ਪੰਜਾਬ ਦੇ ਵਿੱਚ 2027 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਮਿੱਥੇ ਸਮੇਂ ਤੋਂ ਪਹਿਲਾਂ ਕਰਵਾਏ ਜਾਣ ਦੀਆਂ ਸੰਭਾਵਨਾਵਾਂ ਨੂੰ ਲੈਕੇ ਰਾਜਨੀਤਕ ਪਾਰਟੀਆਂ ਦੇ ਵਲੋਂ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਸਾਮ, ਦਾਮ ਅਤੇ ਦੰਡ-ਭੇਦ ਦੀ ਨੀਤੀ ਦੇ ਤਹਿਤ ਪੰਜਾਬ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਨੂੰ ਲੈਕੇ ਸਿਆਸੀ ਦਲਾਂ ਵਲੋਂ ਵੋਟਰਾਂ ਨੂੰ ਭਰਮਾਉਣ ਦੇ ਲਈ ਪੰਜਾਬ ਨੂੰ ਸਿਆਸੀ ‘ਮਹਾਂਭਾਰਤ’ ਦਾ ਮੈਦਾਨ ਬਨਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।
ਪੰਜਾਬ ਦੀ ਮੌਜੂਦਾ 16ਵੀਂ ਵਿਧਾਨ ਸਭਾ ਫਰਵਰੀ 2022 ਵਿੱਚ ਚੁਣੀ ਗਈ ਸੀ ਅਤੇ ਇਸਦੀ ਮਿਆਦ ਮਾਰਚ 2027 ਦੇ ਵਿੱਚ ਪੂਰੀ ਹੋਵੇਗੀ। ਜੇਕਰ ਵਿਧਾਨ ਸਭਾ ਨੂੰ ਪਹਿਲਾਂ ਭੰਗ ਨਹੀਂ ਕੀਤਾ ਜਾਂਦਾ ਤਾਂ ਅਗਲੀਆਂ ਵਿਧਾਨ ਸਭਾ ਚੋਣਾਂ ਅਗਲੇ ਸਾਲ ਫਰਵਰੀ ਮਹੀਨੇ ਦੇ ਵਿੱਚ ਹੋਣੀਆਂ ਤੈੱਅ ਹਨ। 2027 ਦੀ ਮਰਦਮਸ਼ੁਮਾਰੀ ਦੇ ਕਾਰਣ ਸਮੇਂ ਤੋਂ ਪਹਿਲਾਂ ਵੋਟਾਂ ਕਰਵਾਏ ਜਾਣ ਦੀ ਉਮੀਦ ਹੈ। ਦਰਅਸਲ, ਜਨਗਣਨਾ ਦਾ ਦੂਜਾ ਪੜਾਅ 9 ਫਰਵਰੀ ਤੋਂ 28 ਫਰਵਰੀ ਤੱਕ ਚੱਲੇਗਾ। ਇਸ ਸਮੇਂ ਦੌਰਾਨ ਕਰਮਚਾਰੀ ਸਮਾਜਿਕ ਅਤੇ ਆਰਥਿਕ ਜਾਣਕਾਰੀ ਇਕੱਠੀ ਕਰਨਗੇ। ਇਸ ਲਈ ਪੰਜਾਬ ਵਿੱਚ ਘੱਟੋ-ਘੱਟ 200,000 ਲੱਖ, ਉੱਤਰ ਪ੍ਰਦੇਸ਼ ਵਿੱਚ 5.5 ਲੱਖ, ਉਤਰਾਖੰਡ, ਮਨੀਪੁਰ ਅਤੇ ਗੋਆ ਵਿੱਚ 50-50 ਹਜ਼ਾਰ ਸਰਕਾਰੀ ਕਰਮਚਾਰੀਆਂ ਦੀ ਲੋੜ ਹੋਵੇਗੀ। ਇਸ ਦੇ ਨਤੀਜੇ ਵਜੋਂ ਚੋਣ ਸਟਾਫ ਦੀਆਂ ਜ਼ਰੂਰਤਾਂ ਨਾਕਾਫ਼ੀ ਹੋਣਗੀਆਂ। ਇਸਨੂੰ ਦੇਖਦਿਆਂ ਚੋਣ ਕਮਿਸ਼ਨ ਇਨ੍ਹਾਂ ਰਾਜਾਂ ਵਿੱਚ ਫਰਵਰੀ-ਮਾਰਚ ਤੋਂ ਪਹਿਲਾਂ ਚੋਣਾਂ ਕਰਵਾਉਣ ‘ਤੇ ਵਿਚਾਰ ਕਰ ਰਿਹਾ ਹੈ ਤਾਂ ਜੋ ਅਗਲੇ ਸਾਲ ਫਰਵਰੀ ਵਿੱਚ ਹੋਣ ਵਾਲੀ ਜਨਗਣਨਾ ਦੇ ਦੂਜੇ ਪੜਾਅ ਵਿੱਚ ਵਿਘਨ ਨਾ ਪਵੇ।
