ਪਣਜੀ – ਗੋਆ ’ਚ ਕੁਲ 11 ਕਾਂਗਰਸੀ ਵਿਧਾਇਕਾਂ ’ਚੋਂ 10 ਨੇ ਇਥੇ ਸੀਨੀਅਰ ਨੇਤਾ ਮੁਕੁਲ ਵਾਸਨਿਕ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਹਿੱਸਾ ਲਿਆ। ਲਿਹਾਜ਼ਾ ਪਾਰਟੀ ਫਿਲਹਾਲ ਆਪਣੇ ਖੇਮੇ ’ਚ ਫੁੱਟ ਨੂੰ ਟਾਲਣ ’ਚ ਸਫ਼ਲ ਰਹੀ। ਸਾਬਕਾ ਮੁੱਖ ਮੰਤਰੀ ਦਿਗੰਬਰ ਕਾਮਤ ਨੂੰ ਛੱਡ ਕੇ ਮਾਈਕਲ ਲੋਬੋ ਸਮੇਤ ਹੋਰਨਾਂ ਸਾਰੇ ਕਾਂਗਰਸੀ ਵਿਧਾਇਕ ਸੋਮਵਾਰ ਰਾਤ ਨੂੰ ਸੂਬਾ ਪਾਰਟੀ ਦੇ ਮੁੱਖ ਦਫਤਰ ’ਚ ਦੋ ਘੰਟਿਆਂ ਤੋਂ ਵੱਧ ਸਮੇਂ ਤਕ ਚੱਲੀ ਮੀਟਿੰਗ ’ਚ ਮੌਜੂਦ ਸਨ। ਮੀਟਿੰਗ ਦੌਰਾਨ ਕਾਂਗਰਸ ਗੋਆ ਡੈਸਕ ਦੇ ਮੁਖੀ ਦਿਨੇਸ਼ ਗੁੰਡੂ ਰਾਵ ਤੇ ਸੂਬਾ ਪਾਰਟੀ ਪ੍ਰਧਾਨ ਅਮਿਤ ਪਾਟਕਰ ਵੀ ਮੌਜੂਦ ਸਨ। ਵਾਸਨਿਕ ਨੇ ਦਾਅਵਾ ਕੀਤਾ ਕਿ ਮਾੜੇ ਇਰਾਦੇ ਨਾਲ ਕੁਝ ਲੋਕ ਕਾਂਗਰਸ ’ਚ ਤਰੇੜ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਵਿਧਾਇਕਾਂ ਨੇ ਵਿਖਾ ਕੇ ਕਿ ਉਹ ਇਕਜੁੱਟ ਹਨ, ਇਸ ਨੂੰ ਖਤਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਵਿਧਾਇਕਾਂ ਨਾਲ ਸਦਨ ’ਚ ਹਮਲਾਵਰ ਤਰੀਕੇ ਨਾਲ ਕੰਮ ਕਰਨ ਤੇ ਤੱਟੀ ਸੂਬੇ ’ਚ ਪਾਰਟੀ ਨੂੰ ਮਜ਼ਬੂਤ ਕਰਨ ’ਤੇ ਵੀ ਚਰਚਾ ਕੀਤੀ ਗਈ।ਐਤਵਾਰ ਨੂੰ ਕਾਮਤ ਤੇ ਲੋਬੋ ਸਮੇਤ ਕਾਂਗਰਸ ਦੇ ਪੰਜ ਵਿਧਾਇਕ ਸੰਪਰਕ ’ਚ ਨਹੀਂ ਸਨ। ਹਾਲਾਂਕਿ ਉਹ ਸੋਮਵਾਰ ਨੂੰ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਗੋਆ ਵਿਧਾਨ ਸਭਾ ਦੀ ਕਾਰਵਾਈ ’ਚ ਸ਼ਾਮਲ ਹੋਏ ਤੇ ਦਾਅਵਾ ਕੀਤਾ ਕਿ ਇਸ ਵਿਚ ਕੁਝ ਵੀ ਗਲਤ ਨਹੀਂ ਹੈ ਤੇ ਉਹ ਪਾਰਟੀ ਦੇ ਨਾਲ ਹਨ।
