ਚਾਰ ਪੰਜਾਬੀਆਂ ਦੀ ਭਾਲ ’ਚ ਜੁਟੀ ਕੈਨੇਡੀਅਨ ਪੁਲਿਸ

ਬਰੈਂਪਟਨ – ਪੀਲ ਰੀਜਨਲ ਪੁਲੀਸ ਬਰੈਂਪਟਨ ਵਿੱਚ ਕੈਮਰੇ ਵਿੱਚ ਕੈਦ ਹੋਈ ਇੱਕ ਕਥਿਤ ਰੋਡ ਰੇਜ ਘਟਨਾ ਵਿੱਚ ਸ਼ਾਮਲ 4 ਪੰਜਾਬੀਆਂ ਦੀ ਭਾਲ ਕਰ ਰਹੀ ਹੈ। ਹੁਣ ਤਕ ਪੁਲੀਸ ਨੇ 2 ਸ਼ੱਕੀਆਂ ਦੀ ਪਛਾਣ 28 ਸਾਲਾ ਅਕਾਸ਼ਦੀਪ ਸਿੰਘ ਅਤੇ 23 ਸਾਲਾ ਰਮਨਪ੍ਰੀਤ ਮਸੀਹ ਵਜੋਂ ਕੀਤੀ ਹੈ। ਤੀਜੇ ਅਤੇ ਚੌਥੇ ਸ਼ੱਕੀ ਦੀ ਪਛਾਣ ਸਿਰਫ਼ ਦੱਖਣੀ ਏਸ਼ੀਆਈ ਨੌਜਵਾਨਾਂ ਵਜੋਂ ਕੀਤੀ ਗਈ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ 4 ਜਣੇ ਇੱਕ ਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਹਨ। ਪੀਲ ਰੀਜਨਲ ਪੁਲੀਸ ਦਾ ਕਹਿਣਾ ਹੈ ਕਿ ਪੀੜਤ ਗੌਰਵ ਛਾਬੜਾ 27 ਮਾਰਚ ਦੀ ਸ਼ਾਮ ਲੱਗਭਗ 7:20 ਵਜੇ ਈਗਲਰਿਜ ਡਰਾਈਵ ਨੇੜੇ ਟੋਰਬਰਾਮ ਰੋਡ ’ਤੇ ਗੱਡੀ ਚਲਾ ਰਿਹਾ ਸੀ, ਜਦੋਂ 4 ਸ਼ੱਕੀਆਂ ਨੇ ਪੀੜਤ ਦੀ ਕਾਰ ਨੂੰ ਘੇਰ ਲਿਆ ਅਤੇ ਧਮਕਾਉਂਦੇ ਹੋਏ ਉਸ ਦੀ ਕਾਰ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਦੌਰਾਨ ਕਾਰ ਵਿੱਚ ਗੌਰਵ ਨਾਲ ਉਸ ਦੀ ਪਤਨੀ ਅਤੇ ਦੋਸਤ ਸਵਾਰ ਸਨ।
ਦਰਅਸਲ ਪੀੜਤ ਗੌਰਵ ਛਾਬੜਾ ਨੇ   ਦੱਸਿਆ ਕਿ ਉਹ ਟੋਰਬਰਾਮ ’ਤੇ ਸਫ਼ਰ ਕਰ ਰਿਹਾ ਸੀ, ਜਦੋਂ ਇੱਕ ਹੋਰ ਕਾਰ ਨੇ ਉਸ ਦਾ ਪਿੱਛਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੂੰ ਘੇਰ ਲਿਆ। ਉਸੇ ਸਮੇਂ, 4 ਨੌਜਵਾਨ ਗੱਡੀ ’ਚੋਂ ਬਾਹਰ ਨਿਕਲੇ ਅਤੇ ਉਸ ਦੀ ਕਾਰ ਵਲ ਵਧੇ। ਜ਼ਿਕਰਯੋਗ ਹੈ ਕਿ ਇਹ ਸਾਰੀ ਘਟਨਾ ਡੈਸ਼ਕੈਮ ਵਿੱਚ ਰਿਕਾਰਡ ਹੋ ਗਈ ਅਤੇ ਇਸ ਘਟਨਾ ਨੂੰ ਛਾਬੜਾ ਨੇ ਆਪਣੇ ਫ਼ੋਨ ਵਿੱਚ ਵੀ ਰਿਕਾਰਡ ਕੀਤਾ। ਛਾਬੜਾ ਮੁਤਾਬਕ ਸ਼ੱਕੀ ਵਿਅਕਤੀਆਂ ਵਿੱਚੋਂ ਇੱਕ ਨੇ ਉਸ ਦੇ ਅਗਲੇ ਬੰਪਰ ਅਤੇ ਹੈੱਡਲਾਈਟਾਂ ਨੂੰ ਲੱਤ ਮਾਰ ਦਿੱਤੀ, ਜਦੋਂ ਕਿ ਇੱਕ ਹੋਰ ਨੇ ਉਨ੍ਹਾਂ ਪ੍ਰਤੀ ਪੰਜਾਬੀ ਭਾਸ਼ਾ ਵਿੱਚ ‘ਅਪਮਾਨਜਨਕ ਸ਼ਬਦ’ ਕਹੇ ਅਤੇ ਦੋ ਵਾਰ ਉਨ੍ਹਾਂ ਦੀ ਬੰਦ ਕਾਰ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਅਤੇ ਫ਼ਿਰ ਉਸ ਨੇ ਡਰਾਇਵਰ ਵਾਲੀ ਸਾਈਡ ਦਰਵਾਜ਼ੇ ’ਤੇ ਮੁੱਕਾ ਮਾਰਿਆ, ਜਿਸ ਨਾਲ ਵਿੰਡਸ਼ੀਲਡ ਟੁੱਟ ਗਈ। ਇਸ ਮਗਰੋਂ ਉਹ ਸਾਰੇ ਆਪਣੇ ਵਾਹਨ ਵਿੱਚ ਮੌਕੇ ਤੋਂ ਭੱਜ ਗਏ। ਛਾਬੜਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਫ਼ੜਿਆ ਜਾਣਾ ਚਾਹੀਦਾ ਹੈ। ਉੱਥੇ ਹੀ ਪੁਲੀਸ ਵਲੋਂ ਬਰੈਂਪਟਨ ਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇ ਕੋਈ ਇਨ੍ਹਾਂ ਸ਼ੱਕੀਆਂ ਬਾਰੇ ਜਾਣਕਾਰੀ ਰਖਦਾ ਹੈ ਤਾਂ ਉਹ ਉਨ੍ਹਾਂ ਨਾਲ ਤੁਰੰਤ ਸੰਪਰਕ ਕਰੇ।

Related posts

ਯੋਰਪ ਵਿੱਚ ਹੋਵੇਗਾ ਅਮਰੀਕਾ ਅਤੇ ਈਰਾਨ ਵਿਚਕਾਰ ਸਮਝੌਤਾ !

ਹੈਲੀਕਾਪਟਰ ਸੁੱਟਣ ‘ਤੇ ਅਮਰੀਕਾ ਵਲੋਂ ਇਰਾਨੀ ਟਿਕਾਣਿਆਂ ਉਪਰ ਹਵਾਈ ਹਮਲਿਆਂ ਦੀ ਬਾਛੜ !

ਅਮਰੀਕਨ ਕੋਰਟ ਵਲੋਂ ਨਵੇਂ ਐੱਚ-1ਬੀ ਵੀਜ਼ਾ ‘ਤੇ 1 ਲੱਖ ਡਾਲਰ ਫੀਸ ਗੈਰ-ਕਾਨੂੰਨੀ ਕਰਾਰ !