ਅੰਮ੍ਰਿਤਸਰ – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਪੋਸਟ ਗ੍ਰੈਜੂਏਟ ਵਿਭਾਗ ਵੱਲੋਂ ‘ਔਰਤਾਂ ਦੇ ਹੱਕ’ ਵਿਸ਼ੇ ’ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਕਾਲਜ ਪਿ੍ਰੰਸੀਪਲ ਡਾ. ਸੁਰਿੰਦਰ ਕੌਰ ਦੇ ਸਹਿਯੋਗ ਨਾਲ ਕਰਵਾਏ ਗਏ ਸੈਮੀਨਾਰ ’ਚ ਸਰਕਾਰੀ ਕਾਲਜ ਅਧਿਆਪਕ ਸਿੱਖਿਆ ਹਿਮਾਚਲ ਪ੍ਰਦੇਸ਼ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਚਾਰੂ ਸ਼ਰਮਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੇ ਸਾਬਕਾ ਪ੍ਰੋਫੈਸਰ ਅਤੇ ਮੁਖੀ ਡਾ. ਗੁਰਉਪਦੇਸ਼ ਸਿੰਘ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਪ੍ਰਿੰ: ਡਾ. ਸੁਰਿੰਦਰ ਕੌਰ ਨੇ ਕੁੰਜੀਵਤ ਭਾਸ਼ਣ ਦੇ ਬੁਲਾਰੇ ਡਾ. ਚਾਰੂ ਸ਼ਰਮਾ, ਡਾ. ਗੁਰਉਪਦੇਸ਼ ਸਿੰਘ ਨੂੰ ਪੌਦਾ ਭੇਂਟ ਕਰਨ ਉਪਰੰਤ ਸ਼ਮ੍ਹਾਂ ਰੌਸ਼ਨ ਕਰਕੇ ਸੈਮੀਨਾਰ ਦਾ ਆਗਾਜ਼ ਕੀਤਾ। ਇਸ ਮੌਕੇ ਪਿ੍ਰੰ: ਡਾ. ਸੁਰਿੰਦਰ ਕੌਰ ਨੇ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਔਰਤ ਨੂੰ ਵਖਰੇਵਿਆਂ ਤੋਂ ਉੱਪਰ ਉੱਠ ਕੇ ਆਪਣੀ ਆਜ਼ਾਦੀ ਅਤੇ ਆਤਮ ਸਨਮਾਨ ਨੂੰ ਕਾਇਮ ਰੱਖਣਾ ਚਾਹੀਦਾ ਹੈ ਅਤੇ ਸਮਾਜ ਨੂੰ ਸਮਾਜਿਕ ਵਿਕਾਸ ਲਈ ਬਰਾਬਰ ਦਾ ਯੋਗਦਾਨ ਪਾਉਣਾ ਚਾਹੀਦਾ ਹੈ।
ਸੈਮੀਨਾਰ ਮੌਕੇ ਡਾ. ਗੁਰਉਪਦੇਸ਼ ਸਿੰਘ ਨੇ ਕਿਹਾ ਕਿ ਔਰਤ ਨੂੰ ਸਮਾਜਿਕ ਆਰਥਿਕ ਤੇ ਵਿੱਦਿਅਕ ਪੱਧਰ ’ਤੇ ਆਪਣੀ ਸਥਿਤੀ ਨੂੰ ਸੁਧਾਰਨਾ ਹੋਵੇਗਾ। ਉਨ੍ਹਾਂ ਨਾਰੀਵਾਦ ਦੇ ਮੁੱਦੇ ’ਤੇ ਸੰਬੋਧਨ ਕਰਦਿਆਂ ਕਿਹਾ ਕਿ ਨਾਰੀਵਾਦ ਦੀ ਅਸਲੀਅਤ ਬਿਲਕੁਲ ਵੱਖਰੀ ਹੈ, ਕਿਉਂਕਿ ਸਮਾਜ ’ਚ ਹਰੇਕ ਵਰਗ ਦੀਆਂ ਔਰਤਾਂ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ।
ਇਸ ਮੌਕੇ ਡਾ. ਚਾਰੂ ਸ਼ਰਮਾ ਨੇ ਨਾਰੀਵਾਦ ਦੇ ਉਥਾਨ ਅਤੇ ਵਰਤਮਾਨ ਸਮੇਂ ’ਚ ਔਰਤ ਨੂੰ ਦਰਪੇਸ਼ ਚੁਣੌਤੀਆਂ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਨਾਰੀਵਾਦ ਦੇ ਅਸਲ ਤੱਤ ਨੂੰ ਉਜਾਗਰ ਕਰਦਿਆਂ ਦਾਅਵਾ ਕੀਤਾ ਕਿ ਇਸਨੂੰ ਅਕਸਰ ਗਲਤ ਸਮਝਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਾਰੀਵਾਦ ਔਰਤਾਂ ਅਤੇ ਮਰਦਾਂ ਵਿਚਕਾਰ ਪਾੜਾ ਪੈਦਾ ਕਰਨ ਜਾਂ ਲਿੰਗ-ਅਧਾਰਿਤ ਟਕਰਾਅ ਨੂੰ ਉਤਸ਼ਾਹਿਤ ਕਰਨਾ ਨਹੀਂ ਹੈ। ਇਸ ਦੀ ਬਜਾਏ ਇਹ ਪ੍ਰਣਾਲੀਗਤ ਅਸਮਾਨਤਾਵਾਂ ਅਤੇ ਸ਼ਕਤੀ ਢਾਂਚੇ ਨੂੰ ਚੁਣੌਤੀ ਦੇਣ ਅਤੇ ਖ਼ਤਮ ਕਰਨ ਬਾਰੇ ਹੈ।
ਇਸ ਮੌਕੇ ਡਾ. ਹਾਂਡਾ ਨੇ 21ਵੀਂ ਸਦੀ ’ਚ ਔਰਤ ਦੇ ਅਸਤਿਤਵ ਨੂੰ ਮੀਡੀਆ ਦੁਆਰਾ ਮਿਲ ਰਹੀਆਂ ਚੁਣੌਤੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਨਾਰੀਵਾਦੀ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਲਈ ਸੋਸ਼ਲ ਮੀਡੀਆ ਅਜੇ ਵੀ ਇਕ ਮਹੱਤਵਪੂਰਨ ਸਥਾਨ ਹੈ ਪਰ ਮੀਡੀਆ ’ਚ ਔਰਤਾਂ ਦੀ ਨਕਾਰਾਤਮਕ ਤਸਵੀਰ ਚਿੰਤਾ ਦਾ ਵਿਸ਼ਾ ਰਹੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਇਸ਼ਤਿਹਾਰਾਂ ’ਚ ਔਰਤਾਂ ਨੂੰ ਦਿੱਤੀਆਂ ਗਈਆਂ ਲਿੰਗ ਵਿਸ਼ੇਸ਼ ਭੂਮਿਕਾਵਾਂ ਔਰਤਾਂ ਦੀਆਂ ਸਮਰੱਥਾਵਾਂ ਅਤੇ ਭੂਮਿਕਾਵਾਂ ਦੀ ਧਾਰਨਾ ਨੂੰ ਸੀਮਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਰਸੋਈ ਦੇ ਉਪਕਰਨਾਂ, ਡਿਟਰਜੈਂਟ ਪਾਊਡਰ ਆਦਿ ਦੇ ਇਸ਼ਤਿਹਾਰਾਂ ’ਚ ਹਮੇਸ਼ਾਂ ਔਰਤਾਂ ਨੂੰ ਮੁੱਖ ਉਪਭੋਗਤਾ ਵਜੋਂ ਦਰਸਾਇਆ ਜਾਂਦਾ ਹੈ। ਔਰਤਾਂ ਦਾ ਅਜਿਹਾ ਚਿਤਰਣ ਲਿੰਗ ਅਸਮਾਨਤਾ ’ਚ ਯੋਗਦਾਨ ਪਾਉਂਦਾ ਹੈ, ਜੋ ਨੁਕਸਾਨਦੇਹ ਹੈ।
ਇਸ ਸੈਮੀਨਾਰ ਦੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੇ ਐਸੋਸੀਏਟ ਪ੍ਰੈਫੈਸਰ ਡਾ. ਸੁਮਨੀਤ ਕੌਰ ਨੇ ਕੀਤੀ ਅਤੇ ਉੱਪ ਪ੍ਰਧਾਨਗੀ ਇਸੇ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਅਮਨਦੀਪ ਕੌਰ ਨੇ ਕੀਤੀ। ਇਸ ਸੈਸ਼ਨ ’ਚ ਆਫ਼ਲਾਈਨ ਅਤੇ ਆਨਲਾਈਨ ਸਮੁੱਚੇ ਭਾਰਤ ਦੇ ਵਿਦਵਾਨਾਂ ਅਤੇ ਖੋਜਾਰਥੀਆਂ ਨੇ ਆਪਣੇ ਖੋਜ ਪੱਤਰ ਪੇਸ਼ ਕੀਤੇ। ਸੈਮੀਨਾਰ ਦੇ ਅੰਤਿਮ ਸੈਸ਼ਨ ’ਚ ਮਾਤਾ ਗੁਜ਼ਰੀ ਕਾਲਜ ਫ਼ਤਿਹਗੜ੍ਹ ਸਾਹਿਬ ਦੇ ਡਾ. ਗੌਰੀ ਹਾਂਡਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਗਰੇਜ਼ੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਉਜਲਜੀਤ ਕੌਰ ਨੇ ਉਪ ਪ੍ਰਧਾਨਗੀ ਕੀਤੀ।
ਜਦਕਿ ਡਾ. ਉਜਲਜੀਤ ਕੌਰ ਨੇ ਸਮਾਜ ’ਚ ਔਰਤ ਦੀ ਭੂਮਿਕਾ ’ਤੇ ਪ੍ਰਸ਼ਨ ਚਿੰਨ੍ਹ ਲਗਾਉਂਦਿਆਂ ਔਰਤ ਨੂੰ ਖ਼ੁਦਮੁਖ਼ਤਿਆਰ ਅਸਤਿਤਵ ਲਈ ਕੋਸ਼ਿਸ਼ਾਂ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਮੁਖੀ ਤੇ ਕਨਵੀਨਰ ਸਮਨਦੀਪ ਕੌਰ ਗਿੱਲ ਨੇ ਸੈਮੀਨਾਰ ਨੂੰ ਕਰਵਾਉਣ ਲਈ ਪ੍ਰਿੰ: ਡਾ. ਸੁਰਿੰਦਰ ਕੌਰ ਵੱਲੋਂ ਕੀਤੇ ਮਾਰਗ ਦਰਸ਼ਨ ਲਈ ਧੰਨਵਾਦ ਕੀਤਾ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਉਨ੍ਹਾਂ ਨੇ ਸੈਮੀਨਾਰ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ ਲਈ ਸਮੁੱਚੇ ਵਿਭਾਗ ਅਤੇ ਸਲਾਹਕਾਰਾਂ ਕਮੇਟੀ ਦਾ ਵੀ ਧੰਨਵਾਦ ਕੀਤਾ।