ਛੀਨਾ ਸਮੇਤ ਸਮੂਹ ਖਾਲਸਾ ਕਾਲਜ ਸੰਸਥਾਵਾਂ ਵੱਲੋਂ ਰਤਨ ਟਾਟਾ ਦੇ ਅਕਾਲ ਚਲਾਣੇ ’ਤੇ ਦੁਖ ਦਾ ਇਜਹਾਰ

ਖ਼ਾਲਸਾ ਕਾਲਜ ਵਿਖੇ ਮਸ਼ਹੂਰ ਉਦਯੋਗਪਤੀ ਸ੍ਰੀ ਰਤਨ ਟਾਟਾ ਦੇ ਅਕਾਲ ਚਲਾਣੇ ’ਤੇ ਦੁਖ ਜਾਹਿਰ ਕਰਨ ਸਮੇਂ ਸੰਬੋਧਨ ਕਰਦੇ ਹੋਏ ਸ੍ਰੀ ਦੀਪਕ ਦੇਵਗਨ।

ਅੰਮ੍ਰਿਤਸਰ – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਭਾਰਤ ਦੇ ਦਿੱਗਜ ਉਦਯੋਗਪਤੀ ਸ੍ਰੀ ਰਤਨ ਟਾਟਾ ਦੇ ਅਕਾਲ ਚਲਾਣਾ ਕਰ ਜਾਣ ’ਤੇ ਗਹਿਰੇ ਦੁਖ ਦਾ ਇਜਹਾਰ ਕੀਤਾ ਗਿਆ। ਪਿਛਲੇ ਕੁਝ ਦਿਨਾਂ ਤੋਂ ਸਿਹਤਯਾਬ ਨਾ ਹੋਣ ਕਾਰਨ 86 ਸਾਲਾ ਸ੍ਰੀ ਰਤਨ ਟਾਟਾ ਨੇ ਆਪਣੇ ਜੀਵਨ ਦੇ ਅਖੀਰਲੇ ਸਾਹ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ’ਚ ਲਏ। ਉਨ੍ਹਾਂ ਦੇ ਅਚਨਚੇਤ ਅਕਾਲ ਚਲਾਣੇ ’ਤੇ ਸ: ਛੀਨਾ, ਕੌਂਸਲ ਅਧੀਨ ਆਉਂਦੇ ਸਮੂੰਹ ਵਿੱਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ, ਸਟਾਫ਼, ਵਿਦਿਆਰਥੀਆਂ ਅਤੇ ਨਾਨ-ਟੀਟਿੰਗ ਸਟਾਫ਼ ਵੱਲੋਂ ਸ੍ਰੀ ਟਾਟਾ ਦੇ ਬੇਵਕਤੀ ਦਿਹਾਂਤ ’ਤੇ ਅਫ਼ਸੋਸ ਜਾਹਿਰ ਕੀਤਾ ਗਿਆ।

ਇਸ ਦੌਰਾਨ ਸ: ਛੀਨਾ ਨੇ ਕਿਹਾ ਕਿ ਦੇਸ਼ ਦਾ ਇਕ ਅਨੁਭਵੀ ਉਦਯੋਗਪਤੀ ਸ੍ਰੀ ਟਾਟਾ ਇਕ ਦੂਰਦਰਸ਼ੀ ਆਗੂ ਅਤੇ ਰਾਸ਼ਟਰੀ ਪ੍ਰਤੀਕ ਸਨ, ਜਿਨ੍ਹਾਂ ਦੀ ਨਵੀਨਤਾ ਅਤੇ ਪਰਉਪਕਾਰੀ ਪ੍ਰਤੀ ਅਟੱਲ ਵਚਨਬੱਧਤਾ ਨੇ ਪੂਰੇ ਵਿਸ਼ਵ ਨੂੰ ਤਬਦੀਲ ਕਰਦਿਆਂ ਆਪਣੇ ਹੁਨਰ ਦਾ ਲੋਹਾ ਮਨਵਾਇਆ। ਉਨ੍ਹਾਂ ਕਿਹਾ ਕਿ ਸ੍ਰੀ ਟਾਟਾ ਨੂੰ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ ਅਤੇ ਵਿੱਦਿਅਕ ਅਦਾਰਿਆਂ ਤੇ ਹੋਰਨਾਂ ਖੇਤਰਾਂ ’ਚ ਸ੍ਰੀ ਟਾਟਾ ਦੀ ਹਿੰਮਤ, ਮਿਹਨਤ ਅਤੇ ਦੂਰਅੰਦੇਸ਼ੀ ਸੋਚ ਦੀ ਉਦਾਹਰਣ ਦਿੱਤੀ ਜਾਵੇ ਕਿ ਕਿਵੇਂ ਸ੍ਰੀ ਟਾਟਾ ਨਾਮੁਮਕਿਨ ਨੂੰ ਮੁਮਕਿਨ ਕਰਨ ਦੀ ਸਮਰੱਥਾ ਵਾਲੀ ਊਰਜਾ ਨਾਲ ਭਰਪੂਰ ਸੀ ।

