82 ਫ਼ੀਸਦੀ ਕੈਨੇਡੀਅਨਾਂ ਅਨੁਸਾਰ ਆਰਥਿਕ ਮੰਦੀ ’ਚ ਹੈ ਦੇਸ਼

ਮਿਸੀਸਾਗਾ – ਜ਼ਿਆਦਾਤਰ ਕੈਨੇਡੀਅਨ 2024 ’ਚ ਅਰਥਵਿਵਸਥਾ ਦੇ ਦਿ੍ਰਸ਼ਟੀਕੋਣ ਦੇ ਨਾਲ-ਨਾਲ ਆਪਣੇ ਖ਼ਰਚਿਆਂ ਨੂੰ ਲੈ ਕੇ ਚਿੰਤਾ (ਨਿਰਾਸ਼ਾਵਾਦ) ’ਚ ਹਨ। ਇਹ ਗੱਲ ਇੱਕ ਨਵੇਂ ਸਰਵੇਖਣ ’ਚ ਸਾਹਮਣੇ ਆਈ ਹੈ। ਪੋਲਾਰਾ ਸਟ੍ਰੈਟੀਜਿਕ ਇਨਸਾਈਟਸ ਵਲੋਂ ਕਰਵਾਏ ਗਏ ਔਨਲਾਈਨ ਸਰਵੇਖਣ ’ਚ ਪਾਇਆ ਗਿਆ ਕਿ 52 ਫ਼ੀਸਦੀ ਉੱਤਰਦਾਤਾ ਮੰਨਦੇ ਹਨ ਕਿ ਇਸ ਸਾਲ ਕੈਨੇਡੀਅਨ ਅਰਥਵਿਵਸਥਾ ਵਿਗੜ ਜਾਵੇਗੀ ਜਦੋਂ ਕਿ 24 ਫ਼ੀਸਦੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਰਥਵਿਵਸਥਾ ਨਹੀਂ ਬਦਲੇਗੀ ਅਤੇ 15 ਫ਼ੀਸਦੀ ਦਾ ਮੰਨਣਾ ਹੈ ਕਿ ਇਸ ’ਚ ਸੁਧਾਰ ਹੋਵੇਗਾ। ਸਰਵੇਖਣ ’ਚ ਦੇਖਿਆ ਗਿਆ ਕਿ ਕੈਨੇਡੀਅਨ ਆਰਥਿਕਤਾ ਦੀ ਸਥਿਤੀ ਬਾਰੇ ਕਿਬੈਕ ਸਭ ਤੋਂ ਵੱਧ ਅਤੇ ਓਨਟੈਰੀਓ ’ਚ ਸਭ ਤੋਂ ਘੱਟ ਲੋਕ ਨਿਰਾਸ਼ਾਵਾਦੀ ਸਨ।
ਇਸ ਤੋਂ ਇਲਾਵਾ, ਦੇਸ਼ ਭਰ ’ਚ 82 ਫ਼ੀਸਦੀ ਕੈਨੇਡੀਅਨਾਂ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਕੈਨੇਡਾ ਮੰਦੀ ’ਚ ਹੈ। ਪੋਲਾਰਾ ਦਾ ਕਹਿਣਾ ਹੈ ਕਿ 2001 ’ਚ ਇਸ ਸਵਾਲ ’ਤੇ ਪੋÇਲੰਗ ਸ਼ੁਰੂ ਹੋਣ ਤੋਂ ਬਾਅਦ ਇਹ ਤੀਜਾ ਸਭ ਤੋਂ ਉੱਚਾ ਅੰਕ ਹੈ। ਕੁਝ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਕੈਨੇਡਾ ਪਹਿਲਾਂ ਹੀ ਪ੍ਰਤੀ ਵਿਅਕਤੀ ਆਧਾਰ ’ਤੇ ਮੰਦੀ ’ਚ ਹੈ ਕਿਉਂਕਿ ਇਮੀਗ੍ਰੇਸ਼ਨ ਨੇ ਕੈਨੇਡਾ ਦੇ ਸਕਾਰਾਤਮਕ ਆਰਥਿਕ ਵਿਕਾਸ ਨੂੰ ਕਾਫ਼ੀ ਹੱਦ ਤਕ ਪ੍ਰੇਰਿਤ ਕੀਤਾ ਹੈ। ਲਗਭਗ ਅੱਧੇ (46 ਫ਼ੀਸਦੀ) ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ 2024 ’ਚ ਵਿੱਤੀ ਤੌਰ ’ਤੇ ਪਿੱਛੇ ਰਹਿ ਜਾਣ ਦੀ ਉਮੀਦ ਹੈ ਜਦੋਂ ਕਿ 38 ਫ਼ੀਸਦੀ ਨੇ ਵਧਦੀ ਮਹਿੰਗਾਈ ਨਾਲ ਆਪਣੀ ਰਫ਼ਤਾਰ ਬਣਾਈ ਰੱਖਣ ਦੀ ਉਮੀਦ ਜਤਾਈ ਹੈ, ਅਤੇ ਅੱਠ ਫ਼ੀਸਦੀ ਮੰਨਦੇ ਹਨ ਕਿ ਉਹ ਰਫ਼ਤਾਰ ਨੂੰ ਬਰਕਰਾਰ ਰੱਖਣ ਤੋਂ ਕਿਤੇ ਜ਼ਿਆਦਾ ਅੱਗੇ ਨਿਕਲ ਜਾਣਗੇ। ਗਰੌਸਰੀ ਦੀਆਂ ਕੀਮਤਾਂ ਵੀ ਕੈਨੇਡੀਅਨਾਂ ਲਈ ਸਭ ਤੋਂ ਵੱਡੀ ਵਿੱਤੀ ਚਿੰਤਾ ਬਣੀ ਹੋਈ ਹੈ। 44 ਫ਼ੀਸਦੀ ਨੇ ਭੋਜਨ ਦੇ ਖ਼ਰਚਿਆਂ ਨੂੰ ਤਨਾਅ ਦਾ ਇੱਕ ਪ੍ਰਮੁੱਖ ਸਰੋਤ ਮੰਨਿਆ ਹੈ। ਉਸ ਤੋਂ ਬਾਅਦ ਰਿਹਾਇਸ਼ੀ ਖ਼ਰਚੇ, ਗੈਸ ਦੀਆਂ ਕੀਮਤਾਂ ਅਤੇ ਹੀਟਿੰਗ ਬਿੱਲ ਆਉਂਦੇ ਹਨ। ਗੈਸ ਦੀਆਂ ਕੀਮਤਾਂ ਬਾਰੇ ਤਨਾਅ ਪਿਛਲੇ ਸਾਲ ਤੋਂ ਘੱਟ ਗਿਆ ਹੈ ਕਿਉਂਕਿ ਗੈਸ ਦੀਆਂ ਕੀਮਤਾਂ ਜੂਨ 2022 ’ਚ ਸਿਖਰ ’ਤੇ ਪਹੁੰਚਣ ਤੋਂ ਬਾਅਦ ਹੁਣ ਬਹੁਤ ਘੱਟ ਗਈਆਂ ਹਨ। ਪਹਿਲਾਂ ਜ਼ਿਆਦਾਤਰ ਸ਼ਹਿਰਾਂ ’ਚ ਇਹ 2 ਡਾਲਰ ਪ੍ਰਤੀ ਲੀਟਰ ਤੋਂ ਵੱਧ ਗਈ ਸੀ।
ਗਰੌਸਰੀ ਦੇ ਸਟੋਰਾਂ ’ਤੇ ਭੋਜਨ ਦੀ ਕੀਮਤ ਸਾਰੇ ਖੇਤਰਾਂ ਅਤੇ ਉਮਰ ਸਮੂਹਾਂ ਲਈ ਇੱਕ ਪ੍ਰਮੁੱਖ ਚਿੰਤਾ ਦਾ ਵਿਸ਼ਾ ਹੈ, ਪਰ ਅਟਲੈਂਟਿਕ ਕੈਨੇਡਾ ਦੇ ਲੋਕ ਦੂਜੇ ਖੇਤਰਾਂ ਨਾਲੋਂ ਘਰਾਂ ਦੇ ਹੀਟਿੰਗ ਬਿੱਲਾਂ ਨੂੰ ਲੈ ਕੇ ਜ਼ਿਆਦਾ ਚਿੰਤਤ ਹਨ। 37 ਫ਼ੀਸਦੀ ਅਟਲੈਂਟਿਕ ਨਿਵਾਸੀਆਂ ਨੇ ਕਿਹਾ ਕਿ ਇਹ ਤਨਾਅ ਦਾ ਇੱਕ ਬਹੁਤ ਵੱਡਾ ਸਰੋਤ ਹੈ। ਅਟਲੈਂਟਿਕ ਕੈਨੇਡਾ ਵਿੱਚ ਲਗਭਗ ਇੱਕ ਤਿਹਾਈ ਘਰ ਘਰੇਲੂ ਹੀਟਿੰਗ ਤੇਲ ’ਤੇ ਨਿਰਭਰ ਕਰਦੇ ਹਨ ਜੋ ਕਿ ਕੈਨੇਡਾ ਦੇ ਹੋਰ ਹਿੱਸਿਆਂ ’ਚ ਅਸਧਾਰਣ ਹੈ ਅਤੇ ਘਰ ਦੀਆਂ ਹੀਟਿੰਗ ਪ੍ਰਣਾਲੀਆਂ ਦੀਆਂ ਹੋਰ ਕਿਸਮਾਂ ਨਾਲੋਂ ਵਧੇਰੇ ਮਹਿੰਗਾ ਹੈ। ਨੌਜਵਾਨ ਕੈਨੇਡੀਅਨ ਵੀ ਹਾਊਸਿੰਗ ਖ਼ਰਚਿਆਂ ਨੂੰ ਇੱਕ ਪ੍ਰਮੁੱਖ ਤਨਾਅ ਮੰਨਦੇ ਹਨ। 18 ਤੋਂ 34 ਸਾਲ ਦੀ ਉਮਰ ਦੇ ਉੱਤਰਦਾਤਾਵਾਂ ’ਚੋਂ 45 ਫ਼ੀਸਦੀ ਨੇ ਕਿਹਾ ਕਿ ਇਹ ਤਨਾਅ ਦਾ ਇੱਕ ਵੱਡਾ ਸਰੋਤ ਹੈ ਜਦੋਂ ਕਿ 65 ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ’ਚੋਂ ਸਿਰਫ਼ 19 ਫ਼ੀਸਦੀ ਨੇ ਇਹੀ ਗੱਲ ਕਹੀ।

Related posts

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

ਡੁਬਈ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ‘ਤੇ ਹੋ ਸਕਦੀ ਕੈਦ ਤੇ ਦੇਸ਼ ਨਿਕਾਲਾ

ਮਿਡਲ-ਈਸਟ ਯੁੱਧ : ਭਾਰਤ ਵਲੋਂ ਨਵੀਂ ਦਿੱਲੀ ‘ਚ ਕੰਟਰੋਲ ਰੂਮ ਸਥਾਪਿਤ