ਪੰਜਾਬ ਵਿੱਚ ਰੇਲਵੇ ਪਟੜੀਆਂ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਵੱਡੀ ਸਾਜ਼ਿਸ਼ ਸ੍ਹਾਮਣੇ ਆਈ ਹੈ। ਦਿੱਲੀ-ਰਾਜਪੁਰਾ ਅਤੇ ਸ਼ੰਭੂ ਰੇਲਵੇ ਸਟੇਸ਼ਨਾਂ ਵਿਚਕਾਰ ਸਮਰਪਿਤ ਫਰੇਟ ਕੋਰੀਡੋਰ ‘ਤੇ ਸੋਮਵਾਰ ਨੂੰ ਦੇਰ ਰਾਤ ਇੱਕ ਵੱਡਾ ਧਮਾਕਾ ਹੋਇਆ। ਇਹ ਇੱਕ ਆਈਈਡੀ ਧਮਾਕਾ ਮੰਨਿਆ ਜਾ ਰਿਹਾ ਹੈ। ਇਸ ਧਮਾਕੇ ਨਾਲ ਰੇਲਵੇ ਟਰੈਕ ਦੇ ਇੱਕ ਹਿੱਸੇ ਨੂੰ ਨੁਕਸਾਨ ਪਹੁੰਚਿਆ ਅਤੇ ਮਾਲ ਗੱਡੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਸੁਰੱਖਿਆ ਏਜੰਸੀਆਂ ਇਸ ਘਟਨਾ ਨੂੰ ਅੱਤਵਾਦੀ ਸਾਜ਼ਿਸ਼ ਮੰਨ ਰਹੀਆਂ ਹਨ। ਸਥਾਨਕ ਪੁਲਿਸ, ਰੇਲਵੇ ਦੀ ਅਪਰਾਧ ਸ਼ਾਖਾ ਅਤੇ ਖੁਫੀਆ ਏਜੰਸੀਆਂ ਸਾਂਝੇ ਤੌਰ ‘ਤੇ ਇਸ ਘਟਨਾਂ ਦੀ ਜਾਂਚ ਵਿੱਚ ਜੁੱਟ ਗਈਆਂ ਹਨ।
ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੌਕੇ ‘ਤੇ ਮਿਲੇ ਇੱਕ ਮੋਬਾਈਲ ਫੋਨ ਰਾਹੀਂ ਕੀਤੀ ਗਈ। ਮਾਰੇ ਗਏ ਵਿਅਕਤੀ ਦੀ ਪਛਾਣ ਜਗਰੂਪ ਸਿੰਘ ਜੂਪਾ ਵਜੋਂ ਹੋਈ ਹੈ ਜੋ ਕਿ ਤਰਨਤਾਰਨ ਦੇ ਪਿੰਡ ਪੰਜਵੜ ਦਾ ਰਹਿਣ ਵਾਲਾ ਹੈ। ਇਸ ਧਮਾਕੇ ਦੌਰਾਨ ਵਿਅਕਤੀ ਦੇ ਸਰੀਰ ਦਾ ਜ਼ਿਆਦਾਤਰ ਹਿੱਸਾ ਉੱਡ ਗਿਆ ਸੀ। ਹਾਲਾਂਕਿ, ਉਸਦਾ ਮੋਬਾਈਲ ਫੋਨ ਸੁਰੱਖਿਅਤ ਰਿਹਾ ਜਿਸ ਕਾਰਣ ਉਸਦੀ ਪਛਾਣ ਹੋ ਸਕੀ। ਜਗਰੂਪ ਸਿੰਘ ਜੂਪਾ ਜੋ ਕਿ ਆਟਾ ਚੱਕੀ ਚਲਾਉਂਦਾ ਹੈ, ਦੀ ਉਮਰ ਲਗਭਗ 33 ਸਾਲ ਦੱਸੀ ਜਾ ਰਹੀ ਹੈ। ਤਰਨਤਾਰਨ ਵਿਧਾਨ ਸਭਾ ਉਪ-ਚੋਣ ਦੌਰਾਨ ਪੋਸਟਰ ਪਾੜਨ ਦੇ ਮਾਮਲੇ ਵਿੱਚ ਝੱਬਲ ਪੁਲਿਸ ਸਟੇਸ਼ਨ ਵਿੱਚ ਜੂਪਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਤੋਂ ਇਲਾਵਾ ਜੂਪਾ ਖਿਲਾਫ ਕੋਈ ਹੋਰ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਦੋ ਧੀਆਂ ਦਾ ਪਿਤਾ ਜੂਪਾ ਅਕਸਰ ਨਿਹੰਗ ਪਹਿਰਾਵੇ ਵਿੱਚ ਰਹਿੰਦਾ ਸੀ। ਮੰਗਲਵਾਰ ਨੂੰ ਜਦੋਂ ਇਹ ਪਤਾ ਲੱਗਾ ਕਿ ਰੇਲਵੇ ਟਰੈਕ ‘ਤੇ ਹੋਏ ਧਮਾਕੇ ਵਿੱਚ ਜੂਪਾ ਦੀ ਮੌਤ ਹੋ ਗਈ ਹੈ ਤਾਂ ਪਿੰਡ ਵਾਸੀ ਹੈਰਾਨ ਰਹਿ ਗਏ। ਹੁਣ ਇਸ ਨੂੰ ਲੈ ਕੇ ਕਈ ਹੈਰਾਨੀ ਜਨਕ ਖੁਲਾਸੇ ਹੋ ਰਹੇ ਹਨ। ਜਗਰੂਪ ਸਿੰਘ ਜੂਪਾ ਦੇ ਪਰਿਵਾਰ ਸਬੰਧੀ ਰਿਕਾਰਡ ਦੀ ਜਾਂਚ ਕਰ ਰਹੀ ਹੈ। ਹਾਲਾਂਕਿ, ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਨੇ ਪਿੰਡ ਨੂੰ ਘੇਰਿਆ ਹੋਇਆ ਹੈ। ਤਰਨਤਾਰਨ ਪੁਲਿਸ ਨੇ ਰੇਲਵੇ ਲਾਈਨ ਧਮਾਕੇ ਦੇ ਸਬੰਧ ਵਿੱਚ ਪੰਜ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਰਨਤਾਰਨ ਦੇ ਐਸਐਸਪੀ ਸੁਰਿੰਦਰ ਲਾਂਬਾ ਦਾ ਕਹਿਣਾ ਹੈ ਕਿ ਜੂਪਾ ਦੇ ਪਰਿਵਾਰ ਸਬੰਧੀ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਵਰਨਣਯੋਗ ਹੈ ਕਿ ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦਾ ਪਿਛਲੇ ਸਾਲ ਪਾਕਿਸਤਾਨ ਵਿੱਚ ਬਾਈਕ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਜਗਰੂਪ ਸਿੰਘ ਜੂਪਾ ਵੀ ਤਰਨਤਾਰਨ ਦੇ ਪਿੰਡ ਪੰਜਵੜ ਦਾ ਹੀ ਰਹਿਣ ਵਾਲਾ ਹੈ।