰਕਰਾਂ ਨੇ ਰਾਜਾ ਵੜਿੰਗ ਦੇ ਮੂੰਹ ਉਪਰ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਡਾ. ਗਾਂਧੀ ਦਾ ਸਾਥ ਨਹੀਂ ਦੇਣਗੇ। ਵਰਕਰਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਉਮੀਦ ਸੀ ਕਿ ਰਾਜਾ ਵੜਿੰਗ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਲਈ ਟਿਕਟ ਦਾ ਐਲਾਨ ਕਰਨਗੇ ਪਰ ਅਜਿਹਾ ਨਹੀਂ ਹੋਇਆ। ਵਰਕਰਾਂ ਨੇ ਸਾਫ਼ ਕਿਹਾ ਕਿ ਉਹ ਇਨ੍ਹਾਂ ਵੋਟਾਂ ’ਚ ਆਪਣੀ ਵੋਟ ਤਾਂ ਕਾਂਗਰਸ ਪਾਰਟੀ ਨੂੰ ਪਾ ਦੇਣਗੇ ਪਰ ਡਾ. ਗਾਂਧੀ ਲਈ ਘਰ-ਘਰ, ਗਲ਼ੀ-ਗਲ਼ੀ ਵੋਟਾਂ ਮੰਗਣ ਲਈ ਨਹੀਂ ਘੁੰਮਣਗੇ। ਉਨ੍ਹਾਂ ਕਿਹਾ ਕਿ ਅਜੇ ਵੀ ਵਕਤ ਹੈ ਕਿ ਪਾਰਟੀ ਹਾਈ ਕਮਾਂਡ ਟਿਕਟ ਉਪਰ ਨਜ਼ਰਸਾਨੀ ਕਰੇ, ਨਹੀਂ ਤਾਂ ਇਹ ਜਿੱਤੀ ਹੋਈ ਸੀਟ ਪਾਰਟੀ ਦੇ ਹੱਥ ਵਿਚੋਂ ਨਿਕਲ ਜਾਵੇਗੀ। ਇਸ ਤੋਂ ਪਹਿਲਾਂ ਸਟੇਜ ਤੋਂ ਬੋਲਦਿਆਂ ਨੇ ਇਕ ਸੁਰ ’ਚ ਰਾਜਾ ਵੜਿੰਗ ਰਾਹੀਂ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਡਾ. ਗਾਂਧੀ ਨੂੰ ਦਿੱਤੀ ਟਿਕਟ ਉਪਰ ਮੁੜ ਗ਼ੌਰ ਕੀਤਾ ਜਾਵੇ ਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ਉਮੀਦਵਾਰ ਬਣਾਇਆ ਜਾਵੇ। ਕੰਬੋਜ ਨੇ ਆਪਣੇ ਭਾਸ਼ਣ ਵਿਚ ਰਾਜ ਵੜਿੰਗ ਨੂੰ ਸਵਾਲ ਕੀਤਾ ਕਿ ਟਕਸਾਲੀ ਵਰਕਰਾਂ ਨੂੰ ਛੱਡ ਕੇ ਪੈਰਾਸ਼ੂਟ ਰਾਹੀਂ ਉਤਾਰੇ ਡਾ. ਗਾਂਧੀ ਨੂੰ ਹੀ ਟਿਕਟ ਕਿਉਂ ਦਿੱਤੀ ਗਈ ਹੈ।
ਸਾਬਕਾ ਮੰਤਰੀ ਲਾਲ ਸਿੰਘ ਨੇ ਕਿਹਾ ਕਿ ਡਾ. ਗਾਂਧੀ ਨੂੰ ਟਿਕਟ ਦੇਣ ਦਾ ਉਨ੍ਹਾਂ ਨੂੰ ਗਿਲ੍ਹਾ ਹੈ ਤੇ ਰਹੇਗਾ ਪਰ ਉਹ ਪਾਰਟੀ ਤੋਂ ਬਾਹਰ ਨਹੀਂ ਹਨ, ਪਾਰਟੀ ਦੇ ਹੁਕਮਾਂ ’ਤੇ ਫੁੱਲ ਚੜ੍ਹਾਉਣਗੇ। ਇਸ ਮੌਕੇ ਅੰਮ੍ਰਿਤਪਾਲ ਸਿੰਘ ਟਿਵਾਣਾ, ਅਮਨਦੀਪ ਸਿੰਘ ਨਾਗੀ, ਸਰਬਜੀਤ ਸਿੰਘ ਮਾਣਕਪੁਰ, ਕੁਲਵਿੰਦਰ ਸਿੰਘ ਭੋਲਾ, ਨਰਿੰਦਰ ਸੋਨੀ, ਯੋਗੇਸ਼ ਗੋਲਡੀ, ਵਿਜੈ ਕੁਮਾਰ, ਰੁਪਿੰਦਰ ਕੌਰ ਕੰਗ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਮੌਜੂਦ ਸਨ।