ਅੰਮ੍ਰਿਤਸਰ – ਖ਼ਾਲਸਾ ਕਾਲਜ ਵਿਖੇ ਜੈਂਡਰ ਚੈਪੀਅਨਜ਼ ਕਲੱਬ ਅਤੇ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਸਹਾਇਕ ਨਿਰਦੇਸ਼ਕ ਯੁਵਕ ਸੇਵਾਵਾਂ ਵਿਭਾਗ, ਅੰਮ੍ਰਿਤਸਰ ਵੱਲੋਂ ‘ਸੁਚੱਜੀ ਜੀਵਨ ਜਾਚ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨੈਤਿਕ ਮੁੱਲ੍ਹਾਂ ਪ੍ਰਤੀ ਸੁਚੇਤ ਕਰਵਾ ਕੇ ਸਮਾਜਿਕ ਭਲਾਈ ਅਤੇ ਵਿਕਾਸ ਦੇ ਕੰਮਾਂ ਨਾਲ ਜੋੜਨਾ ਸੀ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੀ ਯੋਗ ਅਗਵਾਈ ਹੇਠ ਕਰਵਾਏ ਇਸ ਸਮਾਗਮ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਅਤੇ ਮੁਖੀ ਡਾ. ਸਤਨਾਮ ਸਿੰਘ ਦਿਓਲ ਨੇ ਸ਼ਿਰਕਤ ਕੀਤੀ।
ਇਸ ਮੌਕੇ ਡਾ. ਦਿਓਲ ਨੇ ਵਿਦਿਆਰਥੀਆਂ ਨੂੰ ਨੂੰ ਸਮਾਜ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਯੁਵਕ ਭਲਾਈ ਸੇਵਾਵਾਂ ਦੇ ਡਾਇਰੈਕਟਰ ਸ੍ਰੀ ਪ੍ਰੀਤ ਕੋਹਲੀ ਨੇ ਵੀ ਵਿਦਿਆਰਥੀਆਂ ਨੂੰ ਸਮਾਜ ’ਚ ਵਿਚਰਦਿਆਂ ਆਪਣੀਆਂ ਜਿੰਮੇਵਾਰੀਆਂ ਪ੍ਰਤੀ ਸੁਚੇਤ ਕਰਵਾਉਂਦਿਆਂ, ਉਨ੍ਹਾਂ ਨੂੰ ਸੁਚੱਜੀ ਜੀਵਨ ਜਾਚ ਦੇ ਮਹੱਤਵਪੂਰਨ ਪਹਿਲੂਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸਮਾਜ ਦੀ ਭਲਾਈ ਅਤੇ ਮਨੁੱਤਾ ਦੇ ਬਿਹਤਰ ਵਿਕਾਸ ਲਈ ਸਾਨੂੰ ਇਮਾਨਦਾਰੀ, ਨਿਮਰਤਾ ਅਤੇ ਸਤਿਕਾਰ ਵਾਲਾ ਰਵੱਈਆ ਅਪਨਾਉਣਾ ਚਾਹੀਦਾ ਹੈ। ਹਰੇਕ ਦਾ ਮਾਨ-ਸਨਮਾਨ ਕਰਨ ਤੇ ਪਿਆਰ ਦੀ ਭਾਵਨਾ ਵਰਗੇ ਗੁਣਾਂ ਨੂੰ ਵਿਕਸਿਤ ਕਰਨ ਦੇ ਯੋਗ ਉਪਰਾਲੇ ਕਰਨ ਦੀ ਮੁੱਢਲੀ ਜ਼ਰੂਰਤ ਹੈ।
ਇਸ ਮੌਕੇ ਪ੍ਰਿੰ: ਡਾ. ਕਾਹਲੋਂ ਨੇ ਵਿਦਿਆਰਥੀਆਂ ਦੀ ਭਲਾਈ ਅਤੇ ਸਮਾਜ ਦੇ ਵਿਕਾਸ ਨਾਲ ਜੁੜੇ ਇਸ ਸਮਾਗਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਵੀ ਕਾਲਜ ਦੁਆਰਾ ਅਜਿਹੇ ਸਮਾਗਮ ਉਲੀਕੇ ਜਾਣਗੇ। ਸਮਾਗਮ ਮੌਕੇ ਡਾ. ਸਵਰਾਜ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਲੈਕਚਰ ਦੇ ਉਦੇਸ਼ ਅਤੇ ਮਹੱਤਤਾ ਦੇ ਪ੍ਰਮੁੱਖ ਪਹਿਲੂਆਂ ਤੋਂ ਜਾਣੂ ਕਰਵਾਇਆ। ਜਦਕਿ ਡਾ. ਪਰਮਿੰਦਰ ਸਿੰਘ ਨੇ ਆਈਆਂ ਵਿਸ਼ੇਸ਼ ਸ਼ਖ਼ਸੀਅਤਾਂ ਬਾਰੇ ਦੱਸਦਿਆਂ ਉਨ੍ਹਾਂ ਦੇ ਸਮਾਜ ਨੂੰ ਸਚਾਰੂ ਢੰਗ ਨਾਲ ਚਲਾਉਣ ਦੇ ਉਪਰਾਲਿਆਂ ਪ੍ਰਤੀ ਜਾਣੁ ਕਰਵਾਉਂਦਿਆਂ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਰਜਿਸਟਰਾਰ ਡਾ. ਦਵਿੰਦਰ ਸਿੰਘ ਨੇ ਕਲੱਬ ਦੁਆਰਾ ਅਜਿਹੇ ਸਾਰਥਿਕ ਸਮਾਗਮ ਦੇ ਰਚਾਏ ਜਾਣ ਅਤੇ ਇਸ ਨੂੰ ਸਫਲਤਾਪੂਰਵਕ ਨੇਪਰੇ ਚਾੜਨ ’ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਇਸ ਸਮਾਗਮ ’ਚ ਡਾ. ਸੁਰਜੀਤ ਕੌਰ, ਡਾ. ਦੀਪਕ ਦੇਵਗਨ, ਡਾ. ਆਤਮ ਸਿੰਘ ਰੰਧਾਵਾ, ਡਾ. ਪੂਨਮ ਸ਼ਰਮਾ, ਡਾ. ਹੀਰਾ ਸਿੰਘ, ਡਾ. ਕੁਲਦੀਪ ਸਿੰਘ, ਪ੍ਰੋ. ਰਣਧੀਰ ਸਿੰਘ, ਡਾ. ਰਕੇਸ਼ ਆਦਿ ਵੀ ਹਾਜ਼ਰ ਸਨ।