ਆਮ ਆਦਮੀ ਪਾਰਟੀ ਵਲੋਂ ਅਗਲੀਆਂ ਵਿਧਾਨਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸ਼ਕਤੀ ਪ੍ਰਦਰਸ਼ਨ ਦਾ ਆਗਾਜ਼ ਬਠਿੰਡਾ ਤੋਂ ਕੀਤਾ ਗਿਆ ਹੈ। ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ‘ਆਪ’ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਹੋਰ ਆਗੂਆਂ ਨਾਲ ਬਠਿੰਡਾ ਵਿੱਚ ਰੋਡ ਸ਼ੋਅ ਨੂੰ ਸੰਬੋਧਨ ਕੀਤਾ। ਬਠਿੰਡਾ ਵਿਖੇ ਰੋਡ ਸ਼ੋਅ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ 12 ਜੂਨ 2026 ਨੂੰ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਨਿਰਧਾਰਤ ਸਮੇਂ ਤੋਂ ਪਹਿਲਾਂ ਫਰਵਰੀ 2027 ਦੀ ਬਜਾਏ ਨਵੰਬਰ 2026 ਵਿੱਚ ਚੋਣਾਂ ਹੋ ਸਕਦੀਆਂ ਹਨ। ਭਾਵ ਸਾਡੇ ਕੋਲ ਸਿਰਫ਼ ਚਾਰ ਮਹੀਨੇ ਬਚੇ ਹਨ। ਕੇਜਰੀਵਾਲ ਨੇ ਵਰਕਰਾਂ ਅਤੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਤੋਂ ਹੀ ਚੋਣਾਂ ਦੀ ਤਿਆਰੀ ਸ਼ੁਰੂ ਕਰ ਦੇਣ। ਉਨ੍ਹਾਂ ਆਪਣੇ ਸੰਬੋਧਨ ਦੇ ਅੰਤ ਵਿੱਚ ਲੋਕਾਂ ਨੂੰ ‘ਆਪ’ ਨੂੰ ਇੱਕ ਹੋਰ ਮੌਕਾ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਾਲ ਹੀ ਵਿੱਚ ਹੋਈਆਂ ਲੋਕਲ ਬਾਡੀ ਚੋਣਾਂ ਵਿੱਚ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਨੇ ਮਿਲ ਕੇ ਚੋਣ ਲੜੀ ਸੀ। ਇਨ੍ਹਾਂ ਪਾਰਟੀਆਂ ਨੇ ਆਪੋ-ਆਪਣੇ ਵਸੀਲੇ ਸਾਂਝੇ ਕੀਤੇ, ਰਣਨੀਤੀ ਬਣਾਈ ਅਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਵਿਰੁੱਧ ਪਰਦੇ ਪਿੱਛੇ ਇਕੱਠੇ ਪ੍ਰਚਾਰ ਕੀਤਾ।
