ਖ਼ਾਲਸਾ ਕਾਲਜ ਵਿਖੇ ‘ਬੈਂਕਿੰਗ, ਵਿੱਤ ਅਤੇ ਬੀਮਾ ਖੇਤਰ’ ਪ੍ਰੋਗਰਾਮ ਦੀ ਸਮਾਪਤੀ ’ਤੇ ਸਰਟੀਫਿਕੇਟ ਤਕਸੀਮ

ਖ਼ਾਲਸਾ ਕਾਲਜ ਵਿਖੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਡਾ. ਕੰਵਲਜੀਤ ਸਿੰਘ ਕਰਵਾਏ ਗਏ ਪ੍ਰੋਗਰਾਮ ਦੀ ਸਮਾਪਤੀ ਮੌਕੇ ਸਰਟੀਫ਼ਿਕੇਟ ਤਕਸੀਮ ਕਰਨ ਉਪਰੰਤ ਡਾ. ਤਮਿੰਦਰ ਸਿੰਘ ਭਾਟੀਆ, ਡਾ. ਅਜੈ ਸਹਿਗਲ ਤੇ ਹੋਰ ਸਟਾਫ ਨਾਲ ਖੜ੍ਹੇ ਵਿਖਾਈ ਦੇ ਰਹੇ।

ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਬਜਾਜ ਫ਼ਿਨਸਰਵ ਲਿਮਟਿਡ ਦੇ ਸਹਿਯੋਗ ਨਾਲ ਕਰਵਾਏ ਗਏ ‘ਬੈਂਕਿੰਗ, ਫਾਈਨਾਂਸ ਐਂਡ ਇੰਸ਼ੋਰੈਂਸ ਸੈਕਟਰ (ਸੀ. ਪੀ. ਬੀ. ਐਫ਼. ਆਈ.) ਪ੍ਰੋਗਰਾਮ ਦੀ ਸਮਾਪਤੀ ਸਮਾਰੋਹ ਦੌਰਾਨ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸ ਪ੍ਰੋਗਰਾਮ ਦੌਰਾਨ 43 ਵਿਦਿਆਰਥੀਆਂ ਵੱਲੋਂ ਉਕਤ ਕੋਰਸ ਨੂੰ ਸਫਲਤਾਪੂਰਵਕ ਪੂਰਾ ਕੀਤਾ ਗਿਆ, ਜਿਨ੍ਹਾਂ ’ਚੋਂ 34 ਵਿਦਿਆਰਥੀਆਂ ਨੂੰ ‘ਸਟਾਰ ਪ੍ਰਫਾਰਮਰ’ ਵਜੋਂ ਸਨਮਾਨਿਤ ਕੀਤਾ ਗਿਆ।

ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਨਿਰਦੇਸ਼ਾਂ ’ਤੇ ਆਯੋਜਿਤ ਉਕਤ ਪ੍ਰੋਗਰਾਮ ਦਾ ਮਕਸਦ ਕਾਲਜ ਅਤੇ ਬਜਾਜ ਫਿਨਸਰਵ ਲਿਮਟਿਡ ਦਰਮਿਆਨ ਬੈਂਕਿੰਗ, ਵਿੱਤ ਅਤੇ ਬੀਮਾ ਖੇਤਰ ’ਚ ਵਿਦਿਆਰਥੀਆਂ ਨੂੰ ਵਿਹਾਰਕ ਸਿਖਲਾਈ ਅਤੇ ਜ਼ਰੂਰੀ ਹੁਨਰ ਪ੍ਰਦਾਨ ਕਰਨ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਸਬੰਧੀ ਆਪਸੀ ਸਮਝੌਤਾ ਕਰਨਾ ਸੀ। ਪ੍ਰੋਗਰਾਮ ਚੇਅਰਮੈਨ ਅਤੇ ਪ੍ਰਿੰ: ਡਾ. ਮਹਿਲ ਸਿੰਘ ਅਤੇ ਡੀਨ ਅਤੇ ਪ੍ਰੋਗਰਾਮ ਡਾਇਰੈਕਟਰ ਡਾ. ਏ.ਕੇ. ਕਾਹਲੋਂ) ਦੀ ਨਿਗਰਾਨੀ ਹੇਠ ਸੀ. ਪੀ. ਬੀ. ਐਫ਼. ਆਈ. ਪ੍ਰੋਗਰਾਮ ਦਾ ਦੂਜਾ ਬੈਚ 11 ਜੂਨ, 2024 ਨੂੰ ਸ਼ੁਰੂ ਕੀਤਾ ਗਿਆ ਸੀ।

