ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 358ਵਾਂ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ ਗਿਆ

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਖ਼ਾਲਸਾ ਕਾਲਜ ਕੈਂਪਸ ’ਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ: ਰਜਿੰਦਰ ਮੋਹਨ ਸਿੰਘ ਛੀਨਾ ਕੀਰਤਨ ਗਾਇਨ ਕਰ ਰਹੇ ਵਿਦਿਆਰਥੀਆਂ ਨੂੰ ਸਿਰੋਪਾਓ ਭੇਟ ਕਰਦੇ ਹੋਏ ਨਾਲ ਹਨ ਡਾ. ਮਹਿਲ ਸਿੰਘ, ਡਾ. ਅਰਵਿੰਦਰ ਕੌਰ ਕਾਹਲੋਂ ਅਤੇ ਹੋਰ।

ਅੰਮ੍ਰਿਤਸਰ – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 358ਵਾਂ ਪ੍ਰਕਾਸ਼ ਪੁਰਬ ਅੱਜ ਕਾਲਜ ਕੈਂਪਸ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਸਹਿਤ ਮਨਾਇਆ ਗਿਆ। ਇਸ ਮੌਕੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਉਚੇਚੇ ਤੌਰ ’ਤੇ ਗੁਰੂ ਚਰਨਾਂ ’ਚ ਹਾਜ਼ਰੀ ਲਗਵਾਈ।

ਕਾਲਜ ਦੇ ਗੁਰਦੁਆਰਾ ਸਾਹਿਬ ਵਿਖੇ ਪਰਸੋਂ ਤੋਂ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅੱਜ ਕਾਲਜ ਦੇ ਗੁਰਮਤਿ ਸਟੱਡੀ ਸੈਂਟਰ ਦੇ ਵਿਦਿਆਰਥੀਆਂ ਵੱਲੋਂ ‘ਤਹੀ ਪ੍ਰਕਾਸ਼ ਹਮਾਰਾ ਭਯੋ, ਪਟਨਾ ਸਹਰ ਵਿਖੈ ਭਾਵ ਲਯੋ ‘ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ’, ‘ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ’, ‘ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ’ ਸ਼ਬਦ ਗਾਇਨ ਕਰਕੇ ਹਾਜ਼ਰ ਸੰਗਤ ਨੂੰ ਨਿਹਾਲ ਕੀਤਾ।

ਇਸ ਮੌਕੇ ਸ: ਛੀਨਾ ਨੇ ਸਮੂਹ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦਿੰਦਿਆਂ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ-ਪਾਤ ਦੇ ਭੇਦਭਾਵ ਨੂੰ ਖ਼ਤਮ ਕਰਕੇ ਬਰਾਬਰੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੁਆਰਾ ਦੇਸ਼ ਕੌਮ ਲਈ ਦਿੱਤੀ ਗਈ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਕਲਗੀਧਰ ਪਿਤਾ ਨੇ ਜ਼ੁਲਮ ਦੇ ਖਾਤਮੇ ਅਤੇ ਕੌਮ ਦੀ ਰੱਖਿਆ ਲਈ ਜਾਲਮ ਮੁਗਲਾਂ ਨਾਲ ਟਾਕਰਾ ਲੈਂਦਿਆਂ ਆਪਣਾ ਸਰਬੰਸ ਵਾਰ ਦਿੱਤਾ ਸੀ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੁਆਰਾ ਵਿਖਾਏ ਮਾਰਗ ਅਤੇ ਉਪਦੇਸ਼ਾਂ ਨੂੰ ਅਪਨਾ ਕੇ ਸਵੈਮਾਨ ਨਾਲ ਜੀਉਣ ਲਈ ਪ੍ਰੇਰਿਤ ਕੀਤਾ, ਕਿਉਂਕਿ ਉਨ੍ਹਾਂ ਦਾ ਜੀਵਨ, ਇਤਿਹਾਸ ਅਤੇ ਸਿੱਖਿਆਵਾਂ ਵਿਸ਼ਵ ਭਰ ਲਈ ਪ੍ਰੇਰਣਾਦਾਇਕ ਹੈ।

ਇਸ ਮੌਕੇ ਸਿੱਖ ਇਤਿਹਾਸ ਮਾਹਿਰ ਅਤੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ਰੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਬਾਦਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਫ਼ਲਸਫ਼ੇ ਬਾਰੇ ਆਈ ਹੋਈ ਸੰਗਤ ਨੂੰ ਵਿਸਥਾਰ ਪੂਰਵਕ ਚਾਨਣਾ ਪਾਇਆ। ਉਪਰੰਤ ਗੁਰੂ ਕਾ ਲੰਗਰ ਵਰਤਾਇਆ ਗਿਆ। ਇਸ ਮੌਕੇ ਸ: ਛੀਨਾ ਨੇ ਖਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਦੇ ਕਾਰਜਕਾਰੀ ਪਿ੍ਰੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਨਾਲ ਮਿਲ ਕੇ ਕੀਰਤਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਿਰੋਪਾਓ ਭੇਟ ਕੀਤਾ।

ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸ: ਅਜ਼ਮੇਰ ਸਿੰਘ ਹੇਰ, ਸ: ਰਾਜਬੀਰ ਸਿੰਘ, ਸ: ਲਖਵਿੰਦਰ ਸਿੰਘ ਢਿੱਲੋਂ, ਸ: ਗੁਰਪ੍ਰੀਤ ਸਿੰਘ ਗਿੱਲ, ਮੈਂਬਰ ਸ: ਸਰਬਜੀਤ ਸਿੰਘ ਹੁਸ਼ਿਆਰ ਨਗਰ, ਖਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ, ਐਗਜੇਮੀਨੇਸ਼ਨ ਕੰਟਰੋਲਰ ਡੀਨ ਡਾ. ਕੰਵਲਜੀਤ ਸਿੰਘ, ਖ਼ਾਲਸਾ ਕਾਲਜ ਦੇ ਕਾਰਜਕਾਰੀ ਪਿ੍ਰੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ ਪਿ੍ਰੰਸੀਪਲ ਡਾ. ਮਨਦੀਪ ਕੌਰ, ਖ਼ਾਲਸਾ ਕਾਲਜ ਆਫ਼ ਲਾਅ ਪਿ੍ਰੰਸੀਪਲ ਡਾ. ਜਸਪਾਲ ਸਿੰਘ, ਖ਼ਾਲਸਾ ਕਾਲਜ ਚਵਿੰਡਾ ਦੇਵੀ ਸ: ਗੁਰਦੇਵ ਸਿੰਘ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਪਿ੍ਰੰਸੀਪਲ ਡਾ. ਲਕਸ਼ਮੀ  ਚੋਪੜਾ, ਖ਼ਾਲਸਾ ਕਾਲਜ ਪਬਲਿਕ ਸਕੂਲ ਪਿ੍ਰੰਸੀਪਲ ਏ. ਐਸ. ਗਿੱਲ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਿ੍ਰੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ, ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਪਿ੍ਰੰਸੀਪਲ ਨਿਰਮਲਜੀਤ ਕੌਰ ਗਿੱਲ, ਖ਼ਾਲਸਾ ਕਾਲਜ ਪਬਲਿਕ ਸਕੂਲ, ਹੇਰ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਕੰਬੋਜ, ਅੰਡਰ ਸੈਕਟਰੀ ਡੀ. ਐਸ. ਰਟੌਲ, ਕਾਲਜ ਅਧਿਆਪਕ, ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