ਕਿੰਨੀ ਹੈ ਨੈੱਟਵਰਥ ਦੁਨੀਆਂ ਦੇ ਅਮੀਰਾਂ ਦੀ

ਮਿਸੀਸਾਗਾ – ਨਵੇਂ ਸਾਲ ਨੂੰ ਆਏ ਹਾਲੇ ਦੋ ਹਫ਼ਤਿਆਂ ਤੋਂ ਘੱਟ ਹੋਏ ਹਨ, ਪਰ ਇਨ੍ਹਾਂ ਕੁੱਝ ਦਿਨਾਂ ਦੌਰਾਨ ਦੁਨੀਆਂ ਭਰ ਦੇ ਕਾਰੋਬਾਰੀਆਂ ਦੀਆਂ ਜਾਇਦਾਦਾਂ ’ਚ ਲਗਾਤਾਰ ਹੈਰਾਨਜਨਕ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਹੇ ਹਨ। ਬੀਤੇ ਸਾਲ ਕਈ ਅਮੀਰਾਂ ਨੇ ਆਪਣੀ ਜਾਇਦਾਦ ਅਤੇ ਕਮਾਈ ’ਚ ਭਰਪੂਰ ਵਾਧਾ ਕੀਤਾ ਸੀ, ਉੱਥੇ ਹੀ ਕਈਆਂ ਨੇ ਆਪਣੀ ਕਮਾਈ ਦਾ ਵੱਡਾ ਹਿੱਸਾ ਗੁਆਇਆ ਵੀ ਸੀ।
ਬੀਤੇ ਸਾਲ ਜਿੱਥੇ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਈਲੌਨ ਮਸਕ ਨੇ ਸਭ ਤੋਂ ਵੱਧ ਕਮਾਈ ਕੀਤੀ ਸੀ, ਉੱਥੇ ਇਸ ਸਾਲ ਮਸਕ ਦੀ ਨੈੱਟਵਰਥ ’ਚ ਗਿਰਾਵਟ ਆਈ ਹੈ। ਸਾਲ 2023 ਦੌਰਾਨ ਸਭ ਤੋਂ ਵੱਧ ਨੁਕਸਾਨ ਝੱਲਣ ਵਾਲੇ ਭਾਰਤ ਦੇ ਗੌਤਮ ਅਡਾਨੀ ਇਸ ਸਾਲ ਦੇ ਸ਼ੁਰੂਆਤੀ ਦਿਨਾਂ ’ਚ ਕਮਾਈ ਦੇ ਮਾਮਲੇ ’ਚ ਭਾਰਤੀ ਕਾਰੋਬਾਰੀਆਂ ’ਚੋਂ ਪਹਿਲੇ ਨੰਬਰ ’ਤੇ ਰਹੇ ਹਨ। ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਦੀ ਕਮਾਈ ’ਚ ਇਸ ਸਾਲ ਵੱਡਾ ਵਾਧਾ ਹੋਇਆ ਹੈ।
ਅੰਬਾਨੀ 96.6 ਅਰਬ ਡਾਲਰ ਦੇ ਨੈੱਟਵਰਥ ਦੇ ਨਾਲ ਭਾਰਤ ਦਾ ਪਹਿਲੇ ਨੰਬਰ ਦਾ ਅਤੇ ਦੁਨੀਆਂ ਦਾ 12ਵਾਂ ਸਭ ਤੋਂ ਅਮੀਰ ਵਿਅਕਤੀ ਬਣਿਆ ਹੋਇਆ ਹੈ। ਉਸ ਤੋਂ ਬਾਅਦ ਗੌਤਮ ਅਡਾਨੀ ਇਸ ਸਾਲ 10.9 ਅਰਬ ਡਾਲਰ ਦੇ ਵਾਧੇ ਨਾਲ ਕੁੱਲ 95 ਅਰਬ ਡਾਲਰ ਦੀ ਸੰਪਤੀ ਨਾਲ ਭਾਰਤ ਦਾ ਦੂਜਾ ਅਤੇ ਦੁਨੀਆਂ ਦਾ 14ਵਾਂ ਸਭ ਤੋਂ ਅਮੀਰ ਵਿਅਕਤੀ ਹੈ।
