ਖ਼ਾਲਸਾ ਕਾਲਜ ਵਿਖੇ ‘ਮਹਿਫ਼ਿਲ-ਏ-ਆਗਾਜ਼’ ਪ੍ਰੋਗਰਾਮ ਕਰਵਾਇਆ ਗਿਆ

ਖ਼ਾਲਸਾ ਕਾਲਜ ਵਿਖੇ ਕਰਵਾਏ ਗਏ ਪ੍ਰੋਗਰਾਮ ਮੌਕੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਡਾ. ਤਮਿੰਦਰ ਸਿੰਘ ਭਾਟੀਆ, ਡਾ. ਐੱਮ. ਐੱਸ. ਬੱਤਰਾ ਤੇ ਹੋਰ ਬੈਠੇ ਵਿਖਾਈ ਦੇ ਰਹੇ। ਅਤੇ ਹੋਰ ਦ੍ਰਿਸ਼।

ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਸੰਗੀਤ ਵਿਭਾਗ ਦੀ ਨਾਦ ਅੰਮ੍ਰਿਤ ਮਿਊਜਿਕ ਸੁਸਾਇਟੀ ਵੱਲੋਂ ਸੰਗੀਤਕ ਪ੍ਰੋਗਰਾਮ ‘ਮਹਿਫ਼ਿਲ-ਏ-ਆਗਾਜ਼’ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਨਿਰਦੇਸ਼ਾਂ ’ਤੇ ਕਰਵਾਏ ਉਕਤ ਪ੍ਰੋਗਰਾਮ ’ਚ ਵਿਦਿਆਰਥੀਆਂ ਦੁਆਰਾ ਗੀਤ, ਗ਼ਜ਼ਲ ਅਤੇ ਲੋਕ ਗੀਤ ਆਦਿ ਸੰਗੀਤਕ ਵੰਨਗੀਆਂ ਪੇਸ਼ ਕੀਤੀਆਂ ਗਈਆਂ।

ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਨੇ ਹਮੇਸ਼ਾ ਪੰਜਾਬੀ ਸੱਭਿਆਚਾਰ ਅਤੇ ਗੀਤ ਸੰਗੀਤ ਨੂੰ ਬੜ੍ਹਾਵਾ ਦਿੱਤਾ ਹੈ ਅਤੇ ਸੈਂਕੜੇ ਹੀ ਨਾਮਵਾਰ ਕਲਾਕਾਰ ਪੈਦਾ ਕੀਤੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਜੀਵਨ ’ਚ ਤਰੱਕੀ ਲਈ ਅਸ਼ੀਰਵਾਦ ਦਿੰਦਿਆਂ ਹੌਂਸਲਾ ਅਫਜ਼ਾਈ ਕੀਤੀ। ਉਨ੍ਹਾਂ ਵਿਦਿਆਰਥੀਆਂ ਵੱਲੋਂ ਮੰਚ ਪ੍ਰਦਰਸ਼ਨ ਲਈ ਸੁਚੱਜੇ ਢੰਗ ਨਾਲ ਕੀਤੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਡਾ. ਮਨਦੀਪ ਸਿੰਘ ਦੀ ਅਗਵਾਈ ਨੂੰ ਸਰਾਹਿਆ। ਉਨ੍ਹਾਂ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਅਤੇ ਭਵਿੱਖ ’ਚ ਇਸੇ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ।

ਇਸ ਤੋਂ ਪਹਿਲਾਂ ਵਿਭਾਗ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਮੁੱਖ ਮਹਿਮਾਨ ਪ੍ਰਿੰਸੀਪਲ ਡਾ. ਮਹਿਲ ਸਿੰਘ ਤੇ ਹੋਰਨਾਂ ਮਹਿਮਾਨਾਂ ਨੂੰ ਪੌਦੇ ਭੇਂਟ ਕਰਕੇ ਸਵਾਗਤ ਕੀਤਾ। ਇਸ ਮੌਕੇ ਡੀਨ ਅਕਾਦਮਿਕ ਡਾ. ਤਾਮਿੰਦਰ ਸਿੰਘ ਭਾਟੀਆ, ਰਜਿਸਟਰਾਰ ਡਾ. ਦਵਿੰਦਰ ਸਿੰਘ, ਡਾ. ਐੱਮ. ਐੱਸ. ਬੱਤਰਾ, ਡੀਨ ਆਰਟਸ ਅਤੇ ਹਿਊਮੈਨਟੀਜ਼ ਪ੍ਰੋ. ਜਸਪ੍ਰੀਤ ਕੌਰ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਦੇ ਹਿੱਤ ’ਚ ਉਠਾਏ ਕਦਮ ਲਈ ਸੰਗੀਤ ਵਿਭਾਗ ਨੂੰ ਵਧਾਈ ਦਿੱਤੀ ।

ਇਸ ਮੌਕੇ ਡਾ. ਰੰਧਾਵਾ ਨੇ ਕਿਹਾ ਕਿ ਸੰਗੀਤ ਇਕ ਅਜਿਹੀ ਕਲਾ ਹੈ ਜੋ ਵਿਦਿਆਰਥੀਆਂ ਦੇ ਬਹੁ-ਪੱਖੀ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੀ ਅਤੇ ਸੰਗੀਤ ਵਿਸ਼ੇ ਨਾਲ ਜੁੜੇ ਵਿਦਿਆਰਥੀ ਵਧੇਰੇ ਸੰਵੇਦਨਸ਼ੀਲ ਅਤੇ ਸਹਿਜਤਾ ਨਾਲ ਲਬਰੇਜ਼ ਹੁੰਦੇ ਹਨ। ਸਮਾਗਮ ਦਾ ਮੰਚ-ਸੰਚਾਲਨ ਐਮ. ਏ. ਸੰਗੀਤ ਦੀ ਵਿਦਿਆਰਥਣ ਨੰਦਿਤਾ ਦੁਆਰਾ ਕੀਤਾ ਗਿਆ। ਇਸ ਮੌਕੇ ਮਿਊਜਿਕ ਸੁਸਾਇਟੀ ਦੇ ਕਨਵੀਨਰ ਡਾ. ਅਮਨ ਕੌਰ, ਪ੍ਰੋ. ਨਵਜੋਤ ਕੌਰ, ਡਾ. ਸ਼ਿਵਾਨੀ ਨਾਰਦ, ਪ੍ਰੋ. ਰਾਹੁਲ ਗ੍ਰਿਥ, ਡਾ. ਮਨਦੀਪ ਸਿੰਘ ਆਦਿ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ।

Related posts

10 ਲੱਖ ਦਾ ਫਰੀ ਸਿਹਤ ਇਲਾਜ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ – ਡਾ. ਬਲਬੀਰ ਸਿੰਘ

ਹਲਵਾਰਾ ਤੋਂ ਹਵਾਈ ਉਡਾਣਾਂ ਦੀ ਬੁਕਿੰਗ ਅਪ੍ਰੈਲ ਤੋਂ ਸ਼ੁਰੂ ਹੋ ਰਹੀ – ਰਵਨੀਤ ਬਿੱਟੂ

ਬਿਕਰਮ ਮਜੀਠੀਆ ਸਮੇਤ 9 ਵਿਅਕਤੀਆਂ ਨੇ ਨਿੱਜੀ ਪੇਸ਼ੀ ਤੋਂ ਮੰਗੀ ਛੋਟ