ਕੀ ਅਹਿਮਦਾਬਾਦ ਏਅਰ ਕ੍ਰੇਸ਼ ਦੀ ਅੰਤਿਮ ਜਾਂਚ ਰਿਪੋਰਟ ਇੱਕ ਮਹੀਨੇ ‘ਚ ਆ ਜਾਵੇਗੀ ?

ਏਅਰ ਇੰਡੀਆ।

ਨਵੀਂ ਦਿੱਲੀ – ਭਾਰਤ ਦੇ ਸਭ ਤੋਂ ਵੱਡੇ ਹਵਾਈ ਹਾਦਸਿਆਂ ਵਿੱਚੋਂ ਇੱਕ ਮੰਨੇ ਜਾ ਰਹੇ ਬੋਇੰਗ 787-8 ਡ੍ਰੀਮਲਾਇਨਰ ਹਾਦਸੇ ਦੀ ਜਾਂਚ ਹੁਣ ਆਪਣੇ ਆਖ਼ਰੀ ਪੜਾਅ ਵਿੱਚ ਪਹੁੰਚ ਗਈ ਹੈ, ਜੋ ਅਗਲੇ ਇੱਕ ਮਹੀਨੇ ਵਿੱਚ ਜਾਰੀ ਕੀਤੀ ਜਾ ਸਕਦੀ ਹੈ।

ਭਾਰਤ ਦੇ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਹੈ ਕਿ, “ਬੋਇੰਗ 787-8 ਡ੍ਰੀਮਲਾਇਨਰ ਹਾਦਸੇ ਬਾਰੇ ਅੰਤਿਮ ਜਾਂਚ ਰਿਪੋਰਟ ਅਗਲੇ ਇੱਕ ਮਹੀਨੇ ਵਿੱਚ ਜਾਰੀ ਕੀਤੀ ਜਾ ਸਕਦੀ ਹੈ।”

ਇਹ ਹਾਦਸਾ 12 ਜੂਨ 2025 ਨੂੰ ਉਸ ਵੇਲੇ ਹੋਇਆ ਸੀ ਜਦੋਂ ਏਅਰ ਇੰਡੀਆ ਦੀ ਫਲਾਈਟ ਏਆਈ171 ਅਹਿਮਦਾਬਾਦ ਤੋਂ ਲੰਡਨ ਦੇ ਗੈਟਵਿਕ ਏਅਰਪੋਰਟ ਲਈ ਉਡਾਣ ਭਰੀ ਸੀ। ਜਹਾਜ਼ ਟੇਕ-ਆਫ਼ ਤੋਂ ਕੁੱਝ ਸਮੇਂ ਬਾਅਦ ਹੀ ਕ੍ਰੈਸ਼ ਹੋ ਗਿਆ ਸੀ ਅਤੇ ਇਸ ਭਿਆਨਕ ਹਾਦਸੇ ਵਿੱਚ 260 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿੱਚ 241 ਯਾਤਰੀ, ਜਹਾਜ਼ ਦੇ ਸਟਾਫ਼ ਮੈਂਬਰ ਅਤੇ ਜ਼ਮੀਨ ‘ਤੇ ਵੀ ਮੌਜੂਦ ਕੁੱਝ ਲੋਕ ਵੀ ਸ਼ਾਮਲ ਸਨ।

ਇਸ ਹਾਦਸੇ ਦੀ ਜਾਂਚ ‘ਏਅਰਕ੍ਰਾਫ਼ਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ’ (ਏਏਆਈਬੀ) ਕਰ ਰਿਹਾ ਹੈ। ਹੁਣ ਸਭ ਦੀ ਨਜ਼ਰ ਇਸੇ ਅੰਤਿਮ ਰਿਪੋਰਟ ‘ਤੇ ਟਿਕੀ ਹੋਈ ਹੈ। ਇਸ ਰਿਪੋਰਟ ਤੋਂ ਇਹ ਸਾਫ਼ ਹੋ ਸਕੇਗਾ ਕਿ ਇਹ ਹਾਦਸਾ ਮਨੁੱਖੀ ਗਲਤੀ ਕਾਰਨ ਹੋਇਆ ਜਾਂ ਕਿਸੇ ਤਕਨੀਕੀ ਖਰਾਬੀ ਦੇ ਕਾਰਣ ਇਹ ਵੱਡਾ ਹਾਦਸਾ ਵਾਪਰਿਆ। ‘ਏਅਰਕ੍ਰਾਫ਼ਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ’ ਦੀ ਜਾਂਚ ਟੀਮ ਜਹਾਜ਼ ਦੇ ਕਈ ਹਿੱਸਿਆਂ ਦੀ ਜਾਂਚ ਕਰ ਚੁੱਕੀ ਹੈ ਜਦਕਿ ਤਕਨੀਕੀ ਖਾਮੀਆਂ, ਮਨੁੱਖੀ ਗ਼ਲਤੀਆਂ, ਸੰਗਠਨਾਤਮਕ ਕਾਰਣਾਂ ਅਤੇ ਓਪਰੇਸ਼ਨਲ ਪ੍ਰਕਿਰਿਆਵਾਂ ਸਭ ਦੀ ਪੜਤਾਲ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲ਼ੇ ਤੱਕ ਕਿਸੇ ਵੀ ਸੰਭਾਵਨਾ ਨੂੰ ਨਕਾਰਿਆ ਨਹੀਂ ਗਿਆ। ਸ਼ੁਰੂਆਤੀ ਰਿਪੋਰਟ ਵਿੱਚ ਕੀ ਸਾਹਮਣੇ ਆਇਆ ਸੀ?