ਇਸ ਦੌਰਾਨ ਪ੍ਰਿੰ: ਡਾ: ਮਹਿਲ ਸਿੰਘ ਨੇ ਵਿਦਿਆਰਥੀਆਂ ਦੇ ਪੇਸ਼ੇਵਰ ਵਿਕਾਸ ਲਈ ਵਿੱਤ ਦੇ ਸਿਧਾਂਤਕ ਪਹਿਲੂਆਂ ਦੇ ਨਾਲ-ਨਾਲ ਵਿਹਾਰਕ ਗਿਆਨ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਕ ਕਾਮਰਸ ਵਿਦਿਆਰਥੀ ਹੋਣ ਦੇ ਨਾਤੇ ਵਿਅਕਤੀ ਨੂੰ ਇਨਕਮ ਟੈਕਸ ਰਿਟਰਨ ਭਰਨ ਦੇ ਯੋਗ ਹੋਣਾ ਚਾਹੀਦਾ ਹੈ। ਇਸ ਮੌਕੇ ਡਾ. ਕਾਹਲੋਂ ਨੇ ਵਿਦਿਆਰਥੀਆਂ ਲਈ ਰੁਜ਼ਗਾਰ ਯੋਗਤਾ ਨੂੰ ਵਧਾਉਣ ਲਈ ਸਹੀ ਰਵੱਈਆ, ਡੋਮੇਨ ਗਿਆਨ ਅਤੇ ਸੰਚਾਰ ਹੁਨਰ ਵਿਕਸਿਤ ਕਰਨਾ ਆਦਿ ਪ੍ਰੋਗਰਾਮ ਦੇ ਫਾਇਦਿਆਂ ਨੂੰ ਉਜਾਗਰ ਕੀਤਾ।

ਇਸ ਮੌਕੇ ਸੀ. ਪੀ. ਬੀ. ਐਫ. ਆਈ. ਲੀਡ ਟਰੇਨਰ ਡਾ. ਕੰਵਲਜੀਤ ਸਿੰਘ ਨੇ ਕੋਰਸ ਪ੍ਰਤੀ ਵਿਦਿਆਰਥੀਆਂ ਦੇ ਰੁਝੇਵਿਆਂ ਭਰੇ ਵਤੀਰੇ ਦੀ ਸ਼ਲਾਘਾ ਕੀਤੀ ਅਤੇ ਕੋਰਸ ਸਫ਼ਲਤਾਪੂਰਵਕ ਪੂਰਾ ਕਰਨ ਵਾਲੇ ਵਿਦਿਆਰਥੀਆਂ ਅਤੇ ਸਟਾਰ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਗੀਦਾਰ ਬਹੁਤ ਸਮਰਪਿਤ ਅਤੇ ਤੇਜ਼ ਸਿੱਖਣ ਵਾਲੇ ਸਨ। ਉਨ੍ਹਾਂ ਕਾਲਜ ਦੀ ਪ੍ਰਬੰਧਕੀ ਟੀਮ ਅਤੇ ਵਿਦਿਆਰਥੀਆਂ ਨੂੰ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਵਧਾਈ ਦਿੱਤੀ। ਇਸ ਪ੍ਰੋਗਰਾਮ ਲਈ ਪੇਸ਼ੇਵਰ ਟਰੇਨਰ ’ਚ ਬੈਂਕਿੰਗ ਲਈ ਸ੍ਰੀ ਭੁਪਿੰਦਰ ਜਿੰਦਲ, ਬੀਮਾ ਲਈ ਸ੍ਰੀ ਅਸ਼ਵਨੀ ਪੁਰੀ, ਸੰਚਾਰ ਅਤੇ ਕਾਰਜ ਸਥਾਨ ਦੇ ਹੁਨਰ ਲਈ ਸ੍ਰੀਮਤੀ ਗੁਰਮੀਤ ਕੌਰ ਧਾਲੀਵਾਲ, ਸਵੈ ਪ੍ਰਬੰਧਨ (ਸਵਰੂਪ) ਲਈ ਸੰਜਨਾ ਟਿੱਕੇਕਰ, ਅਧਿਕਾਰਤ ਟਰੇਨਰ, ਬਜਾਜ ਫਿਨਸਰਵ ਲਿਮਟਿਡ ਪ੍ਰੋਗਰਾਮ ’ਚ ਸਰੋਤ ਵਿਅਕਤੀ ਸਨ।

ਇਸ ਮੌਕੇ ਡਾ. ਅਜੇ ਸਹਿਗਲ ਨੇ ਸੀ. ਪੀ. ਬੀ. ਐਫ. ਆਈ. ਪ੍ਰੋਗਰਾਮ ਦੇ ਦੂਜੇ ਬੈਚ ਦੀ ਪ੍ਰਗਤੀ ਰਿਪੋਰਟ ਪੇਸ਼ ਕਰਦਿਆਂ ਵਿਦਿਆਰਥੀਆਂ ਦੁਆਰਾ ਕੀਤੀਆਂ ਗਤੀਵਿਧੀਆਂ ’ਤੇ ਚਾਨਣਾ ਪਾਉਂਦਿਆਂ ਸਰਗਰਮ ਭਾਗੀਦਾਰੀ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਹਾਇਕ ਪ੍ਰੋਫੈਸਰ ਅਤੇ ਸਹਾਇਕ ਪ੍ਰੋਗਰਾਮ ਕੋਆਰਡੀਨੇਟਰ ਡਾ: ਨਿਧੀ ਸੱਭਰਵਾਲ ਵੱਲੋਂ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ ਗਈ ਅਤੇ ਪ੍ਰੋਗਰਾਮ ਦੇ ਵਿਦਿਆਰਥੀ ਕੋਆਰਡੀਨੇਟਰ ਦਾਨਿਸ਼ਬੀਰ ਸਿੰਘ ਅਤੇ ਤਨੂ ਸ਼ਰਮਾ ਨੂੰ ਉਕਤ ਕੰਪਨੀ ਦੁਆਰਾ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਕਾਦਮਿਕ ਮਾਮਲੇ ਡੀਨ ਡਾ: ਤਮਿੰਦਰ ਸਿੰਘ, ਡਾ: ਸਵਰਾਜ ਕੌਰ, ਡਾ: ਦੀਪਕ ਦੇਵਗਨ, ਡਾ: ਪੂਨਮ ਸ਼ਰਮਾ, ਪ੍ਰੋ: ਮੀਨੂੰ ਚੋਪੜਾ, ਡਾ: ਮਨੀਸ਼ਾ ਬਹਿਲ, ਡਾ: ਅਮਰਬੀਰ ਸਿੰਘ ਭੱਲਾ ਹਾਜ਼ਰ ਸਨ।

Related posts

ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਵਿਸਾਖੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ !

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਦੂਸ਼ਣਬਾਜ਼ੀ ਅਤੇ ਮੀਡੀਆ ਫੈਸਲੇ ਨਾ ਦੇਣ ਦੇ ਆਦੇਸ਼ !

ਸਰਕਾਰ ਤਾਂ ਚਾਹੁੰਦੀ ਸੀ ਕਿ ਮੈਂ ਬਾਹਰ ਨਾ ਆਵਾਂ – ਬਿਕਰਮ ਮਜੀਠੀਆ