ਬੀਤੇ ਸਾਲ ਈਲੌਨ ਮਸਕ ਦੀ ਨੈੱਟਵਰਥ ’ਚ 92 ਅਰਬ ਡਾਲਰ ਦਾ ਵਾਧਾ ਹੋਇਆ ਸੀ ਜਦ ਕਿ ਇਸ ਸਾਲ ਹੁਣ ਤਕ ਦੇ ਉਸ ਦੀ ਨੈੱਟਵਰਥ ’ਚ ਕਰੀਬ ਚਾਰ ਅਰਬ ਡਾਲਰ ਦੀ ਗਿਰਾਵਟ ਆ ਚੁੱਕੀ ਹੈ। ਹੁਣ ਉਸ ਦੀ ਕੁੱਲ ਸੰਪਤੀ 218 ਅਰਬ ਡਾਲਰ ਰਹਿ ਗਈ ਹੈ, ਪਰ ਇਸ ਦੇ ਬਾਵਜੂਦ ਮਸਕ ਦੁਨੀਆਂ ਦਾ ਸਭ ਤੋਂ ਅਮੀਰ ਵਿਅਕਤੀ ਬਣਿਆ ਹੋਇਆ ਹੈ।
ਉਸ ਤੋਂ ਬਾਅਦ ਐਮੇਜ਼ੌਨ ਦਾ ਫ਼ਾਊਂਡਰ ਜੈੱਫ਼ ਬੇਜ਼ੋਸ 176 ਅਰਬ ਡਾਲਰ ਨਾਲ ਦੁਨੀਆਂ ਦਾ ਦੂਜਾ ਸਭ ਤੋਂ ਅਮੀਰ ਆਦਮੀ ਬਣਿਆ ਹੋਇਆ ਹੈ। ਉਸ ਤੋਂ ਬਾਅਦ ਫ਼ਰਾਂਸ ਦਾ ਬਰਨਾਰਡ ਆਰਨੌਲਟ 165 ਅਰਬ ਡਾਲਰ ਨਾਲ ਤੀਜੇ ਨੰਬਰ ਦੇ ਸਭ ਤੋਂ ਅਮੀਰ ਵਿਅਕਤੀ ਹੈ।
ਬਿੱਲ ਗੇਟਸ 139 ਅਰਬ ਡਾਲਰ ਨਾਲ ਚੌਥੇ, ਸਟੀਵ ਬਾਲਮਰ 131 ਅਰਬ ਡਾਲਰ ਨਾਲ ਪੰਜਵੇਂ, ਮਾਰਕ ਜ਼ਕਰਬਰਗ 129 ਅਰਬ ਡਾਲਰ ਨਾਲ ਛੇਵੇਂ ਸਥਾਨ ’ਤੇ ਕਾਬਜ਼ ਹਨ। ਲੈਰੀ ਪੇਜ 127 ਅਰਬ ਡਾਲਰ ਨਾਲ ਸਤਵੇਂ, ਵੌਰੇਨ ਬਫ਼ੇ 123 ਅਰਬ ਡਾਲਰ ਨਾਲ ਅੱਠਵੇਂ, ਸਰਗੋਈ ਬਿ੍ਰਨ 121 ਅਰਬ ਡਾਲਰ ਨਾਲ ਨੌਵੇਂ ਅਤੇ ਲੈਰੀ ਐਲੀਸਨ 120 ਅਰਬ ਡਾਲਰ ਨਾਲ 10ਵੇਂ ਨੰਬਰ ਦੇ ਸਭ ਤੋਂ ਅਮੀਰ ਵਿਅਕਤੀ ਹਨ।

 

Related posts

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

ਡੁਬਈ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ‘ਤੇ ਹੋ ਸਕਦੀ ਕੈਦ ਤੇ ਦੇਸ਼ ਨਿਕਾਲਾ

ਮਿਡਲ-ਈਸਟ ਯੁੱਧ : ਭਾਰਤ ਵਲੋਂ ਨਵੀਂ ਦਿੱਲੀ ‘ਚ ਕੰਟਰੋਲ ਰੂਮ ਸਥਾਪਿਤ