ਬਦਰੀਨਾਥ-ਕੇਦਾਰਨਾਥ ਮੰਦਿਰ ਕਮੇਟੀ ਨੇ ਚਾਰ ਧਾਮ ਅਤੇ ਇਸ ਨਾਲ ਜੁੜੇ ਪ੍ਰਮੁੱਖ ਤੀਰਥ ਸਥਾਨਾਂ ਵਿੱਚ ਗੈਰ-ਹਿੰਦੂਆਂ ਦੇ ਦਾਖਲੇ ‘ਤੇ ਪਾਬੰਦੀ ਲਾਉਣ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ। ਕਮੇਟੀ ਦੇ ਪ੍ਰਧਾਨ ਹੇਮੰਤ ਦਿਵੇਦੀ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਬਦਰੀਨਾਥ ਅਤੇ ਕੇਦਾਰਨਾਥ ਵਰਗੇ ਤੀਰਥ ਸਥਾਨ ਸੈਰ-ਸਪਾਟਾ ਸਥਾਨ ਨਹੀਂ ਹਨ, ਸਗੋਂ ਸਨਾਤਨ ਧਰਮ ਦੇ ਸਭ ਤੋਂ ਉੱਚੇ ਅਧਿਆਤਮਿਕ ਕੇਂਦਰ ਹਨ, ਜਿੱਥੇ ਪ੍ਰਵੇਸ਼ ਨੂੰ ਨਾਗਰਿਕ ਅਧਿਕਾਰ ਦੀ ਬਜਾਏ ਇੱਕ ਧਾਰਮਿਕ ਪ੍ਰੰਪਰਾ ਵਜੋਂ ਦੇਖਿਆ ਜਾਣਾ ਚਾਹੀਦਾ ਹੈ।
ਹੇਮੰਤ ਦਿਵੇਦੀ ਨੇ ਕਿਹਾ ਕਿ ਸਾਰੇ ਪ੍ਰਮੁੱਖ ਧਾਰਮਿਕ ਗੁਰੂਆਂ ਅਤੇ ਸੰਤ ਭਾਈਚਾਰੇ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਗੈਰ-ਹਿੰਦੂਆਂ ਨੂੰ ਇਨ੍ਹਾਂ ਪਵਿੱਤਰ ਤੀਰਥ ਸਥਾਨਾਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ, “ਅਸੀਂ ਇਹ ਫੈਸਲਾ ਸਦੀਵੀ ਪਰੰਪਰਾਵਾਂ ਦੇ ਸਤਿਕਾਰ ਵਜੋਂ ਲੈ ਰਹੇ ਹਾਂ। ਚਾਰ ਧਾਮ, ਆਸਥਾ ਅਤੇ ਅਧਿਆਤਮਿਕ ਅਭਿਆਸ ਦੇ ਕੇਂਦਰ ਹਨ, ਆਮ ਸੈਲਾਨੀ ਸਥਾਨ ਨਹੀਂ।”
ਉੱਤਰਾਖੰਡ ਦੇ ਮੁੱਖ-ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਇਸ ਪ੍ਰਸਤਾਵ ‘ਤੇ ਇੱਕ ਬਿਆਨ ਜਾਰੀ ਕੀਤਾ। ਮੁੱਖ-ਮੰਤਰੀ ਧਾਮੀ ਨੇ ਕਿਹਾ ਕਿ ਸਰਕਾਰ ਦੇਵਭੂਮੀ ਉਤਰਾਖੰਡ ਵਿੱਚ ਤੀਰਥ ਸਥਾਨਾਂ ਨੂੰ ਸੰਚਾਲਿਤ ਕਰਨ ਵਾਲੀਆਂ ਸੰਸਥਾਵਾਂ ਅਤੇ ਸੰਗਠਨਾਂ ਦੇ ਵਿਚਾਰਾਂ ਦੇ ਆਧਾਰ ‘ਤੇ ਲੋੜੀਂਦੀ ਕਾਰਵਾਈ ਕਰੇਗੀ। ਉਨ੍ਹਾਂ ਦੇ ਬਿਆਨ ਤੋਂ ਸਪੱਸ਼ਟ ਹੁੰਦਾ ਹੈ ਕਿ ਰਾਜ ਸਰਕਾਰ ਇਸ ਮੁੱਦੇ ‘ਤੇ ਮੰਦਰ ਕਮੇਟੀਆਂ ਦੇ ਫੈਸਲਿਆਂ ਨੂੰ ਤਰਜੀਹ ਦੇ ਸਕਦੀ ਹੈ।
ਬਦਰੀਨਾਥ-ਕੇਦਾਰਨਾਥ ਮੰਦਿਰ ਕਮੇਟੀ ਦਾ ਪ੍ਰਸਤਾਵ ਵਿੱਚ ਕੁੱਲ 48 ਮੰਦਰ, ਕੁੰਡ ਅਤੇ ਧਾਰਮਿਕ ਸਥਾਨ ਸ਼ਾਮਲ ਹਨ ਜਿੱਥੇ ਗੈਰ-ਹਿੰਦੂਆਂ ਦੇ ਦਾਖਲੇ ਦੀ ਮਨਾਹੀ ਹੈ। ਇਸ ਵਿੱਚ ਕੇਦਾਰਨਾਥ ਧਾਮ, ਬਦਰੀਨਾਥ ਧਾਮ, ਤੁੰਗਨਾਥ, ਮਦਮਹੇਸ਼ਵਰ, ਤ੍ਰਿਯੁਗੀਨਾਰਾਇਣ, ਨਰਸਿੰਘ ਮੰਦਰ ਜੋਸ਼ੀਮਠ, ਗੁਪਤਕਾਸ਼ੀ ਦਾ ਵਿਸ਼ਵਨਾਥ ਮੰਦਰ, ਤਪਤ ਕੁੰਡ, ਬ੍ਰਹਮਕਪਾਲ, ਸ਼ੰਕਰਾਚਾਰੀਆ ਸਮਾਧੀ ਅਤੇ ਹੋਰ ਕਈ ਮਹੱਤਵਪੂਰਨ ਸਥਾਨ ਸ਼ਾਮਲ ਹਨ।