ਸ਼੍ਰੋਮਣੀ ਅਕਾਲੀ ਦਲ ਦੇ ਵਲੋਂ ਸਮੇਂ ਤੋਂ ਪਹਿਲਾਂ ਹੀ ਵਿਧਾਨਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਆਪਣੀਆਂ ਸਰਗਰਮੀਆਂ ਅਰੰਭੀਆਂ ਹੋਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਲੋਂ ਜਿੱਥੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਉਥੇ ਹੀ ਉਹਨਾਂ ਵਲੋਂ ਅਕਾਲੀ ਵਰਕਰਾਂ ਦੇ ਨਾਲ ਜਨ-ਸੰਪਰਕ ਮੁਹਿੰਮ ਵੀ ਚਲਾਈ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਲੋਂ ਆਪਣੇ ਯੂਥਵਿੰਗ ਅਤੇ ਐੱਨਆਰਆਈ ਵਿੰਗਾਂ ਦੇ ਵਿੱਚ ਮੁੜ ਜਾਨ ਪਾਈ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਲੋਂ ਪੰਜਾਬ ਵਿਧਾਨਸਭਾ ਚੋਣਾ ਦੇ ਲਈ ਸੰਭਾਵੀ ਉਮੀਦਵਾਰਾਂ ਨੂੰ ਆਪਣੀਆਂ ਸਰਗਰਮੀਆਂ ਤੇਜ਼ ਕਰਨ ਦੇ ਲਈ ਕਿਹਾ ਗਿਆ ਹੈ। ਬੇਸ਼ੱਕ ਅਕਾਲੀਦਲ ਦੇ ਵਲੋਂ ਪੰਜਾਬ ਦੇ ਸਾਰੇ ਹੀ 117 ਹਲਕਿਆਂ ਉਪਰ ਉਮੀਦਵਾਰ ਉਤਾਰੇ ਜਾਣ ਦਾ ਪਹਿਲਾਂ ਹੀ ਐਲਾਨ ਕੀਤਾ ਗਿਆ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲੀ ਭਾਰਤੀ ਜਨਤਾ ਪਾਰਟੀ ਦੇ ਨਾਲ ਹੋਣ ਕਰਕੇ ਦੋਹਾਂ ਪਾਰਟੀਆਂ ਦੇ ਵਲੋਂ ਮਿਲ ਕੇ ਕੀਤੀਆਂ ਜਾ ਰਹੀਆਂ ਗਿਣਤੀਆਂ-ਮਿਣਤੀਆਂ ਦੇ ਅਨੁਸਾਰ ਹੀ ਸਿਆਸੀ ਪੈਂੜੜੇਬਾਜ਼ੀਆਂ ਉਲੀਕੀਆਂ ਜਾ ਰਹੀਆਂ ਹਨ।
ਭਾਰਤੀ ਜਨਤਾ ਪਾਰਟੀ ਬੰਗਾਲ ਜਿੱਤਣ ਤੋਂ ਬਾਅਦ ਹੁਣ ਮਿਸ਼ਨ ਪੰਜਾਬ ‘ਤੇ ਕੰਮ ਕਰ ਰਹੀ ਹੈ ਅਤੇ ਇਸ ਦੀ ਕਮਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਭਾਲੀ ਹੋਈ ਹੈ। ਭਾਰਤੀ ਜਨਤਾ ਪਾਰਟੀ ਦੀਆਂ ਤਿੰਨ ਰਾਜਾਂ ਵਿੱਚ ਭਾਜਪਾ ਇਕਾਈਆਂ ਦੁਆਰਾ ਜਲਦੀ ਚੋਣਾਂ ਬਾਰੇ ਚਰਚਾ ਦੀ ਪੁਸ਼ਟੀ ਕੀਤੀ ਗਈ ਹੈ। ਪੰਜਾਬ, ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਇਕਾਈਆਂ ਦੇ ਸੂਤਰਾਂ ਨੇ ਕਿਹਾ ਕਿ ਲੀਡਰਸ਼ਿਪ ਨੇ ਉਨ੍ਹਾਂ ਨੂੰ ਜਲਦੀ ਚੋਣਾਂ ਲਈ ਤਿਆਰ ਰਹਿਣ, ਜੁਲਾਈ ਦੇ ਪਹਿਲੇ ਹਫ਼ਤੇ ਤੱਕ ਆਪਣੀਆਂ ਸੰਗਠਨਾਤਮਕ ਨਿਯੁਕਤੀਆਂ ਨੂੰ ਪੂਰਾ ਕਰਨ ਸਮੇਤ ਸਾਰੀਆਂ ਚੋਣ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਦੇ ਨਿਰਦੇਸ਼ ਦਿੱਤੇ ਹਨ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗੱਠਜੋੜ ਹੋਣ ਦੀਆਂ ਸੰਭਾਵਨਾਵਾਂ ਤੋਂ ਸਪੱਸ਼ਟ ਇਨਕਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਕੋਈ ਵੀ ਸੰਭਾਵਨਾ ਨਕਾਰੀ ਨਹੀਂ ਜਾ ਸਕਦੀ। ਇਸ ਸਬੰਧੀ ਅੰਤਿਮ ਫ਼ੈਸਲਾ ਭਾਜਪਾ ਦੀ ਕੇਂਦਰੀ ਹਾਈਕਮਾਨ ਵੱਲੋਂ ਲੋਕ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਵੇਗਾ। ਉਹ ਚੰਡੀਗੜ੍ਹ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਦਾ ਪ੍ਰਚਾਰ ਕਰਨ ਲਈ ਪੁੱਜੇ ਹੋਏ ਸਨ। ਇਸੇ ਦੌਰਾਨ ਲੁਧਿਆਣਾ ਵਿਖੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਇਸ ਵੇਲੇ ਭਾਜਪਾ ਭਾਰਤ ਹੀ ਨਹੀਂ ਸਗੋਂ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ ਹੈ। ਕੇਂਦਰੀ ਮੰਤਰੀ ਪੁਰੀ ਨੇ ਦਾਅਵਾ ਕੀਤਾ ਕਿ ਭਾਜਪਾ ਆਪਣੇ ਬਲਬੂਤੇ ਵੀ ਪੰਜਾਬ ਵਿੱਚ ਵਧੇਰੇ ਸੀਟਾਂ ਜਿੱਤਣ ਦੇ ਸਮਰੱਥ ਹੈ ਅਤੇ ਪਾਰਟੀ ਨੇ ਅਜਿਹਾ ਪੱਛਮੀ ਬੰਗਾਲ ਵਿੱਚ ਕਰ ਕੇ ਦਿਖਾਇਆ ਹੈ। ਬੰਗਾਲ ਦੀ ਜਿੱਤ ਤੋਂ ਬਾਅਦ ਹੁਣ ਭਾਜਪਾ ਦਾ ਅਗਲਾ ਟੀਚਾ ਪੰਜਾਬ ਹੈ।
ਪੰਜਾਬ ਭਾਜਪਾ ਦੇ ਪ੍ਰਧਾਨ ਬਦਲੇ ਜਾਣ ਤੋਂ ਬਾਅਦ ਹੁਣ ਕਾਂਗਰਸ ਵਿੱਚ ਵੀ ਨਵੇਂ ਪ੍ਰਧਾਨ ਬਦਲੇ ਜਾਣ ਦੀ ਕਵਾਇਦ ਤੇਜ਼ ਹੋ ਗਈ ਹੈ। ਕਾਂਗਰਸ ਹਾਈਕਮਾਂਡ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਪਾਰਟੀ ਦੇ ਪੁਨਰਗਠਨ ਦੀ ਪ੍ਰਕਿਰਿਆ ਨੂੰ ਆਖਰੀ ਰੂਪ ਦੇ ਰਹੀ ਹੈ। ਹਾਈਕਮਾਂਡ ਦਾ ਇਹ ਵੀ ਮੰਨਣਾ ਹੈ ਕਿ ਕਾਂਗਰਸ ਵਿਚ ਅਜਿਹੇ ਚਿਹਰੇ ਦੀ ਜ਼ਰੂਰਤ ਹੈ ਜਿਹੜਾ ਵਿਵਾਦਾਂ ਤੋਂ ਦੂਰ ਰਿਹਾ ਹੋਵੇ ਅਤੇ ਕਾਂਗਰਸ ਨੂੰ ਇਕਜੁੱਟ ਕਰਕੇ ਰੱਖੇ। ਸੂਤਰਾਂ ਦੀ ਮੰਨੀਏ ਤਾਂ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੇ ਅਹੁਦੇ ਲਈ ਲਗਭਗ ਸਹਿਮਤੀ ਬਣ ਗਈ ਹੈ ਅਤੇ ਸਿਰਫ ਰਸਮੀ ਐਲਾਨ ਹੋਣਾ ਬਾਕੀ ਹੈ। ਭਾਵੇਂ ਕਾਂਗਰਸ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਰਗਰਮ ਹੋ ਗਈ ਹੈ, ਪਰ ਪਾਰਟੀ ਲਈ ਸਭ ਤੋਂ ਵੱਡੀ ਚੁਣੌਤੀ ਹਾਲ਼ੇ ਵੀ ਅੰਦਰੂਨੀ ਏਕਤਾ ਬਣੀ ਹੋਈ ਹੈ। ਪਿਛਲੇ ਕਈ ਸਾਲਾਂ ਤੋਂ ਪੰਜਾਬ ਕਾਂਗਰਸ ਧੜੇਬੰਦੀ ਦੀ ਸਮੱਸਿਆ ਨਾਲ ਜੂਝਦੀ ਰਹੀ ਹੈ। ਵੱਖ-ਵੱਖ ਆਗੂਆਂ ਦੇ ਗਰੁੱਪਾਂ ਕਾਰਨ ਪਾਰਟੀ ਨੂੰ ਕਈ ਵਾਰ ਸਿਆਸੀ ਨੁਕਸਾਨ ਵੀ ਝੱਲਣਾ ਪਿਆ। ਇਸ ਕਾਰਨ ਹਾਈਕਮਾਂਡ ਦੀ ਪਹਿਲੀ ਤਰਜੀਹ ਇਹ ਹੈ ਕਿ ਸਾਰੇ ਆਗੂ ਇੱਕ ਮੰਚ ‘ਤੇ ਆਉਣ ਅਤੇ ਚੋਣਾਂ ਤੋਂ ਪਹਿਲਾਂ ਇੱਕਜੁੱਟ ਤਸਵੀਰ ਪੇਸ਼ ਕਰਨ। ਕਾਂਗਰਸ ਪਾਰਟੀ ਨੂੰ ਅਹਿਸਾਸ ਹੈ ਕਿ ਪੰਜਾਬ ਵਿੱਚ ਮੁਕਾਬਲਾ ਤਿਕੋਣਾ ਹੋ ਸਕਦਾ ਹੈ। ਅਗਲੀਆਂ ਚੋਣਾਂ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ-ਭਾਜਪਾ ਵਰਗੇ ਸਿਆਸੀ ਧੜੇ ਆਪੋ-ਆਪਣੀ ਤਾਕਤ ਲਗਾਉਣਗੇ। ਅਜਿਹੇ ਹਾਲਾਤ ਵਿੱਚ ਕਾਂਗਰਸ ਨੌਜਵਾਨਾਂ, ਕਿਸਾਨਾਂ, ਕਰਮਚਾਰੀਆਂ, ਵਪਾਰੀਆਂ ਅਤੇ ਮੱਧ ਵਰਗ ਨੂੰ ਆਪਣੇ ਨਾਲ ਜੋੜਨ ਲਈ ਜ਼ਮੀਨੀ ਪੱਧਰ ‘ਤੇ ਲੰਬੀ ਮੁਹਿੰਮ ਚਲਾਉਣ ਦੀ ਤਿਆਰੀ ਕਰ ਰਹੀ ਹੈ।
ਬੇਸ਼ੱਕ ਚੋਣ ਕਮਿਸ਼ਨ ਨੇ ਇਨ੍ਹਾਂ ਰਾਜਾਂ ਵਿੱਚ ਜਲਦੀ ਚੋਣਾਂ ਕਰਵਾਉਣ ਵਾਰੇ ਚਰਚਾਵਾਂ ‘ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ ਪਰ ਇਹ ਜਰੂਰ ਕਿਹਾ ਹੈ ਕਿ ਜੇਕਰ ਨਵੰਬਰ ਵਿੱਚ ਚੋਣਾਂ ਹੁੰਦੀਆਂ ਹਨ ਤਾਂ ਵੋਟਰ ਸੂਚੀਆਂ ਕੋਈ ਰੁਕਾਵਟ ਨਹੀਂ ਹੋਣਗੀਆਂ। ਇਨ੍ਹਾਂ ਰਾਜਾਂ ਵਿੱਚ ਵੋਟਰ ਸੂਚੀਆਂ ਦੀ ਸੋਧਾਈ ਦੀ ਪ੍ਰਕਿਰਿਆ ਆਪਣੇ ਅੰਤਿਮ ਪੜਾਅ ਵਿੱਚ ਹੈ। ਜੇਕਰ ਜ਼ਰੂਰੀ ਹੋਇਆ ਤਾਂ ਜਨਵਰੀ ਵਿੱਚ ਨਿਰਧਾਰਤ ਅੰਤਿਮ ਵੋਟਰ ਸੂਚੀਆਂ ਨੂੰ ਤਿੰਨ ਮਹੀਨੇ ਪਹਿਲਾਂ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ।