ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਡੈਮੀਅਨ ਮਾਰਟਿਨ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਡੈਮੀਅਨ ਜਾਨਲੇਵਾ ਬਿਮਾਰੀ ਮੈਨਿਨਜਾਈਟਿਸ ਨਾਲ ਜੂਝ ਰਿਹਾ ਸੀ। ਮਾਰਟਿਨ ਦੀ ਹਾਲਤ ਨਾਜ਼ੁਕ ਬਣੀ ਰਹੀ, ਪਰ ਹਾਲ ਹੀ ਵਿੱਚ ਉਸਦੀ ਸਿਹਤ ਵਿੱਚ ਸੁਧਾਰ ਹੋਇਆ, ਜਿਸ ਕਾਰਣ ਉਸਨੂੰ ਛੁੱਟੀ ਮਿਲ ਗਈ ਹੈ। ਡੈਮੀਅਨ ਦੇ ਸਾਬਕਾ ਸਾਥੀਆਂ ਨੇ ਇਸਨੂੰ ਕਿਸੇ ਚਮਤਕਾਰ ਤੋਂ ਘੱਟ ਨਹੀਂ ਦੱਸਿਆ ਹੈ।
54 ਸਾਲਾ ਸੱਜੇ ਹੱਥ ਦਾ ਸਾਬਕਾ ਬੱਲੇਬਾਜ਼ ਡੈਮੀਅਨ ਮਾਰਟਿਨ ਜਿਸਨੇ 67 ਟੈਸਟ ਮੈਚ ਖੇਡੇ ਸਨ, ਹਸਪਤਾਲ ਵਿੱਚ ਰਹਿਣ ਦੌਰਾਨ ਕੋਮਾ ਵਿੱਚ ਸੀ। ਉਸਦੀ ਹਾਲਤ ਤੇਜ਼ੀ ਨਾਲ ਵਿਗੜ ਗਈ ਅਤੇ ਉਸਨੂੰ ਇੰਟੈਂਸਿਵ ਕੇਅਰ ਯੂਨਿਟ ਵਿੱਚ ਰੱਖਿਆ ਗਿਆ ਸੀ। ਕਈ ਦਿਨਾਂ ਤੱਕ ਗੰਭੀਰ ਹਾਲਤ ਵਿੱਚ ਰਹਿਣ ਤੋਂ ਬਾਅਦ ਡੈਮੀਅਨ ਕੋਮਾ ਤੋਂ ਬਾਹਰ ਆਇਆ ਅਤੇ ਜਵਾਬ ਦੇਣਾ ਅਤੇ ਬੋਲਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਸਦੇ ਪਰਿਵਾਰ, ਦੋਸਤਾਂ ਅਤੇ ਕ੍ਰਿਕਟ ਜਗਤ ਨੂੰ ਬਹੁਤ ਰਾਹਤ ਮਿਲੀ। ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਆਸਟ੍ਰੇਲੀਆ ਦੇ ਸਾਬਕਾ ਵਿਕਟਕੀਪਰ ਐਡਮ ਗਿਲਕ੍ਰਿਸਟ ਨੇ ਪੰਜਵੇਂ ਐਸ਼ੇਜ਼ ਟੈਸਟ ਦੌਰਾਨ ਟਿੱਪਣੀ ਕਰਦੇ ਹੋਏ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ, “ਸਾਬਕਾ ਬੱਲੇਬਾਜ਼ ਦਾ ਪਰਿਵਾਰ ਇਸ ਮੁਸ਼ਕਲ ਸਮੇਂ ਦੌਰਾਨ ਮਿਲੇ ਸਮਰਥਨ ਲਈ ਬਹੁਤ ਧੰਨਵਾਦੀ ਹੈ। ਡੈਮੀਅਨ ਦੀ ਹਾਲਤ ਸਥਿਰ ਹੋ ਗਈ ਹੈ, ਪਰ ਉਸਦੀ ਰਿਕਵਰੀ ਯਾਤਰਾ ਅਜੇ ਪੂਰੀ ਨਹੀਂ ਹੋਈ ਹੈ। ਕੁਮੈਂਟਰੀ ਦੌਰਾਨ ਗਿਲਕ੍ਰਿਸਟ ਦੇ ਨਾਲ ਆਏ ਸਾਬਕਾ ਆਸਟ੍ਰੇਲੀਅਨ ਬੱਲੇਬਾਜ਼ ਮਾਰਕ ਵਾ ਨੇ ਵੀ ਡੈਮੀਅਨ ਮਾਰਟਿਨ ਦੀ ਰਿਕਵਰੀ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਉਸਦੀ ਹਾਲਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੁਧਾਰ ਅਸਾਧਾਰਨ ਸੀ। ਇਹ ਸੱਚਮੁੱਚ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਜਦੋਂ ਉਸਨੂੰ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ ਤਾਂ ਉਸਦੀ ਹਾਲਤ ਬਹੁਤ ਹੀ ਗੰਭੀਰ ਦੇ ਰਹੀ ਸੀ।
ਵਰਨਣਯੋਗ ਹੈ ਕਿ ਡਾਰਵਿਨ ਵਿੱਚ ਜਨਮੇ ਆਸਟ੍ਰੇਲੀਆ ਦੇ ਮਸ਼ਹੂਰ ਬੱਲੇਬਾਜ਼ ਡੈਮੀਅਨ ਮਾਰਟਿਨ ਨੇ 1992-93 ਦੀ ਵੈਸਟਇੰਡੀਜ਼ ਵਿਰੁੱਧ ਲੜੀ ਵਿੱਚ ਆਪਣਾ ਟੈਸਟ ਡੈਬਿਊ ਕੀਤਾ ਸੀ। ਉਸਨੇ 2006-07 ਐਸ਼ੇਜ਼ ਵਿੱਚ ਆਪਣਾ ਆਖਰੀ ਟੈਸਟ ਖੇਡਿਆ, ਜਿਸ ਤੋਂ ਬਾਅਦ ਉਸਨੇ ਟਿੱਪਣੀ ਕਰਨੀ ਸ਼ੁਰੂ ਕੀਤੀ। ਉਸਨੇ 208 ਇੱਕ ਰੋਜ਼ਾ ਮੈਚ ਖੇਡੇ, 40.8 ਦੀ ਔਸਤ ਨਾਲ ਸਕੋਰ ਕੀਤਾ ਅਤੇ ਉਹ ਆਸਟ੍ਰੇਲੀਆ ਦੀਆਂ 1999 ਅਤੇ 2003 ਵਿਸ਼ਵ ਕੱਪ ਜੇਤੂ ਟੀਮਾਂ ਦਾ ਮੈਂਬਰ ਸੀ। ਉਸਨੇ 2003 ਦੇ ਫਾਈਨਲ ਵਿੱਚ ਭਾਰਤ ਵਿਰੁੱਧ ਉਂਗਲੀ ਟੁੱਟਣ ਤੋਂ ਬਾਅਦ ਬੱਲੇਬਾਜ਼ੀ ਕਰਦੇ ਹੋਏ ਅਜੇਤੂ 88 ਦੌੜਾਂ ਬਣਾਈਆਂ। ਉਹ 2006 ਦੀ ਚੈਂਪੀਅਨਜ਼ ਟਰਾਫੀ ਜੇਤੂ ਟੀਮ ਦਾ ਵੀ ਮੈਂਬਰ ਸੀ।