ਜਗਮੀਤ ਸਿੰਘ ਨੇ ਲਿਬਰਲਾਂ ਨਾਲ ਗੱਠਜੋੜ ਸਰਕਾਰ ਬਣਾਉਣ ਤੋਂ ਕੀਤਾ ਇਨਕਾਰ

ਓਟਵਾ – ਅਗਲੀਆਂ ਫੈਡਰਲ ਚੋਣਾਂ ਵਿੱਚ ਜੇ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਦਾ ਤਾਂ ਅਜਿਹੇ ਵਿੱਚ ਐਨਡੀਪੀ ਆਗੂ ਜਗਮੀਤ ਸਿੰਘ ਨੇ ਲਿਬਰਲਾਂ ਨਾਲ ਗੱਠਜੋੜ ਸਰਕਾਰ ਬਣਾਉਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ। ਇੱਕ ਇੰਟਰਵਿਊ ਵਿੱਚ ਜਗਮੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਦਾ ਧਿਆਨ ਇਸ ਉੱਤੇ ਕੇਂਦਰਿਤ ਨਹੀਂ ਹੈ।ਅਸੀਂ ਚਾਹੁੰਦੇ ਹਾਂ ਕਿ ਪਾਰਲੀਆਮੈਂਟ ਵਿੱਚ ਕਈ ਮੁੱਦਿਆਂ ਨੂੰ ਸੁਲਝਾਇਆ ਜਾਵੇ ਤੇ ਫਿਰ ਅਸੀਂ ਜਿੱਤਣ ਲਈ ਮੈਦਾਨ ਵਿੱਚ ਨਿੱਤਰਾਂਗੇ।ਜਿ<ਕਰਯੋਗ ਹੈ ਕਿ ਮਾਰਚ 2022 ਵਿੱਚ ਲਿਬਰਲਾਂ ਤੇ ਐਨਡੀਪੀ ਦਰਮਿਆਨ ਇੱਕ ਡੀਲ ਹੋਈ ਸੀ ਜਿਸ ਤਹਿਤ ਐਨਡੀਪੀ ਦੀ ਪਾਲਿਸੀ ਦੀਆਂ ਤਰਜੀਹਾਂ ਉੱਤੇ ਕਾਰਵਾਈ ਕਰਨ ਬਦਲੇ ਪਾਰਟੀ ਨੇ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਸਹਾਰਾ ਦੇਣ ਦਾ ਵਾਅਦਾ ਕੀਤਾ ਸੀ।ਦੋਵਾਂ ਪਾਰਟੀਆਂ ਵੱਲੋਂ 2025 ਤੱਕ ਆਪਣੀ ਇਸ ਡੀਲ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਉਸ ਸਾਲ ਅਕਤੂਬਰ ਵਿੱਚ ਫੈਡਰਲ ਚੋਣਾਂ ਤੈਅ ਹਨ। ਜਗਮੀਤ ਸਿੰਘ ਨੇ ਆਖਿਆ ਕਿ ਇਸ ਡੀਲ ਨੇ ਉਨ੍ਹਾਂ ਨੂੰ ਲਿਬਰਲਾਂ ਨੂੰ ਨੇੜਿਓਂ ਜਾਨਣ ਸਮਝਣ ਦਾ ਮੌਕਾ ਦਿੱਤਾ ਤੇ ਉਹ ਇਹ ਪਤਾ ਲਾ ਸਕੇ ਕਿ ਕੈਨੇਡੀਅਨਜ਼ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਫੈਡਰਲ ਸਰਕਾਰ ਕੋਲ ਕਿੰਨੀ ਤਾਕਤ ਹੁੰਦੀ ਹੈ। ਜਗਮੀਤ ਸਿੰਘ ਨੇ ਆਖਿਆ ਕਿ ਉਹ ਸਪਸ਼ਟ ਤੌਰ ਉੱਤੇ ਇਹ ਆਖਣਾ ਚਾਹੁੰਦੇ ਹਨ ਕਿ ਫੈਡਰਲ ਸਰਕਾਰ ਲੋਕਾਂ ਲਈ ਕਾਫੀ ਕੁੱਝ ਕਰ ਸਕਦੀ ਹੈ ਪਰ ਉਹ ਕਰ ਨਹੀਂ ਰਹੀ।ਉਨ੍ਹਾਂ ਇਹ ਵੀ ਆਖਿਆ ਕਿ ਉਹ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ ਤੇ ਇਹ ਉਨ੍ਹਾਂ ਦਾ ਟੀਚਾ ਹੈ ਕਿ ਉਹ ਅਜਿਹਾ ਕਰਕੇ ਰਹਿਣਗੇ। ਇਸ ਸਮੇਂ ਕਰਵਾਏ ਜਾ ਰਹੇ ਸਰਵੇਖਣਾਂ ਤੋਂ ਸਾਹਮਣੇ ਆਇਆ ਹੈ ਕਿ ਹਵਾ ਦਾ ਰੁਖ ਕੰਜ਼ਰਵੇਟਿਵਾਂ ਵੱਲ ਹੈ ਤੇ ਘੱਟ ਗਿਣਤੀ ਸਰਕਾਰ ਕਾਰਨ ਚੋਣਾਂ ਕਦੇ ਵੀ ਹੋ ਸਕਦੀਆਂ ਹਨ। ਇਸ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਅਜਿਹਾ ਹੋਣ ਪਿੱਛੇ ਉਨ੍ਹਾਂ ਨੂੰ ਕੋਈ ਕਾਰਨ ਨਜ਼ਰ ਨਹੀਂ ਆ ਰਿਹਾ।

Related posts

ਭਾਰਤ ਅਤੇ ਕੈਨੇਡਾ ਵਲੋਂ 2030 ਤੱਕ 50 ਬਿਲੀਅਨ ਡਾਲਰ ਦੇ ਵਪਾਰ ਦਾ ਟੀਚਾ

ਯਾਤਰੀ ਪਰੇਸ਼ਾਨ : ਹਵਾਈ ਖੇਤਰ ਬੰਦ ਹੋਣ ਨਾਲ ਮਿਡਲ-ਈਸਟ ਬਾਕੀ ਦੁਨੀਆਂ ਨਾਲੋਂ ਕੱਟਿਆ ਗਿਆ

ਮਿਡਲ-ਈਸਟ ਤਣਾਅ : ਭਾਰਤੀਆਂ ਨੂੰ FRRO ਨਾਲ ਸੰਪਰਕ ਕਰਨ ਦੀ ਸਲਾਹ !