ਪੰਜਾਬ ਪੁਲਿਸ ਵਿੱਚ ਲਕੀਰ ਦੀ ਫਕੀਰੀ ਬਹੁਤ ਚੱਲਦੀ ਹੈ। ਸ਼ਰਾਬ, ਨਸ਼ਿਆਂ (ਅਫੀਮ, ਭੁੱਕੀ ਅਤੇ ਚਿੱਟਾ ਆਦਿ), ਚੋਰੀ ਅਤੇ ਸੱਟ ਫੇਟ ਆਦਿ ਦੇ ਮੁਕੱਦਮਿਆਂ ਵਿੱਚ ਪੁਰਾਣੀਆਂ ਮਿਸਲਾਂ ਵੇਖ ਕੇ ਵਾਰ ਵਾਰ ਉਹ ਹੀ ਮੁਹਾਰਨੀ ਦੁਹਰਾਈ ਜਾਂਦੇ ਹਨ, ਸਿਰਫ ਮੁਲਜ਼ਮ ਦਾ ਨਾਮ ਅਤੇ ਬਰਾਮਦਗੀ ਆਦਿ ਦੀ ਜਗ੍ਹਾ ਹੀ ਬਦਲੀ ਜਾਂਦੀ ਹੈ। ਕੁਝ ਸਾਲ ਪਹਿਲਾਂ ਹਾਈਕੋਰਟ ਨੇ ਇੱਕ ਸਰਵੇਖਣ ਕਰਵਾ ਕੇ ਪੰਜਾਬ ਅਤੇ ਹਰਿਆਣਾ ਦੀ ਪੁਲਿਸ ਨੂੰ ਆਪਣੀ ਤਫਤੀਸ਼ ਦਾ ਢੰਗ ਬਦਲਣ ਲਈ ਚੇਤਾਵਨੀ ਦਿੱਤੀ ਸੀ। ਸਰਵੇਖਣ ਵਿੱਚ ਇਹ ਸਾਹਮਣੇ ਆਇਆ ਸੀ ਕਿ ਸ਼ਰਾਬ ਅਤੇ ਨਸ਼ਿਆਂ ਦੇ 99% ਮੁਕੱਦਮਿਆਂ ਦੀਆਂ ਮਿਸਲਾਂ (ਪੁਲਿਸ ਫਾਈਲ) ਵਿੱਚ ਦਸ਼ਕਾਂ ਤੋਂ ਇੱਕ ਹੀ ਕਹਾਣੀ ਲਿਖੀ ਜਾ ਰਹੀ ਹੈ ਕਿ ਪੁਲਿਸ ਪਾਰਟੀ ਮੋਟਰ ਸਾਈਕਲ ਜਾਂ ਗੱਡੀ ‘ਤੇ ਜਾ ਰਹੀ ਹੁੰਦੀ ਹੈ। ਦੋਸ਼ੀ ਸੜਕ ਦੇ ਦੂਸਰੇ ਪਾਸੇ ਤੁਰਿਆ ਆਉਂਦਾ ਦਿਖਾਈ ਦਿੰਦਾ ਹੈ ਜਿਸ ਦੇ ਸੱਜੇ ਹੱਥ ਵਿੱਚ ਝੋਲਾ ਜਾਂ ਬੈਗ ਫੜਿਆ ਹੁੰਦਾ ਹੈ ਤੇ ਉਸ ਪੁਲਿਸ ਪਾਰਟੀ ਨੂੰ ਵੇਖ ਕੇ ਖੱਬੇ ਪਾਸੇ ਵੱਲ ਮੁੜ ਜਾਂਦਾ ਹੈ। ਸ਼ੱਕ ਪੈਣ ‘ਤੇ ਉਸ ਦੇ ਝੋਲੇ – ਬੈਗ ਦੀ ਤਲਾਸ਼ੀ ਲਈ ਜਾਂਦੀ ਹੈ ਤੇ ਉਸ ਵਿੱਚੋਂ ਨਜ਼ਾਇਜ ਸ਼ਰਾਬ ਜਾਂ ਨਸ਼ੀਲਾ ਪਦਾਰਥ ਬਰਾਮਦ ਹੁੰਦਾ ਹੈ। ਪੁੱਛਣ ‘ਤੇ ਪਹਿਲਾਂ ਉਹ ਆਪਣਾ ਗਲਤ ਨਾਮ ਸੁਰੇਸ਼ ਕੁਮਾਰ ਦੱਸਦਾ ਹੈ ਤੇ ਦੁਬਾਰਾ ਸਖਤੀ ਨਾਲ ਪੁੱਛਣ ‘ਤੇ ਸਹੀ ਨਾਮ ਨਰੇਸ਼ ਕੁਮਾਰ ਪੁਤਰ ਫਲਾਣਾ ਤੇ ਪਿੰਡ ਫਲਾਣਾ ਦੱਸਦਾ ਹੈ।
ਨਵੇਂ ਕਾਨੂੰਨਾਂ ਅਤੇ ਹਾਈ ਕੋਰਟਾਂ ਅਤੇ ਸੁਪਰੀਮ ਕੋਰਟ ਦੇ ਅਨੇਕਾਂ ਫੈਸਲਿਆਂ ਕਾਰਨ ਹੁਣ ਨਸ਼ੀਲੇ ਪਦਾਰਥਾਂ ਦੀ ਤਫਤੀਸ਼ ਕਰਨੀ ਬਹੁਤ ਗੁੰਝਲਦਾਰ ਬਣ ਗਈ ਹੈ। ਹੁਣ ਤਾਂ ਬਰਾਮਦਗੀ ਕਰਨ ਵੇਲੇ ਵੀਡੀਉ ਬਣਾਉਣਾ ਵੀ ਲਾਜ਼ਮੀ ਹੋ ਗਿਆ ਹੈ। ਵਕੀਲ ਸਫਾਈ ਦੋਸ਼ੀਆਂ ਨੂੰ ਬਰੀ ਕਰਾਉਣ ਲਈ ਆਮ ਤੌਰ ‘ਤੇ ਦੋ ਸਵਾਲ ਜਰੂਰ ਪੁਛਦੇ ਹਨ। ਪਹਿਲਾ, ਬਰਾਮਦਗੀ ਵੇਲੇ ਕਿਹੜਾ ਕੰਮ ਕਿੰਨੇ ਵਜੇ ਕੀਤਾ (ਜਿਵੇਂ ਮੁਲਜ਼ਮ ਕਿੰਨੇ ਵੇਖਿਆ ਗਿਆ ਸੀ, ਕਿੰਨੇ ਵਜੇ ਕਾਬੂ ਕੀਤਾ ਤੇ ਥਾਣੇ ਰੁੱਕਾ ਲੈ ਕੇ ਜਾਣ ਵਾਲਾ ਮੁਲਾਜ਼ਮ ਕਿੰਨੇ ਵਜੇ ਗਿਆ ਤੇ ਕਿੰਨੇ ਵਜੇ ਵਾਪਸ ਆਇਆ ਆਦਿ) ਅਤੇ ਦੂਸਰਾ ਬਰਾਮਦਗੀ ਵੇਲੇ ਪੁਲਿਸ ਪਾਰਟੀ ਦੀ ਲੋਕੇਸ਼ਨ। ਮੋਬਾਇਲ ਫੋਨਾਂ ਦੇ ਆਉਣ ਤੋਂ ਪਹਿਲਾਂ ਪੁਲਿਸ ਵਾਲੇ ਥਾਣੇ ਬੈਠ ਕੇ ਹੀ ਮੁਕੱਦਮਾ ਦਰਜ਼ ਕਰ ਦਿੰਦੇ ਸਨ ਪਰ ਹੁਣ ਮੋਬਾਇਲ ਲੋਕੇਸ਼ਨ ਕਾਰਨ ਇਹ ਸੰਭਵ ਨਹੀਂ ਰਿਹਾ। ਪਰ ਹੁਣ ਵੀ ਜਿਆਦਾਤਰ ਤਫਤੀਸ਼ੀ ਬਰਾਮਦਗੀ ਆਦਿ ਦਾ ਟਾਈਮ ਦਰਜ਼ ਕਰਨਾ ਜਰੂਰੀ ਨਹੀਂ ਸਮਝਦੇ। ਮਿਸਾਲ ਦੇ ਤੌਰ ‘ਤੇ ਜੇ ਦੋਸ਼ੀ 12 ਵਜੇ ਫੜ੍ਹਿਆ ਗਿਆ ਹੋਵੇ ਤਾਂ ਲਿਖ ਦੇਣਗੇ ਕਿ 12 ਤੋਂ ਬਾਅਦ। ਮੈਂ ਜਿੱਥੇ ਜਿੱਥੇ ਵੀ ਐਸ.ਐਚ.ਉ. ਜਾਂ ਡੀ.ਐਸ.