ਛਤਰਪਤੀ ਸੰਭਾਜੀਨਗਰ – ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਿਰੋਧੀ ਧਿਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਿ ਦੁਬਾਰਾ ਸੱਤਾ ’ਚ ਆਉਣ ’ਤੇ ਭਾਜਪਾ ਸੰਵਿਧਾਨ ’ਚ ਸੋਧ ਕਰ ਦੇਵੇਗੀ। ਹਾਲਾਂਕਿ ਕਾਂਗਰਸ ਆਪਣੇ ਸ਼ਾਸਨ ’ਚ 80 ਵਾਰ ਸੰਵਿਧਾਨ ਸੋਧ ਕਰ ਚੁੱਕੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਦੇਸ਼ ਦੀ ਜਨਤਾ ਹੁਣ ਵੀ ਗਰੀਬ ਬਣੀ ਹੋਈ ਹੈ। ਮਹਾਰਾਸ਼ਟਰ ਦੇ ਬੀਡ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਪੰਕਜਾ ਮੁੰਡੇ ਦੇ ਸਮਰਥਨ ’ਚ ਮਾਜਲਗਾਓਂ ਸ਼ਹਿਰ ’ਚ ਹੋਈ ਰੈਲੀ ’ਚ ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਕਿ ਸਾਡੀ ਵਿਰੋਧੀ ਧਿਰ ਜਨਤਾ ਨੂੰ ਸਮਝਾਉਣ ’ਚ ਅਸਫਲ ਰਹੀ ਹੈ ਤੇ ਇਸੇ ਕਾਰਨ ਹੁਣ ਉਸਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਕਹਿੰਦੇ ਹਨ ਕਿ ਅਸੀਂ ਸੰਵਿਧਾਨ ਬਦਲ ਦੇਵਾਂਗੇ ਪਰ ਸੁਪਰੀਮ ਕੋਰਟ ਦਾ ਫੈਸਲਾ ਕਹਿੰਦਾ ਹੈ ਕਿ ਸੰਵਿਧਾਨ ਬਦਲਿਆ ਨਹੀਂ ਜਾ ਸਕਦਾ ਤੇ ਇਸ ਵਿਚ ਸਿਰਫ ਸੋਧ ਕੀਤੀ ਜਾ ਸਕਦੀ ਹੈ। ਇਹੀ ਕਾਰਨ ਹੈ ਕਿ ਕਾਂਗਰਸ ਹੁਣ ਤਕ ਸੰਵਿਧਾਨ ’ਚ 80 ਵਾਰ ਸੋਧ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਸੀਂ 10 ਸਾਲ ਕੰਮ ਕੀਤਾ ਪਰ ਕਾਂਗਰਸ ਨੇ 60 ਸਾਲਾਂ ਤਕ ਸੱਤਾ ’ਚ ਰਹਿਣ ਦੇ ਬਾਵਜੂਦ ਕੁਝ ਨਹੀਂ ਕੀਤਾ। ਅਸੀਂ ਨਹੀਂ ਰੁਕਾਂਗੇ ਤੇ ਆਖੀਰ ਗਰੀਬ ਵਿਅਕਤੀ ਨੂੰ ਲਾਭ ਪਹੁੰਚਾਉਣ ਤੱਕ ਆਪਣਾ ਕੰਮ ਜਾਰੀ ਰੱਖਾਂਗੇ। ਵਾਹਨਾਂ ’ਤੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੀਐੱਨਜੀ ਨਾਲ ਚੱਲਣ ਵਾਲੇ ਦੋਪਹੀਆ
ਵਾਹਨਾਂ ਦਾ ਉਤਪਾਦਨ ਪਹਿਲਾਂ ਹੀ ਕਈ ਕੰਪਨੀਆਂ ਵੱਲੋਂ ਕੀਤਾ ਜਾ ਚੁੱਕਾ ਹੈ। ਅਜਿਹੇ ’ਚ ਚੀਨੀ ਕੰਪਨੀਆਂ ਨੂੰ ਇਨ੍ਹਾਂ ਵਾਹਨਾਂ ਲਈ ਈਂਧਣ ਵੇਚਣ ਲਈ ਇਥੇਨੋਲ ਪੰਪ ਲਾਉਣ ਦਾ ਲਾਇਸੈਂਸ ਦਿੱਤਾ ਜਾਵੇਗਾ। ਇਸ ਦਾ ਲਾਭ ਕਿਸਾਨਾਂ ਨੂੰ ਵੀ ਹੋਵੇਗਾ।