‘ਏਅਰਕ੍ਰਾਫ਼ਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ’ ਨੇ ਪਿਛਲੇ ਸਾਲ 12 ਜੁਲਾਈ ਨੂੰ ਆਪਣੀ ਸ਼ੁਰੂਆਤੀ ਰਿਪੋਰਟ ਜਾਰੀ ਕੀਤੀ ਸੀ। ਉਸ ਵਿੱਚ ਕਿਹਾ ਗਿਆ ਸੀ ਕਿ ਟੇਕ-ਆਫ਼ ਤੋਂ ਤੁਰੰਤ ਬਾਅਦ ਦੋਵੇਂ ਇੰਜਣਾਂ ਨੂੰ ਜਾਣ ਵਾਲੀ ਫਿਊਲ ਸਪਲਾਈ ਸਿਰਫ਼ ਇੱਕ ਸਕਿੰਟ ਦੇ ਅੰਤਰ ਨਾਲ ਬੰਦ ਹੋ ਗਈ ਸੀ। ਜਿਸ ਕਰਕੇ ਜਹਾਜ਼ ਦੇ ਇੰਜਣਾਂ ਦੀ ਤਾਕਤ ਖਤਮ ਹੋ ਗਈ ਸੀ, ਕਾਕਪਿਟ ਵਿੱਚ ਉਲਝਣ ਪੈਦਾ ਹੋਈ ਅਤੇ ਜਹਾਜ਼ ਤੇਜ਼ੀ ਨਾਲ ਕੰਟਰੋਲ ਤੋਂ ਬਾਹਰ ਹੋ ਗਿਆ। ਰਿਪੋਰਟ ਮੁਤਾਬਕ ਕਾਕਪਿਟ ਵੌਇਸ ਰਿਕਾਰਡਰ ਵਿੱਚ ਇੱਕ ਪਾਇਲਟ ਦੂਜੇ ਪਾਇਲਟ ਤੋਂ ਪੁੱਛਦਾ ਸੁਣਿਆ ਗਿਆ – “ਫਿਊਲ ਕੱਟ-ਆਫ਼ ਕਿਉਂਂ ਕੀਤਾ?” ਜਿਸ ਦੇ ਜਵਾਬ ਵਿੱਚ ਦੂਜੇ ਪਾਇਲਟ ਨੇ ਕਿਹਾ ਕਿ, “ਉਸਨੇ ਅਜਿਹਾ ਕੋਈ ਕਦਮ ਨਹੀਂ ਚੁੱਕਿਆ।” ਇਸ ਤੋਂ ਬਾਅਦ ਇਹ ਸਵਾਲ ਖੜ੍ਹਾ ਹੋਇਆ ਸੀ ਕਿ ਕੀ ਇਹ ਮਨੁੱਖੀ ਗਲਤੀ ਸੀ ਕਿ ਜਾਂ ਕੋਈ ਤਕਨੀਕੀ ਖਰਾਬੀ?