ਪੀ. ਸਬ ਡਵੀਜ਼ਨ ਰਿਹਾ ਸੀ, ਟਾਈਮ ਲਿਖਾਉਣ ਲਈ ਬਹੁਤ ਜ਼ੋਰ ਲਗਾਇਆ ਸੀ ਪਰ ਤਫਤੀਸ਼ੀ ਇਹ ਕਹਿ ਕਿ ਪੱਲਾ ਝਾੜ ਲੈਂਦੇ ਸਨ ਕਿ ਜ਼ਨਾਬ ਗਵਾਹੀ ਵੇਲੇ ਟਾਈਮ ਸੈੱਟ ਕਰ ਲਵਾਂਗੇ। ਪਰ ਅਦਾਲਤ ਵਿੱਚ ਗਵਾਹੀ ਕਈ ਮਹੀਨਿਆਂ ਬਾਅਦ ਆਉਂਦੀ ਹੈ ਤੇ ਮੁਲਾਜ਼ਮ ਉਸ ਸਮੇਂ ਤੱਕ ਸਭ ਕੁਝ ਭੁੱਲ ਭੁਲਾ ਚੁੱਕੇ ਹੁੰਦੇ ਹਨ। ਇਸ ਲਈ ਉਹ ਵਕੀਲ ਸਫਾਈ ਦੇ ਸਵਾਲਾਂ ਵਿੱਚ ਉਲਝ ਜਦੇ ਹਨ ਤੇ ਦੋਸ਼ੀ ਬਰੀ ਹੋ ਜਾਂਦੇ ਹਨ।
ਪੁਲਿਸ ਨੂੰ ਪੈਣ ਵਾਲੀਆਂ ਅਚਨਚੇਤੀ ਡਿਊਟੀਆਂ ਕਾਰਨ ਇਹ ਸੰਭਵ ਹੀ ਨਹੀਂ ਹੈ ਕਿ ਕਿਸੇ ਮੁਕੱਦਮੇ ਦੇ ਸਾਰੇ ਗਵਾਹ ਤੇ ਤਫਤੀਸ਼ੀ ਗਵਾਹੀ ਵੇਲੇ ਇਕੱਠੇ ਹੋ ਸਕਣ। ਇਸ ਕਾਰਨ ਮੈਂ ਨਸ਼ਿਆਂ (ਐਨ ਡੀ ਪੀ ਐੱਸ) ਦੇ ਕੇਸਾਂ ਵਿੱਚ ਆਪਣਾ ਬਿਆਨ ਬਹੁਤ ਤਫਸੀਲ ਨਾਲ ਲਿਖਾਉਂਦਾ ਹੁੰਦਾ ਸੀ ਤੇ ਉਸ ਦੀ ਕਾਪੀ ਸੰਭਾਲ ਕੇ ਆਪਣੇ ਕੋਲ ਰੱਖ ਲੈਂਦਾ ਸੀ। ਜਿਵੇਂ ਕਿ ਮੈਨੂੰ ਤਫਤੀਸ਼ੀ ਨੇ ਮੌਕੇ ‘ਤੇ ਆਉਣ ਲਈ ਫੋਨ ਕਿਸ ਨੰਬਰ ਤੋਂ ਤੇ ਕਿੰਨੇ ਵਜੇ ਕੀਤਾ ਸੀ, ਮੈਂ ਕਿਸ ਰਸਤੇ ਤੇ ਕਿਹੜੇ ਕਿਹੜੇ ਪਿੰਡਾਂ ਵਿੱਚ ਦੀ ਗਿਆ ਸੀ ਤੇ ਕਿੰਨੇ ਵਜੇ ਪਹੁੰਚਿਆ ਸੀ, ਤੱਕੜੀ ਵੱਟੇ ਲੈਣ ਵਾਲਾ ਸਿਪਾਹੀ ਕਿੰਨੇ ਵਜੇ ਗਿਆ ਸੀ ਤੇ ਕਿੰਨੇ ਵਜੇ ਵਾਪਸ ਆਇਆ, ਮੈਂ ਮੌਕੇ ‘ਤੇ ਕਿੰਨੇ ਘੰਟੇ ਰਿਹਾ ਤੇ ਕਿੰਨੇ ਵਜੇ ਵਾਪਸੀ ਲਈ ਚੱਲ ਪਿਆ ਸੀ ਆਦਿ। ਸੱਚ ਮੰਨਿਉਂ ਕਿ ਤਫਤੀਸ਼ੀ ਤੇ ਮੁਕੱਦਮੇ ਵਿੱਚ ਸਹਿਯੋਗੀ ਹੋਰ ਮੁਲਾਜ਼ਮ ਗਵਾਹੀ ਦੇਣ ਵੇਲੇ ਮੇਰਾ ਬਿਆਨ ਪੜ੍ਹ ਕੇ ਗਵਾਹੀ ਦਿੰਦੇ ਹੁੰਦੇ ਸਨ ਜਿਸ ਕਾਰਨ ਮੇਰੀ ਸ਼ਮੂਲੀਅਤ ਵਾਲੇ ਜਿਆਦਾਤਰ ਮੁਕੱਦਮੇ ਸਜ਼ਾ ਹੋਏ ਸਨ।
