ਅੰਮ੍ਰਿਤਸਰ – ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਮਾਮਲੇ ‘ਚ ਹੁਣ ਬੀ.ਪੀ. ਤਿਵਾੜੀ ਦੀ ਰਿਪੋਰਟ ਨੂੰ ਹੀ ਗਲਤ ਕਹਿ ਕੇ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਰਘਬੀਰ ਸਿੰਘ ਨੂੰ ਬਾਦਲਕੇ ਟਿੱਚ ਜਾਣ ਰਹੇ ਨੇ, ਵੰਗਾਰ ਰਹੇ ਨੇ, ਘੋਰ ਅਪਮਾਨ ਕਰ ਰਹੇ ਹਨ। ਇਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਗੀ ਹੋ ਚੁੱਕੇ ਨੇ ਅਤੇ ਜਥੇਦਾਰ ਜੀ ਦੇ ਕਾਤਲ ਪੁਲਿਸ ਅਫ਼ਸਰਾਂ ਪ੍ਰਤੀ ਆਪਣਾ ਪ੍ਰੇਮ ਵਿਖਾ ਰਹੇ ਹਨ। ਇਹ ਵਿਚਾਰ ਪ੍ਰਗਟਾਉਂਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਇੱਕ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਹੈ ਕਿ ਤਿਵਾੜੀ ਰਿਪੋਰਟ ਅਨੁਸਾਰ ਕਾਤਲਾਂ ਨੂੰ ਸਜ਼ਾ ਦਿਵਾਈ ਜਾਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਸੰਬੰਧੀ ਵਕੀਲਾਂ ਦਾ ਪੈਨਲ ਵੀ ਤਿਆਰ ਕੀਤਾ, ਪਰ ਹੁਣ ਦੂਜੇ ਪਾਸੇ ਤਿਵਾੜੀ ਰਿਪੋਰਟ ਨੂੰ ਬਾਦਲ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ, ਪਰਮਬੰਸ ਸਿੰਘ ਬੰਟੀ ਰੋਮਾਣਾ ਆਦਿ ਵਾਰ-ਵਾਰ ਗਲਤ ਆਖ ਕੇ ਇਨਸਾਫ ਨਹੀਂ ਹੋਣ ਦੇਣਾ ਚਾਹੁੰਦੇ। ਬਾਦਲ ਦਲ ਦਾ ਸਾਰਾ ਜ਼ੋਰ ਓਸ ਤਿਵਾੜੀ ਰਿਪੋਰਟ ਨੂੰ ਗਲਤ ਸਾਬਤ ਕਰਨ ਉੱਤੇ ਲੱਗਿਆ ਪਿਆ, ਜੇ ਬਾਦਲ ਦਲ ਤਿਵਾੜੀ ਰਿਪੋਰਟ ਨੂੰ ਐਨੀ ਹੀ ਗ਼ਲਤ ਮੰਨਦਾ ਹੈ ਤਾਂ ਸ਼੍ਰੋਮਣੀ ਕਮੇਟੀ ਦੇ ਵਕੀਲਾਂ ਦੇ ਪੈਨਲ ਦੀ ਕੀ ਸਾਰਥਿਕਤਾ ਰਹਿ ਗਈ ? 12 ਫਰਵਰੀ 1997 ਦੀਆਂ ਚੋਣਾਂ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਅਕਾਲੀ ਸਰਕਾਰ ਬਣਨ ਮਗਰੋਂ ਸਿੱਖਾਂ ਉੱਤੇ ਜ਼ੁਲਮ ਕਰਨ ਵਾਲ਼ੇ ਦੋਸ਼ੀਆਂ ’ਤੇ ਕਾਰਵਾਈ ਕੀਤੀ ਜਾਵੇਗੀ, ਪਰ ਮੁੱਖ ਮੰਤਰੀ ਦੀ ਕੁਰਸੀ ’ਤੇ ਬਹਿੰਦਿਆਂ ਹੀ ਬਾਦਲ ਨੇ ਅੱਖਾਂ ਫੇਰ ਲਈਆਂ, ਫਿਰ ਸਿੱਖਾਂ ਦੇ ਦਬਾਅ ਕਾਰਨ ਬਾਦਲ ਨੇ ਉਸ ਸਮੇਂ ਐਡੀਸ਼ਨਲ ਡਾਇਰੈਕਟਰ ਜਨਰਲ ਬੀ.