ਨਵੀਂ ਦਿੱਲੀ – ਕੋਰੋਨਾ ਵਾਇਰਸ ਦੇ ਨਵੇਂ ਸਬ-ਵੇਰੀਐਂਟ ਜੇ ਐਨ1 ਦੀ ਐਂਟਰੀ ਨਾਲ ਦੇਸ਼ ਵਿਚ ਹਲਚਲ ਮਚ ਗਈ ਹੈ। ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਭਾਰਤ ’ਚ ਪਿਛਲੇ 24 ਘੰਟਿਆਂ ਦੌਰਾਨ 594 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 2,669 ਹੋ ਗਈ ਹੈ। ਉੱਥੇ ਹੀ ਕੋਰੋਨਾ ਨਾਲ 6 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿਚ ਕੇਰਲ ਦੇ 3, ਕਰਨਾਟਕ ਦੇ 2 ਅਤੇ ਪੰਜਾਬ ਦੇ ਇਕ ਮਰੀਜ਼ ਦੀ ਜਾਨ ਚੱਲੀ ਗਈ ਹੈ।
ਦੱਸ ਦੇਈਏ ਕਿ ਚੀਨ ਤੋਂ ਫੈਲੇ ਇਸ ਵਾਇਰਸ ਨੇ ਮੁੜ ਰਫ਼ਤਾਰ ਫੜ੍ਹ ਲਈ ਹੈ। ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 4.50 ਕਰੋੜ (4,50,06, 572) ਹੋ ਗਈ ਹੈ। ਉੱਥੇ ਹੀ 6 ਮਰੀਜ਼ਾਂ ਦੀ ਮੌਤ ਮਗਰੋਂ ਮਿ੍ਰਤਕਾਂ ਦੀ ਗਿਣਤੀ 5,33,327 ਹੋ ਗਈ। ਇਸ ਬਿਮਾਰੀ ਨਾਲ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 4,44,70,576 ਹੋ ਗਈ ਹੈ। ਮੰਤਰਾਲਾ ਦੀ ਵੈੱਬਸਾਈਟ ਮੁਤਾਬਕ ਦੇਸ਼ ਵਿਚ ਹੁਣ ਤੱਕ ਕੋਵਿਡ-19 ਰੋਕੂ ਟੀਕਾਕਰਨ ਮੁਹਿੰਮ ਤਹਿਤ 220.67 ਕਰੋੜ ਖ਼ੁਰਾਕਾਂ ਦਿੱਤੀਆਂ ਗਈਆਂ ਹਨ।
ਕੋਰੋਨਾ ਵਾਇਰਸ ਦੀ ਲਾਗ ਵਿਚ ਲਗਾਤਾਰ ਵਾਧੇ ਨੂੰ ਵੇਖਦੇ ਹੋਏ ਦੇਸ਼ ਭਰ ’ਚ ਹੁਣ ਤੱਕ ਕੋਰੋਨਾ ਵਾਇਰਸ ਦੇ ਸਬ-ਵੇਰੀਐਂਟ ਜੇ ਐਨ1 ਦੇ 21 ਕੇਸਾਂ ਦਾ ਪਤਾ ਲਗਾਇਆ ਗਿਆ ਹੈ। ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾਕਟਰ ਵੀ. ਕੇ. ਪਾਲ ਨੇ ਬੁੱਧਵਾਰ ਨੂੰ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਪਾਲ ਨੇ ਕਿਹਾ ਕਿ ਸੂਬਿਆਂ ਨੂੰ ਕੋਵਿਡ ਸਬੰਧੀ ਤਿਆਰੀ ਵਧਾਉਣ, ਜਾਂਚ ਵਧਾਉਣ ਅਤੇ ਨਿਗਰਾਨੀ ਸਿਸਟਮ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦੇਣਾ ਚਾਹੀਦਾ ਹੈ।