ਪੁਲਿਸ ਦੀ ਲਕੀਰ ਦੀ ਫਕੀਰੀ ਦੀ ਇੱਕ ਹੱਡਬੀਤੀ ਮੇਰੇ ਨਾਲ ਵੀ ਵਾਪਰੀ ਸੀ। 1993 – 94 ਵਿੱਚ ਮੈਂ ਸੰਗਰੂਰ ਜਿਲ੍ਹੇ ਦੇ ਇੱਕ ਥਾਣੇ ਵਿਖੇ ਐਸ.ਐਚ.ਉ. ਵਜੋਂ ਤਾਇਨਾਤ ਸੀ। ਉਥੇ ਹਰਿਆਣੇ ਦੇ ਰੋਹਤਕ ਜਿਲ੍ਹੇ ਦਾ ਰਹਿਣ ਵਾਲਾ ਚੌਧਰੀ ਰਾਮ ਸਿੰਘ ਨਾਮਕ ਇੱਕ ਥਾਣੇਦਾਰ ਤਾਇਨਾਤ ਸੀ ਜੋ ਤਫਤੀਸ਼ ਦੇ ਕੰਮਾਂ ਤੋਂ ਬਿਲਕੁਲ ਕੋਰਾ ਸੀ। ਇੱਕ ਦਿਨ ਉਸ ਨੇ ਕਿਸੇ ਬੰਦੇ ਕੋਲੋਂ ਪੰਦਰਾਂ ਸੋਲਾਂ ਬੋਤਲਾਂ ਦੇਸੀ ਸ਼ਰਾਬ ਦੀਆਂ ਬਰਾਮਦ ਕਰ ਲਈਆਂ ਤੇ ਉਸ ਨੂੰ ਫੜ੍ਹ ਕੇ ਥਾਣੇ ਲੈ ਆਇਆ। ਸਰਦੀਆਂ ਦੇ ਦਿਨ ਸਨ ਤੇ ਦੋਸ਼ੀ ਨੇ ਖੇਸ ਦੀ ਬੁੱਕਲ ਮਾਰੀ ਹੋਈ ਸੀ। ਹੁਣ ਥਾਣੇਦਾਰ ਨੂੰ ਤਾਂ ਤਫਤੀਸ਼ ਬਾਰੇ ਕੁਝ ਪਤਾ ਨਹੀਂ ਸੀ, ਇਸ ਲਈ ਉਸ ਨੇ ਸਸਤੀ ਜਿਹੀ ਵਿਸਕੀ ਦੀ ਬੋਤਲ ਦੇ ਕੇ ਇੱਕ ਹਵਾਲਦਾਰ ਨੂੰ ਮਿਸਲ ਲਿਖਣ ਲਈ ਮਨਾ ਲਿਆ। ਅੱਗੋਂ ਹਵਾਲਦਾਰ ਵੀ ਕੋਈ ਜਿਆਦਾ ਸਿਆਣਾ ਤਫਤੀਸ਼ੀ ਨਹੀਂ ਸੀ। ਉਸ ਨੇ ਮੁਨਸ਼ੀ ਕੋਲੋਂ ਐਕਸਾਈਜ਼ ਐਕਟ (ਸ਼ਰਾਬ ਦੇ ਕੇਸਾਂ ਬਾਰੇ ਕਾਨੂੰਨ) ਦੀ ਇੱਕ ਪੁਰਾਣੀ ਮਿਸਲ ਲੈ ਲਈ ਤੇ ਇਨਾਮ ਦੀ ਬੋਤਲ ‘ਚੋਂ ਇੱਕ ਮੋਟਾ ਜਿਹਾ ਪੈੱਗ ਮਾਰ ਕੇ ਮੱਖੀ ‘ਤੇ ਮੱਖੀ ਮਾਰ ਦਿੱਤੀ ਕਿ ਦੋਸ਼ੀ ਦੇ ਸੱਜੇ ਹੱਥ ਵਿੱਚ ਝੋਲਾ ਸੀ ਤੇ ਉਹ ਖੱਬੇ ਪਾਸੇ ਵੱਲ ਮੁੜ ਗਿਆ ਆਦਿ-ਆਦਿ। ਰਾਤ ਦਸ ਕੁ ਵਜੇ ਹਵਾਲਦਾਰ ਨੇ ਮਿਸਲ ਤਿਆਰ ਕਰ ਕੇ ਚੌਧਰੀ ਦੇ ਅੱਗੇ ਜਾ ਰੱਖੀ ਤੇ ਉਸ ਨੇ ਵੀ ਬਿਨਾਂ ਪੜ੍ਹੇ ਜਿੱਥੇ-ਜਿੱਥੇ ਕਿਹਾ ਗਿਆ, ਦਸਤਖਤ ਕਰ ਦਿੱਤੇ।
ਦੋਸ਼ੀ ‘ਤੇ ਪਹਿਲਾਂ ਵੀ ਸ਼ਰਾਬ ਦੇ 8 – 9 ਮੁਕੱਦਮੇ ਦਰਜ਼ ਸਨ ਤੇ ਵਕੀਲ ਵੀ ਉਸ ਨੇ ਪੱਕਾ ਹੀ ਰੱਖਿਆ ਹੋਇਆ ਸੀ। ਅਗਲੇ ਦਿਨ 11 – 12 ਵਜੇ ਦੋਸ਼ੀ ਨੂੰ ਲੈ ਕੇ ਪੁਲਿਸ ਪਾਰਟੀ ਸੰਗਰੂਰ ਕਚਹਿਰੀ ਪਹੁੰਚੀ ਤਾਂ ਦੋਸ਼ੀ ਦੇ ਵਕੀਲ ਨੇ ਜ਼ਮਾਨਤ ਦੀ ਜੱਜ ਦੀ ਮੇਜ਼ ‘ਤੇ ਜਾ ਰੱਖੀ। ਵਕੀਲ ਨੇ ਜੱਜ ਨੂੰ ਕਿਹਾ ਕਿ ਜ਼ਨਾਬ ਮੇਰੇ ਮੁਵੱਕਿਲ ਨੂੰ ਜ਼ਮਾਨਤ ਦੇ ਦਿੱਤੀ ਜਾਵੇ ਕਿਉਂਕਿ ਮੁਕੱਦਮਾ ਸਰਾਸਰ ਝੂਠਾ ਹੈ। ਜੱਜ ਨੇ ਕਾਰਨ ਪੁੱਛਿਆ ਤਾਂ ਉਸ ਨੇ ਦੋਸ਼ੀ ਨੂੰ ਖੇਸ ਹਟਾਉਣ ਲਈ ਕਿਹਾ। ਥੱਲਿਉਂ ਜੋ ਨਿਕਲਿਆ ਉਸ ਨੂੰ ਵੇਖ ਕੇ ਜੱਜ ਸਮੇਤ ਅਦਾਲਤ ਵਿੱਚ ਹਾਜ਼ਰ ਸਾਰੇ ਪੁਲਿਸ ਵਾਲੇ ਤੇ ਵਕੀਲ ਹੈਰਾਨ ਰਹਿ ਗਏ। ਚੌਧਰੀ ਥਾਣੇਦਾਰ ਨੂੰ ਤਾਂ ਹਾਰਟ ਅਟੈਕ ਆਉਣ ਵਾਲਾ ਹੋ ਗਿਆ। ਜਿਸ ਬੰਦੇ ਦੇ ਸੱਜੇ ਹੱਥ ਵਿੱਚ ਹਵਾਲਦਾਰ ਸਾਹਿਬ ਨੇ ਸ਼ਰਾਬ ਦੀਆਂ ਬੋਤਲਾਂ ਵਾਲਾ ਝੋਲਾ ਵਿਖਾਇਆ ਸੀ, ਉਹ ਹੈ ਹੀ ਨਹੀਂ ਸੀ। ਕਈ ਸਾਲ ਪਹਿਲਾਂ ਕਿਸੇ ਐਕਸੀਡੈਂਟ ਕਾਰਨ ਦੋਸ਼ੀ ਦੀ ਸੱਜੀ ਬਾਂਹ ਡੌਲੇ ਲਾਗੋਂ ਕੱਟੀ ਹੋਈ ਸੀ।