ਇਸ ਮਾਮਲੇ ਦੇ ਵਿੱਚ ਹੁਣ ਮਾਮਲੇ ਵਿੱਚ ਇੱਕ ਨਵਾਂ ਪੱਖ ਸਾਹਮਣੇ ਆਇਆ ਹੈ। ਫੈਡਰੇਸ਼ਨ ਆਫ਼ ਇੰਡੀਅਨ ਪਾਇਲਟਸ ਨੇ ਨਾਗਰਿਕ ਹਵਾਬਾਜ਼ੀ ਮੰਤਰਾਲੇ ਅਤੇ ‘ਏਅਰਕ੍ਰਾਫ਼ਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ’  ਨੂੰ ਇੱਕ ਤਕਨੀਕੀ ਨੋਟ ਭੇਜਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ, “ਸੰਭਵ ਹੈ ਟੇਕ-ਆਫ਼ ਤੋਂ ਪਹਿਲਾਂ ਜਹਾਜ਼ ਦੇ ਇਲੈਕਟ੍ਰਿਕ ਸਿਸਟਮ ਵਿੱਚ ਕੋਈ ਗੜਬੜ ਹੋਈ ਹੋਵੇ, ਜਿਸ ਕਾਰਣ ਬਿਨਾਂ ਪਾਇਲਟ ਦੀ ਕਾਰਵਾਈ ਦੇ ਦੋਵੇਂ ਇੰਜਣਾਂ ਦੀ ਫਿਊਲ ਸਪਲਾਈ ਆਪਣੇ ਆਪ ਬੰਦ ਹੋ ਗਈ ਹੋਵੇ। ਜਹਾਜ਼ ਵਿੱਚ ਵਰਤੀ ਜਾਣ ਵਾਲੀ ਲਿਥੀਅਮ-ਆਇਅਨ ਬੈਟਰੀ ਵਿੱਚ ਸ਼ਾਰਟ ਸਰਕਟ ਹੋ ਸਕਦਾ ਹੈ ਜਿਸ ਨਾਲ ਬਿਜਲੀ ਦੇ ਵੋਲਟੇਜ ਵਿੱਚ ਅਸਧਾਰਨ ਉਤਾਰ-ਚੜ੍ਹਾਅ ਆਇਆ ਹੋ ਸਕਦਾ ਹੈ। ਇਸ ਨਾਲ ਰੀਲੇਅ ਸਿਸਟਮ ਗਲਤ ਤਰੀਕੇ ਨਾਲ ਐਕਟਿਵ ਹੋ ਸਕਦਾ ਹੈ ਅਤੇ ਫਿਊਲ ਸਪਲਾਈ ਆਪਣੇ ਆਪ ਬੰਦ ਹੋ ਗਈ ਹੋਵੇ। ਬੋਇੰਗ 787-8 ਡ੍ਰੀਮਲਾਇਨਰ ਦੇ ਇਲੈਕਟ੍ਰਿਕ ਡਿਜ਼ਾਇਨ ਵਿੱਚ ਕੁਝ ਕਮਜ਼ੋਰੀਆਂ ਹੋ ਸਕਦੀਆਂ ਹਨ ਜਿਨ੍ਹਾਂ ਕਾਰਣ ਅਜਿਹੀ ਘਟਨਾ ਵਾਪਰ ਸਕਦੀ ਹੈ। ਪਾਇਲਟਾਂ ਨੂੰ ਜਲਦੀ ਦੋਸ਼ੀ ਨਾ ਠਹਿਰਾਇਆ ਜਾਵੇ ਅਤੇ ਹਰ ਤਕਨੀਕੀ ਸੰਭਾਵਨਾ ਦੀ ਪੂਰੀ ਜਾਂਚ ਕੀਤੀ ਜਾਵੇ।”

ਫੈਡਰੇਸ਼ਨ ਆਫ਼ ਇੰਡੀਅਨ ਪਾਇਲਟਸ ਨੇ ਆਪਣੇ ਨੋਟ ਵਿੱਚ ਅਮਰੀਕਾ ਅਤੇ ਜਪਾਨ ਦੀਆਂ ਪੁਰਾਣੀਆਂ ਜਾਂਚਾਂ ਦਾ ਵੀ ਹਵਾਲਾ ਦਿੱਤਾ ਹੈ। ਉਨ੍ਹਾਂ ਜਾਂਚਾਂ ਵਿੱਚ ਬੈਟਰੀਆਂ ਵਿੱਚ ਗਰਮੀ, ਇਲੈਕਟ੍ਰਿਕ ਆਰਕਿੰਗ ਅਤੇ ਅਸਧਾਰਨ ਕਰੰਟ ਫ਼ਲੋਅ ਵਰਗੀਆਂ ਸਮੱਸਿਆਵਾਂ ਪਹਿਲਾਂ ਵੀ ਦਰਜ ਕੀਤੀਆਂ ਗਈਆਂ ਸਨ।

Related posts

‘ਮੈਲਬੌਰਨ ਮੈਮੋਰੀ ਵਾਕ ਐਂਡ ਜੌਗ’ ਵਿੱਚ ਸ਼ਾਮਲ ਹੋਣ ਦਾ ਆਖਰੀ ਮੌਕਾ !

6 ਹਾਰਾਂ ਤੋਂ ਬਾਅਦ ਲਖਨਊ ਸੁਪਰ ਜਾਇੰਟਸ ਦੀ ਬੈਂਗਲੁਰੂ ‘ਤੇ ਜਿੱਤ !

‘ਪੈਨਸ਼ਨ ਯੋਜਨਾ’ : ਅਸੰਗਠਿਤ ਖੇਤਰਾਂ ‘ਚ ਕੰਮ ਕਰਨ ਵਾਲਿਆਂ ਲਈ ਸੋਸ਼ਲ ਸਕਿਉਰਿਟੀ !