ਪੀ. ਤਿਵਾੜੀ ਦੀ ਅਗਵਾਈ ’ਚ ਜਾਂਚ ਕਮਿਸ਼ਨ ਤਾਂ ਬਣਾ ਦਿੱਤਾ ਪਰ ਜਦ ਸਵਾ ਸਾਲ ਬਾਅਦ 29 ਸਤੰਬਰ 1999 ਨੂੰ ਤਿਵਾੜੀ ਕਮਿਸ਼ਨ ਨੇ ਬਾਦਲ ਸਰਕਾਰ ਨੂੰ ਰਿਪੋਰਟ ਸੌਂਪੀ ਤਾਂ ਬਾਦਲ ਸਰਕਾਰ ਨੇ ਰਿਪੋਰਟ ਓਥੇ ਹੀ ਦੱਬ ਦਿੱਤੀ ਤੇ ਲੋਕਾਂ ਨੂੰ ਇਹ ਮੁਹਾਰਨੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ ਕਿ “ਛੱਡੋ ਜੀ ਪੁਰਾਣੀਆਂ ਗੱਲਾਂ, ਹੁਣ ਵਿਕਾਸ ਦੀ ਗੱਲ ਕਰੋ।” ਜਥੇਦਾਰ ਕਾਉਂਕੇ ਦੀ ਸ਼ਹੀਦੀ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਬਾਦਲਕਿਆਂ ਨੇ ਉਹਨਾਂ ਪੁਲਸੀਆਂ ਦੀ ਸਰਪ੍ਰਸਤੀ ਕਰਨੀ ਸ਼ੁਰੂ ਕਰ ਦਿੱਤੀ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦਾ ਘਾਣ ਕੀਤਾ। ਬਾਦਲ ਦਲ ਵਾਲੇ ਕਹਿ ਰਹੇ ਨੇ ਕਿ ਜਥੇਦਾਰ ਕਾਉਂਕੇ ਦਾ ਮਸਲਾ ਸਿਰਫ ਬਾਦਲ ਦਲ ਦੀ ਸਿਆਸੀ ਚੜ੍ਹਤ ਹੋਣ ਤੋਂ ਰੋਕਣ ਲਈ ਉਭਾਰਿਆ ਹੈ ਜਦਕਿ 1978 ਤੋਂ ਚੱਲੇ ਸੰਘਰਸ਼ ਦੌਰਾਨ ਬਾਦਲ ਦਲ ਦਾ ਰੋਲ ਸਦਾ ਹੀ ਵਾਰ ਵਾਰ ਘੇਰੇਗਾ। ਜਥੇਦਾਰ ਕਾਉਂਕੇ ਵਾਂਗ ਹੋਰ ਵੀ ਬੜੇ ਮਸਲੇ ਸਨ ਜਿਹੜੇ ਲਗਾਤਾਰ ਬਾਦਲ ਦਲ ਲਈ ਬਿਪਤਾ ਬਣਨਗੇ। ਜਦ ਵੀ ਬਾਦਲ ਦਲ ਪੰਥ ਦਾ ਦਾਅਵਾ ਕਰੇਗਾ ਓਦੋਂ ਹੀ ਇਹ ਗੱਲ ਉਭਰੇਗੀ ਕਿ ਤੁਸੀਂ ਪੰਥਕ ਹਿੱਤਾਂ ਦਾ ਘਾਣ ਕਿਉਂ ਕੀਤਾ ? ਹੁਣ ਸੁਖਬੀਰ ਸਿੰਘ ਬਾਦਲ ਨੇ ਪੰਥਕ ਮਸਲਿਆ ਤੋਂ ਆਪਣਾ ਸਾਰਾ ਧਿਆਨ ਵੋਟ ਬਟੋਰਨ ਤੇ ਕੇਂਦਰਿਤ ਕਰ ਲਿਆ ਹੈ, ਸ਼ਾਇਦ ਉਹ ਨਹੀਂ ਚਾਹੁੰਦਾ ਕਿ ਇਸ ਮਸਲੇ ‘ਤੇ ਕੋਈ ਜਵਾਬ ਦਿੱਤਾ ਜਾਵੇ,ਅਕਾਲੀ ਦਲ ਦੇ ਛੋਟੇ ਵੱਡੇ ਆਗੂ ਅਤੇ ਪਾਰਟੀ ਦਾ ਆਈ ਟੀ ਸੈੱਲ ਇੱਕ ਸ਼ਾਜਿਸ਼ ਤਹਿਤ ਪੰਥਕ ਸੋਚ ਰੱਖਣ ਵਾਲੀ ਧਿਰ ਨੂੰ ਕਾਂਗਰਸੀ/ਕਾਮਰੇਡ ਅਤੇ ਪੰਜਾਬ ਵਿਰੋਧੀ ਦਰਸਾਉਣ ਤੇ ਲੱਗਾ ਹੋਇਆ ਹੈ। ਤਿਵਾੜੀ ਰਿਪੋਰਟ ਨਾਲ ਸੰਬੰਧਿਤ ਕਿਸੇ ਵੀ ਸਵਾਲ ਦਾ ਜਵਾਬ ਦੇਣ ਦੀ ਬਜਾਇ ਸਿਰਫ ਝੂਠਾ ਬਿਰਤਾਂਤ ਸਿਰਜਣ ਤੇ ਗੁੰਮਰਾਹਕੁੰਨ ਪ੍ਰਚਾਰ ਤੇ ਹੀ ਜ਼ੋਰ ਲਾਇਆ ਜਾ ਰਿਹਾ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬਾਦਲ ਦਲ ਨੂੰ ਉਹਨਾਂ ਮਨੁੱਖੀ ਅਧਿਕਾਰ ਵਾਲਿਆਂ ਉਤੇ ਬੇਹੱਦ ਰੋਸ ਹੈ ਜਿੰਨਾ ਨੇ
ਜਥੇਦਾਰ ਕਾਉਂਕੇ ਦੇ ਕਤਲ ਦੀ ਜਾਂਚ ਰਿਪੋਰਟ ਅਕਾਲ ਤਖਤ ਸਾਹਿਬ ਤੇ ਲਿਆਂਦੀ। ਬਾਦਲ ਦਲ ਨੂੰ ਉਨਾ ਸਾਰਿਆਂ ਸਿਖਾਂ ਉਤੇ ਗੁੱਸਾ ਹੈ ਜਿਹੜੇ ਜਥੇਦਾਰ ਕਾਉਂਕੇ ਲਈ ਇਨਸਾਫ ਦੀ ਮੰਗ ਕਰਦੇ ਨੇ। 1997 ਦੀਆਂ ਵੋਟਾਂ ਲੈਣ ਮੌਕੇ ਖਾੜਕੂਵਾਦ ਦੌਰਾਨ ਹੋਏ ਜੁਲਮਾਂ ਦੇ ਇਨਸਾਫ ਦਾ ਵਾਅਦਾ ਕਰਨ ਵਾਲੇ ਬਾਦਲ ਦਲ ਤੋ ਬਗੈਰ ਸਿੱਖ ਹੋਰ ਕਿੱਥੇ ਪਿੱਟਣ ਕੀ ਇਨਸਾਫ ਨਹੀਂ ਮਿਲਿਆ। ਜਿਹੜਾ ਵੀ ਸਿੱਖ ਜਥੇਦਾਰ ਕਾਉਂਕੇ ਦੇ ਇਨਸਾਫ ਦੀ ਗੱਲ ਕਰਦਾ ਹੈ ਉਸ ਨੂੰ ਬਾਦਲ ਦਲ ਵਾਲੇ ਭੰਡਣ ਬਹਿ ਜਾਂਦੇ ਨੇ। ਪੰਜਾਬ ਦੇ ਹਰ ਪਿੰਡ ਦੇ ਬਾਹਰ 1978 ਤੋਂ ਸ਼ਹੀਦ ਸਿੱਖਾਂ ਦੇ ਨਾਂ ਲਿਖ ਕੇ ਲਾਏ ਜਾਣ। ਜਦ ਬਾਦਲ ਦਲ ਵਾਲੇ ਯਾਤਰਾ ਲੈ ਕੇ ਪਿੰਡ ਆਉਣ ਉਹਨਾਂ ਨੂੰ ਪੁੱਛਿਆ ਜਾਵੇ ਕਿ ਇਹਨਾਂ ਨੂੰ ਸ਼ਹੀਦ ਮੰਨਦੇ ਹੋ ਕਿ ਭਾਰਤੀ ਨਜ਼ਰੀਏ ਅਨੁਸਾਰ ਅੱਤਵਾਦੀ ? ਇਹ ਉਹ ਸਿਖ ਨੇ ਜਿਹੜੇ ਅਕਾਲੀਆਂ ਵੱਲੋਂ ਧਰਮ ਯੁੱਧ ਮੋਰਚੇ ਉੱਤੇ ਫੌਜੀ ਹਮਲੇ ਤੋਂ ਬਾਅਦ ਬਣੇ ਖਾੜਕੂਵਾਦ ਦੇ ਮਹੌਲ ਕਰਕੇ ਹੀ ਸ਼ਿਕਾਰ ਬਣੇ।ਉਹਨਾਂ ਦੀ ਜਿੰਮੇਵਾਰੀ ਲੈਣ ਦੀ ਥਾਂ ਉਹਨਾਂ ਨੂੰ ਪਾਕਿਸਤਾਨ ਦੇ ਇਸ਼ਾਰੇ ਉਤੇ ਭਾਰਤ ਦੀ ਏਕਤਾ ਤੇ ਅਖੰਡਤਾ ਖਤਮ ਕਰਨ ਵਾਲੇ ਦਹਿਸ਼ਤਗਰਦ ਗਰਦਾਨਣ ਵਾਲੀ ਕਤਾਰ ਵਿੱਚ ਹੀ ਬਾਦਲ ਦਲ ਖੜ੍ਹਾ ਹੈ।