ਕਾਂਗਰਸ ਨੇ ਲੋਬੋ ਤੇ ਕਾਮਤ ’ਤੇ ਸੱਤਾਧਾਰੀ ਭਾਜਪਾ ਨਾਲ ਸਾਜ਼ਿਸ਼ ਰਚਣ ਤੇ ਮਿਲੀਭੁਗਤ ਕਰਨ ਦਾ ਵੀ ਦੋਸ਼ ਲਾਇਆ ਸੀ ਤਾਂਕਿ ਪੁਰਾਣੀ ਪਾਰਟੀ ਦੇ ਵਿਧਾਇਕ ਵਿੰਗ ’ਚ ਫੁੱਟ ਪਾਈ ਜਾ ਸਕੇ। ਪਾਰਟੀ ਨੇ 40 ਮੈਂਬਰੀ ਵਿਧਾਨ ਸਭਾ ’ਚ ਲੋਬੋ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ।
ਐਤਵਾਰ ਨੂੰ ਰਾਵ ਦੀ ਬੁਲਾਈ ਗਈ ਪ੍ਰੈੱਸ ਵਾਰਤਾ ’ਚ ਕਾਂਗਰਸ ਵਿਧਾਇਕ ਦਲ ਦੇ ਕੁਝ ਮੈਂਬਰਾਂ ਦੇ ਸ਼ਾਮਲ ਨਾ ਹੋਣ ਤੋਂ ਬਾਅਦ ਪਾਟਕਰ ਨੇ ਸੋਮਵਾਰ ਨੂੰ ਵਿਧਾਨ ਸਭਾ ਸਪੀਕਰ ਰਮੇਸ਼ ਤਾਵੜਕਰ ਸਾਹਮਣੇ ਕਾਮਤ ਤੇ ਲੋਬੋ ਖਿਲਾਫ ਅਯੋਗਤਾ ਅਰਜ਼ੀ ਦਰਜ ਕੀਤੀ। ਇਹ ਪੁੱਛੇ ਜਾਣ ’ਤੇ ਕਿ ਕੀ ਅਯੋਗਤਾ ਅਰਜ਼ੀ ਵਾਪਸ ਲਈ ਜਾਵੇਗੀ ਤਾਂ ਵਾਸਨਿਕ ਨੇ ਗੱਲ ਨੂੰ ਟਾਲ ਦਿੱਤਾ।
ਸੋਮਵਾਰ ਦੀ ਰਾਤ ਨੂੰ ਮੀਟਿੰਗ ਤੋਂ ਬਾਅਦ ਲੋਬੋ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਕਾਂਗਰਸ ਦੇ ਨਾਲ ਹਨ ਤੇ ਪਾਰਟੀ ਵੱਲੋਂ ਗਲਤਫਹਿਮੀ ਹੈ ਕਿਉਂਕਿ ਉਹ ਐਤਵਾਰ ਨੂੰ ਸੱਦੀ ਗਈ ਪ੍ਰੈੱਸ ਵਾਰਤਾ ’ਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਕਿਹਾ, ‘ਕਾਂਗਰਸ ਦੇ ਸਾਰੇ ਵਿਧਾਇਕ ਪਾਰਟੀ ਦੇ ਨਾਲ ਹਨ। ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਮੈਂ ਵਿਰੋਧੀ ਧਿਰ ਦੇ ਨੇਤਾ ਵਜੋਂ ਜਾਰੀ ਨਹੀਂ ਰਹਿਣਾ ਚਾਹੁੰਦਾ ਕਿਉਂਕਿ ਮੈਂ ਅਹੁਦੇ ਨਾਲ ਨਿਆਂ ਨਹੀਂ ਕਰ ਪਾਵਾਂਗਾ।’ ਉਨ੍ਹਾਂ ਕਿਹਾ ਕਿ ਦਿਗੰਬਰ ਕਾਮਤ ਜਾਂ ਸੰਕਲਪ ਅਮੋਨਕਰ ਵਰਗੇ ਸੀਨੀਅਰ ਨੇਤਾਵਾਂ ਨੂੰ ਵਿਧਾਨ ਸਭਾ ’ਚ ਐੱਲਓਪੀ ਵਜੋਂ ਚੁਣਿਆ ਜਾ ਸਕਦਾ ਹੈ।