ਹੁਸ਼ਿਆਰਪੁਰ – ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ, ਜਿਸ ਲਈ ਪਾਰਟੀ ਦੇ ਬੂਥ ਪੱਧਰ ‘ਤੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਇਹ ਵਿਚਾਰ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀਰਵਾਰ ਨੂੰ ਹੁਸ਼ਿਆਰਪੁਰ ਦੇ ਇੱਕ ਪੈਲੇਸ ਵਿੱਚ ਪ੍ਰਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਭਾਜਪਾ ਦੇ ਸੂਬਾ ਪ੍ਰਧਾਨ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਅਤੇ ਸ਼ਾਮਚੁਰਾਸੀ ਦੇ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਨ ਆਏ ਸਨ। ਇਸ ਮੌਕੇ ਉਨਾਂ੍ਹ ਨਾਲ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ,ਭਾਜਪਾ ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ, ਸਤੀਸ਼ ਬਾਵਾ, ਮਹਿਲਾ ਆਗੂ ਮੀਨੂੰ ਸੇਠੀ ਅਤੇ ਹੋਰ ਆਗੂ ਵੀ ਮੌਜੂਦ ਸਨ। ਪੱਤਰਕਾਰਾਂ ਦੇ ਸੁਆਲਾਂ ਦਾ ਜੁਆਬ ਦਿੰਦਿਆਂ ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਭਾਜਪਾ ਨੂੰ ਹੋਰ ਬਲ ਮਿਲਿਆ ਹੈ। ਉਨਾਂ੍ਹ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਨੇ ਸਿੱਖ ਪੰਥ ਦੀ ਨਿਸ਼ਕਾਮ ਸੇਵਾ ਕੀਤੀ ਹੈ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਭਾਜਪਾ ਦੀ ਸਰਕਾਰ ਆਉਣ ‘ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸੀਐਮ ਚਿਹਰਾ ਬਣਾਉਣ ਬਾਰੇ ਇਕ ਸਵਾਲ ਦੇ ਜਵਾਬ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਜਿਹੇ ਫ਼ੈਸਲੇ ਪਾਰਟੀ ਦੀ ਹਾਈ ਪਾਵਰ ਕਮੇਟੀ ਕਰਦੀ ਹੈ।ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨਾਲ ਗੱਠਜੋੜ ਕਰਨ ਬਾਰੇ ਸੁਆਲਾਂ ਦਾ ਜੁਆਬ ਉਨਾਂ੍ਹ ਨੇ ਗੋਲਮੋਲ ਢੰਗ ਦੇ ਨਾਲ ਦਿੱਤਾ। ਪਿਛਲੀਆਂ ਅਕਾਲੀ ਅਤੇ ਕਾਂਗਰਸ ਸਰਕਾਰਾਂ ਤੇ ਤਾਬੜਤੋੜ ਹਮਲੇ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ ਕੇ ਸਹੁੰ ਖਾਣ ਵਾਲੀ ਸਰਕਾਰ ਹੁਣ ਫਿਰ ਲੋਕਾਂ ਨਾਲ ਭਰਮਾਊ ਵਾਅਦਾ ਕਰਦੀ ਹੈ। ਸੂਬੇ ਦੀ ਕਾਂਗਰਸ ਸਰਕਾਰ ਨੇ ਸਿਰਫ਼ ਚਿਹਰਾ ਹੀ ਬਦਲਿਆ ਹੈ ਪਰ ਰੇਤ ਮਾਫੀਆ, ਡਰੱਗ ਮਾਫੀਆ, ਟਰਾਂਸਪੋਰਟ ਮਾਫੀਆ ਦਾ ਚਿਹਰਾ ਬਿਲਕੁਲ ਨਹੀਂ ਬਦਲਿਆ। ਕੈਬਨਿਟ ਮੰਤਰੀ ਪਿਛਲੀ ਕੈਬਨਿਟ ਦੇ ਵਿੱਚ ਵੀ ਕਾਂਗਰਸ ਸਰਕਾਰ ਦਾ ਹਿੱਸਾ ਰਹੇ ਸਨ ਇਸ ਲਈ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਕੀਤੇ ਹੋਏ ਐਲਾਨਾਂ ਦੀ ਕੋਈ ਸਾਰਥਿਕਤਾ ਨਹੀਂ ਰਹਿ ਜਾਂਦੀ ਜਿਹੜੀ ਸਰਕਾਰ ਸੱਤਾ ਵਿੱਚ ਹੁੰਦਿਆਂ ਹੋਇਆਂ ਵੀ ਲੋਕਾਂ ਦੀ ਭਲਾਈ ਅਤੇ ਮਾਫੀਆ ਦੇ ਖ਼ਲਿਾਫ਼ ਕਾਰਵਾਈ ਨਹੀਂ ਕਰ ਸਕੀ, ਉਹ ਆਉਣ ਵਾਲੇ ਸਮੇਂ ਵਿੱਚ ਵੀ ਨਹੀਂ ਕਰ ਸਕੇਗੀ। ਕੇਜਰੀਵਾਲ ਅਤੇ ਚੰਨੀ ਸਰਕਾਰ ਨੂੰ ਇੱਕੋ ਸਿੱਕੇ ਦੇ ਦੋ ਪਹਿਲੂ ਕਰਾਰ ਦਿੰਦਿਆਂ ਉਨਾਂ੍ਹ ਕਿਹਾ ਕਿ ਉਨਾਂ੍ਹ ਦੀ ਲੋਕਾਂ ਨੂੰ ਭਰਮਾਉਣ ਦੀ ਆਪਸ ਵਿੱਚ ਰੇਸ ਲੱਗੀ ਹੋਈ ਹੈ ਜਿਸ ਦਾ ਸ਼ੋ੍ਮਣੀ ਅਕਾਲੀ ਦਲ ਵੀ ਹਿੱਸਾ ਬਣ ਜਾਂਦਾ ਹੈ।ਉਨਾਂ੍ਹ ਕਿਹਾ ਕਿ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜ ਕੇ ਭਾਜਪਾ 2022 ਵਿੱਚ ਆਪਣੀ ਸਰਕਾਰ ਬਣਾਏਗੀ ਜਿਸ ਵੱਲੋਂ ਐਲਾਨਾਂ ਦੀ ਬਜਾਏ ਸਹੀ ਅਰਥਾਂ ਵਿੱਚ ਲੋਕਾਂ ਦੀ ਭਲਾਈ ਲਈ ਕੰਮ ਕੀਤੇ ਜਾਣਗੇ। ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਦੇ ਮਾਮਲੇ ਵਿਚ ਬੈਕ ਫੁੱਟ ਤੇ ਜਾਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਅਸ਼ਵਨੀ ਸ਼ਰਮਾ ਸੂਬਾ ਪ੍ਰਧਾਨ ਨੇ ਕਿਹਾ ਕਿ ਪ੍ਰਧਾਨਮੰਤਰੀ ਨੇ ਖੁਦ ਕਿਹਾ ਹੈ ਕਿ ਉਨਾਂ੍ਹ ਨੇ ਤਿੰਨ ਖੇਤੀ ਕਾਨੂੰਨ ਕਿਸਾਨਾਂ ਦੀ ਭਲਾਈ ਲਈ ਲਿਆਂਦੇ ਸਨ ਅਤੇ ਹੁਣ ਦੇਸ਼ ਹਿੱਤ ਵਿੱਚ ਇਹ ਕਾਨੂੰਨ ਵਾਪਸ ਲਏ ਜਾ ਰਹੇ ਹਨ।