ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲੋਵਾਕੀਆ ਦੀ ਆਪਣੀ ਫੇਰੀ ਦੌਰਾਨ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ, “ਆਰਡਰ ਆਫ਼ ਦ ਵ੍ਹਾਈਟ ਡਬਲ ਕਰਾਸ (ਫਸਟ ਕਲਾਸ)” ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਸਨਮਾਨ ਨੂੰ ਭਾਰਤ ਅਤੇ ਸਲੋਵਾਕੀਆ ਵਿਚਕਾਰ ਮਜ਼ਬੂਤ ਸਬੰਧਾਂ ਅਤੇ ਭਾਰਤ ਦੀ ਵਧਦੀ ਵਿਸ਼ਵਵਿਆਪੀ ਸਥਿਤੀ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ।
ਸਲੋਵਾਕੀਆ ਦਾ ਸਰਵਉੱਚ ਸਨਮਾਨ ਪ੍ਰਾਪਤ ਕਰਨਾ ਭਾਰਤ ਲਈ ਇੱਕ ਮਹੱਤਵਪੂਰਨ ਕੂਟਨੀਤਕ ਪ੍ਰਾਪਤੀ ਮੰਨਿਆ ਜਾਂਦਾ ਹੈ। ਇਹ ਕਿਸੇ ਵਿਦੇਸ਼ੀ ਦੇਸ਼ ਦੁਆਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਗਿਆ 33ਵਾਂ ਅੰਤਰਰਾਸ਼ਟਰੀ ਸਨਮਾਨ ਹੈ। ਇਸ ਮੌਕੇ ‘ਤੇ, ਪ੍ਰਧਾਨ ਮੰਤਰੀ ਨੇ ਸਲੋਵਾਕੀਆ ਦੀ ਸਰਕਾਰ ਅਤੇ ਨਾਗਰਿਕਾਂ ਦਾ ਧੰਨਵਾਦ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਬ੍ਰਾਤੀਸਲਾਵਾ ਵਿੱਚ “ਆਰਡਰ ਆਫ਼ ਦ ਵ੍ਹਾਈਟ ਡਬਲ ਕਰਾਸ (ਫਸਟ ਕਲਾਸ)” ਪ੍ਰਾਪਤ ਕਰਕੇ ਸਨਮਾਨਿਤ ਮਹਿਸੂਸ ਹੋਇਆ। ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਸਲੋਵਾਕੀਆ ਦੇ ਲੋਕਾਂ ਅਤੇ ਸਰਕਾਰ ਦੇ ਨਾਲ-ਨਾਲ ਭਾਰਤ ਦੇ 1æ4 ਅਰਬ ਨਾਗਰਿਕਾਂ ਲਈ ਇੱਕ ਸਨਮਾਨ ਹੈ। ਪ੍ਰਧਾਨ ਮੰਤਰੀ ਨੇ ਇਹ ਪੁਰਸਕਾਰ ਭਾਰਤ ਅਤੇ ਸਲੋਵਾਕੀਆ ਵਿਚਕਾਰ ਸਥਾਈ ਦੋਸਤੀ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਲੋਵਾਕੀਆ ਦੇ ਰਾਸ਼ਟਰਪਤੀ ਪੀਟਰ ਪੇਲੇਗ੍ਰਿਨੀ ਨਾਲ ਆਪਣੀਆਂ ਗੱਲਬਾਤਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਨਿਰਮਾਣ, ਆਵਾਜਾਈ, ਨਵੀਨਤਾ, ਨਿਵੇਸ਼, ਊਰਜਾ ਅਤੇ ਬਾਇਓਫਿਊਲ ਸਮੇਤ ਕਈ ਵਿਸ਼ਿਆਂ ‘ਤੇ ਚਰਚਾ ਕੀਤੀ ਗਈ। ਦੋਵਾਂ ਆਗੂਆਂ ਨੇ ਡਿਜੀਟਲ ਤਕਨਾਲੋਜੀ ਦੇ ਖੇਤਰ ਵਿੱਚ ਸਹਿਯੋਗ ਦੀਆਂ ਵਿਸ਼ਾਲ ਸੰਭਾਵਨਾਵਾਂ ਅਤੇ ਲੋਕਾਂ-ਤੋਂ-ਲੋਕਾਂ ਦੇ ਸੰਪਰਕ ਨੂੰ ਵਧਾਉਣ ਦੇ ਤਰੀਕਿਆਂ ‘ਤੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਤਕਨਾਲੋਜੀ ਦੇ ਖੇਤਰ ਵਿੱਚ ਭਾਰਤ ਅਤੇ ਸਲੋਵਾਕੀਆ ਵਿਚਕਾਰ ਸਹਿਯੋਗ ਦੀਆਂ ਅਥਾਹ ਸੰਭਾਵਨਾਵਾਂ ਹਨ। ਦੋਵੇਂ ਧਿਰਾਂ ਨਿਵੇਸ਼ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਨਵੀਆਂ ਤਕਨਾਲੋਜੀਆਂ ਦੇ ਖੇਤਰ ਵਿੱਚ ਭਾਈਵਾਲੀ ਵਧਾਉਣ ‘ਤੇ ਸਹਿਮਤ ਹੋਈਆਂ।
ਸਲੋਵਾਕੀਆ ਦੀ ਆਪਣੀ ਫੇਰੀ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੇ ਪ੍ਰਮੁੱਖ ਉਦਯੋਗਪਤੀਆਂ ਅਤੇ ਵਪਾਰਕ ਆਗੂਆਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਸਲੋਵਾਕੀਆ ਕੰਪਨੀਆਂ ਨੂੰ ਭਾਰਤ ਵਿੱਚ ਉਪਲਬਧ ਮੌਕਿਆਂ ਦਾ ਫਾਇਦਾ ਉਠਾਉਣ ਅਤੇ ਨਿਵੇਸ਼ ਵਧਾਉਣ ਲਈ ਸੱਦਾ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਰਾਬਰਟ ਫਿਟਸੋ ਦੀ ਮੇਜ਼ਬਾਨੀ ਵਿੱਚ ਹੋਈ ਇਸ ਮੀਟਿੰਗ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ, ਨਿਵੇਸ਼ ਪ੍ਰਵਾਹ ਵਧਾਉਣ ਅਤੇ ਨਵੀਨਤਾ, ਤਕਨਾਲੋਜੀ ਅਤੇ ਨਿਰਮਾਣ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ‘ਤੇ ਫਲਦਾਇਕ ਚਰਚਾ ਹੋਈ। ਉਨ੍ਹਾਂ ਨੇ ਭਾਰਤ ਦੀ ਸੁਧਾਰ ਯਾਤਰਾ ਅਤੇ ਨਿਵੇਸ਼ਕਾਂ ਲਈ ਉਪਲਬਧ ਮੌਕਿਆਂ ‘ਤੇ ਵੀ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਲੋਵਾਕ ਉਦਯੋਗ ਨੂੰ ਭਾਰਤ ਨਾਲ ਆਪਣੀ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਦਾ ਤੇਜ਼ੀ ਨਾਲ ਵਿਕਾਸਸ਼ੀਲ ਆਰਥਿਕ ਅਤੇ ਉਦਯੋਗਿਕ ਵਾਤਾਵਰਣ ਵਿਦੇਸ਼ੀ ਨਿਵੇਸ਼ਕਾਂ ਲਈ ਬਹੁਤ ਸਾਰੇ ਨਵੇਂ ਮੌਕੇ ਪ੍ਰਦਾਨ ਕਰ ਰਿਹਾ ਹੈ।