ਸਰਵੇ ’ਚ ਦਾਅਵਾ, ਆਗਾਮੀ ਚੋਣਾਂ ’ਚ ਆਪਣੀ ਸੀਟ ਵੀ ਨਹੀਂ ਬਚਾ ਪਾਉਣਗੇ ਪੀ.ਐੱਮ. ਰਿਸ਼ੀ ਸੁਨਕ

ਲੰਡਨ – ਬ੍ਰਿਟੇਨ ਵਿੱਚ ਸਾਲ ਦੇ ਆਖਰੀ 6 ਮਹੀਨਿਆਂ ਵਿੱਚ ਆਮ ਚੋਣਾਂ ਹੋ ਸਕਦੀਆਂ ਹਨ। ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਖੁਦ ਇਸ ਦਾ ਸੰਕੇਤ ਦਿੱਤਾ ਹੈ। ਹਾਲ ਹੀ ਦੇ ਮਹੀਨਿਆਂ ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਮਈ ਵਿੱਚ ਚੋਣਾਂ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਸੀ ਅਤੇ ਸੰਕੇਤ ਦਿੱਤਾ ਸੀ ਕਿ ਚੋਣਾਂ ਇਸ ਸਾਲ ਦੇ ਅੰਤ ਵਿੱਚ ਹੋ ਸਕਦੀਆਂ ਹਨ। ਇਸ ਦੌਰਾਨ ਇੱਕ ਸਰਵੇ ’ਚ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਆਉਣ ਵਾਲੀਆਂ ਆਮ ਚੋਣਾਂ ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਸੀਟ ਵੀ ਖ਼ਤਰੇ ਵਿੱਚ ਹੈ।
ਬੈਸਟ ਫ਼ੌਰ ਬ੍ਰਿਟੇਨ ਨਾਂ ਦੀ ਮੁਹਿੰਮ ਸੰਗਠਨ ਨੇ ਵੀ ਸਰਵੇਖਣ ਤੋਂ ਬਾਅਦ ਕਿਹਾ ਹੈ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਦੇਸ਼ ’ਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਇਸ ਸਾਲ ਦੇ ਅੰਤ ’ਚ ਹੋਣ ਵਾਲੀਆਂ ਆਮ ਚੋਣਾਂ ’ਚ ਵੱਡੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੰਨਾ ਹੀ ਨਹੀਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਸ਼ਾਇਦ ਹੀ ਆਪਣੀ ਨੌਰਥ ਯੌਰਕਸ਼ਾਇਰ ਸੀਟ ਬਚਾ ਸਕਣ। ਬੈਸਟ ਫ਼ਾਰ ਬ੍ਰਿਟੇਨ ਨੇ ਇਸ ਸਰਵੇ ਤੋਂ ਪਹਿਲਾਂ 15,029 ਲੋਕਾਂ ਦੀ ਰਾਏ ਲਈ ਸੀ। ਜਿਸ ਦੇ ਆਧਾਰ ’ਤੇ ਤਿਆਰ ਕੀਤੀ ਗਈ ਰਿਪੋਰਟ ’ਚ ਵਿਰੋਧੀ ਲੇਬਰ ਪਾਰਟੀ ਨੂੰ ਕੰਜ਼ਰਵੇਟਿਵਾਂ ਦੇ ਮੁਕਾਬਲੇ 19 ਅੰਕਾਂ ਦੀ ਲੀਡ ਨਾਲ 45 ਫ਼ੀਸਦੀ ਵੋਟ ਸ਼ੇਅਰ ਨਾਲ ਸਿਖਰ ’ਤੇ ਰੱਖਿਆ ਗਿਆ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਦੀਆਂ ਸੰਭਾਵਨਾਵਾਂ ਆਪਣੇ ਹੇਠਲੇ ਪੱਧਰ ’ਤੇ ਪਹੁੰਚ ਗਈਆਂ ਹਨ। ਜਿਸ ਨੂੰ ਦੇਖਦੇ ਹੋਏ ਕਿਹਾ ਜਾ ਰਿਹਾ ਹੈ ਕਿ ਉਹ ਇਸ ਵਾਰ 100 ਤੋਂ ਘੱਟ ਸੀਟਾਂ ਜਿੱਤ ਰਹੇ ਹਨ, ਵਿਰੋਧੀ ਲੇਬਰ ਪਾਰਟੀ ਨੂੰ ਇਸ ਦਾ ਕਾਫ਼ੀ ਫ਼ਾਇਦਾ ਹੋਵੇਗਾ। ਲੇਬਰ ਪਾਰਟੀ ਇਸ ਵਾਰ 468 ਸੀਟਾਂ ਜਿੱਤ ਸਕਦੀ ਹੈ।
ਸਰਵੇਖਣ ਮੁਤਾਬਕ ਇਸ ਵਾਰ 28 ਮੌਜੂਦਾ ਕੈਬਨਿਟ ਮੈਂਬਰ ਚੋਣ ਲੜ ਸਕਦੇ ਹਨ, ਜਿਨ੍ਹਾਂ ਵਿੱਚੋਂ ਸਿਰਫ਼ 13 ਹੀ ਮੁੜ ਚੁਣੇ ਜਾਣਗੇ। ਲਾਰਡ ਡੇਵਿਡ ਫ਼ਰੌਸਟ, ਸਾਬਕਾ ਬ੍ਰੈਕਸਿਟ ਸਕੱਤਰ ਅਤੇ ਸੁਨਕ ਦੇ ਇੱਕ ਪ੍ਰਮੁੱਖ ਆਲੋਚਕ ਨੇ ਇਸ ਸਰਵੇਖਣ ’ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਤਾਜ਼ਾ ਸਰਵੇਖਣ ਦੇ ਅੰਕੜੇ ਦਰਸਾਉਂਦੇ ਹਨ ਕਿ ਕੰਜ਼ਰਵੇਟਿਵ ਪਾਰਟੀ ਨਿਰਾਸ਼ਾ ਦਾ ਸਾਹਮਣਾ ਕਰ ਰਹੀ ਹੈ। ਉਸ ਨੇ ਕਿਹਾ,‘ਪੋਲਿੰਗ ਸਮੇਂ ਦੇ ਨਾਲ ਵਿਗੜਦੀ ਜਾ ਰਹੀ ਹੈ, ਬਿਹਤਰ ਨਹੀਂ।’
ਸੁਨਕ ਦੀ ਪਾਰਟੀ ਸੱਤਾ ਵਿਰੋਧੀ ਲਹਿਰ ਨਾਲ ਜੂਝ ਰਹੀ
ਇਸ ਦੌਰਾਨ ਚੋਣਾਂ ਤੋਂ ਪਹਿਲਾਂ ਕੀਤੇ ਗਏ ਜ਼ਿਆਦਾਤਰ ਸਰਵੇਖਣਾਂ ਵਿੱਚ ਲੇਬਰ ਪਾਰਟੀ ਨੂੰ ਕੰਜ਼ਰਵੇਟਿਵਾਂ ’ਤੇ ਆਰਾਮਦਾਇੱਕ ਲੀਡ ਮਿਲਦੀ ਦਿਖਾਈ ਦੇ ਰਹੀ ਹੈ। ਵਰਤਮਾਨ ਵਿੱਚ ਪਾਰਟੀ ਰਾਜਨੀਤਕ ਉੱਥਲ-ਪੁੱਥਲ, ਰੋਜ਼ਾਨਾ ਸਾਮਾਨ ਦੀਆਂ ਵੱਧਦੀਆਂ ਕੀਮਤਾਂ ਅਤੇ ਵੱਧ ਰਹੇ ਇੰਮੀਗ੍ਰੇਸ਼ਨ ਦੇ ਵਿੱਚਕਾਰ ਸੱਤਾ ਵਿਰੋਧੀ ਲੜਾਈ ਲੜ ਰਹੀ ਹੈ।

Related posts

ਯਾਤਰੀ ਪਰੇਸ਼ਾਨ : ਹਵਾਈ ਖੇਤਰ ਬੰਦ ਹੋਣ ਨਾਲ ਮਿਡਲ-ਈਸਟ ਬਾਕੀ ਦੁਨੀਆਂ ਨਾਲੋਂ ਕੱਟਿਆ ਗਿਆ

ਮਿਡਲ-ਈਸਟ ਤਣਾਅ : ਭਾਰਤੀਆਂ ਨੂੰ FRRO ਨਾਲ ਸੰਪਰਕ ਕਰਨ ਦੀ ਸਲਾਹ !

ਈਰਾਨ ਦੇ ਨਾਗਰਿਕੋ, ਇਸ ਮੌਕੇ ਨੂੰ ਹੱਥੋਂ ਨਾ ਜਾਣ ਦਿਓ – ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