ਇਸ ਸਬੰਧੀ ਕੌਂਸਲ ਦਫ਼ਤਰ ਤੋਂ ਇਲਾਵਾ, ਖਾਲਸਾ ਕਾਲਜ ਦੇ ਕਾਮਰਸ ਵਿਭਾਗ ਦੇ ਸਟਾਫ਼ ਅਤੇ ਵਿਦਿਆਰਥੀਆਂ ਤੇ ਹੋਰਨਾਂ ਅਦਾਰਿਆਂ ਵਿਖੇ ਸਵੇਰ ਦੀ ਪ੍ਰਾਥਨਾ ਸਮੇਂ ਸ੍ਰੀ ਟਾਟਾ ਦੇ ਦਿਹਾਂਤ ’ਤੇ 2 ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜ਼ਲੀ ਭੇਂਟ ਕੀਤੀ ਗਈ। ਇਸ ਦੌਰਾਨ ਪ੍ਰਿੰ: ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਤਨ ਟਾਟਾ ਇਕ ਮਹਾਨ ਪ੍ਰੇਰਨਾ ਦੇਣ ਵਾਲੇ, ਮਹਾਨ ਨੈਤਿਕ ਕੰਪਾਸ ਅਤੇ ਅਜਿਹੇ ਵਿਅਕਤੀ ਸਨ ਜੋ ਆਪਣੀ ਜ਼ਿੰਦਗੀ ਇੰਨੀ ਹਿੰਮਤ, ਦ੍ਰਿੜਤਾ ਅਤੇ ਦੇਸ਼ ਲਈ ਪਿਆਰ ਨਾਲ ਬਤੀਤ ਕਰਦੇ ਸਨ।

ਇਸ ਮੌਕੇ ਡਾ. ਏ.ਕੇ. ਕਾਹਲੋਂ ਨੇ ਸ਼ੋਕ ਪ੍ਰਗਟ ਕਰਦਿਆਂ ਕਿਹਾ ਕਿ ਮਨੁੱਖ ਅਮਰ ਨਹੀਂ ਹੁੰਦਾ ਪਰ ਉਹ ਆਪਣੇ ਕਰਮਾਂ ਨਾਲ ਕਈ ਲੋਕਾਂ ਦੇ ਵਿਚਾਰਾਂ ਅਤੇ ਘਰਾਂ ’ਚ ਅਮਰ ਰਹਿੰਦਾ ਹੈ। ਡਾ: ਦੀਪਕ ਦੇਵਗਨ ਨੇ ਇਸ ਘਾਟੇ ’ਤੇ ਦੁੱਖ ਜਾਹਿਰ ਕਰਦਿਆਂ ਕਿਹਾ ਕਿ ਸ੍ਰੀ ਟਾਟਾ ਦਾ ਨਾਮ ਦੇਸ਼ ਲਈ ‘ਅਨਮੋਲ ਰਤਨ’ ਸਨ, ਉਹ ਇਕ ਬਿਜਨੈਸਮੈਨ ਸਨ ਜਿਨ੍ਹਾਂ ਨੇ ਦੇਸ਼ ਲਈ ਕੰਮ ਕੀਤਾ ਅਤੇ ਉਨ੍ਹਾਂ ਨੇ ਉਦਯੋਗਿਕ ਵਿਕਾਸ ਅਤੇ ਮਜ਼ਬੂਤੀ ਲਈ ਵੱਡਮੁੱਲਾ ਯੋਗਦਾਨ ਪਾਇਆ। ਇਸ ਮੌਕੇ ਡਾ. ਸਵਰਾਜ ਕੌਰ, ਡਾ: ਪੂਨਮ ਸ਼ਰਮਾ, ਡਾ: ਅਜੇ ਸਹਿਗਲ ਅਤੇ ਹੋਰ ਫੈਕਲਟੀ ਮੈਂਬਰ ਵੀ ਹਾਜ਼ਰ ਸਨ।

Related posts

ਮੇਰੇ ਸਵਾਲਾਂ ਦੇ ਜਵਾਬ ਦਿਓ ਨਹੀਂ ਤਾਂ ਮੈਂ ਸੰਗਤ ਨੂੰ ਸਭ ਕੁੱਝ ਦੱਸਾਂਗਾ – ਗਿਆਨੀ ਰਘੁਬੀਰ ਸਿੰਘ

ਪੰਜਾਬ ਸਰਕਾਰ ਵੱਲੋਂ ਹਰੇਕ ਨਾਗਰਿਕ ਨੂੰ ਮਿਆਰੀ ਤੇ ਮੁਫ਼ਤ ਸਿਹਤ ਸੇਵਾਵਾਂ ਲਈ ਉਪਰਾਲੇ

ਬੰਦੀ ਸਿੰਘਾਂ ਦੀ ਰਿਹਾਈ ਲਈ ਹਵਾਰਾ ਕਮੇਟੀ ਵੱਲੋਂ ਸਰਕਾਰਾਂ ਨੂੰ 2 ਮਾਰਚ ਤੱਕ ਦਾ ਸਮਾਂ ਦਿੱਤਾ