ਬੈਂਗਲੁਰੂ – ਅਹਿਮਦਾਬਾਦ ਦੀ ਦਵਾਈ ਕੰਪਨੀ ਜਾਇਡਸ ਕੈਡਿਲਾ ਦੀ ਕੋਰੋਨਾ ਰੋਕੂ ਵੈਕਸੀਨ ਦੀ ਕੀਮਤ ਤੈਅ ਹੋ ਗਈ ਹੈ। ਇਸ ਦੀ ਇਕ ਡੋਜ਼ 265 ਰੁਪਏ ਵਿਚ ਮਿਲੇਗੀ। ਇਹ ਸੂਈ ਰਹਿਤ ਵੈਕਸੀਨ ਹੈ ਅਤੇ ਇਸ ਨੂੰ ਲਾਉਣ ਲਈ ਵਿਸ਼ੇਸ਼ ਤਰ੍ਹਾਂ ਦੇ ਐਪਲੀਕੇਟਰ ‘ਫਾਰਮਾ ਜੈੱਟ’ ਦੀ ਲੋੜ ਪਵੇਗੀ, ਜਿਸ ਦੀ ਕੀਮਤ 93 ਰੁਪਏ ਹੋਵੇਗੀ। ਕੰਪਨੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਕਿਹਾ ਹੈ ਕਿ ਐਪਲੀਕੇਟਰ ਸਮੇਤ ਤਿੰਨ ਡੋਜ਼ ਦੀ ਵੈਕਸੀਨ ਦੀ ਕੀਮਤ 1074 ਰੁਪਏ ਪਵੇਗੀ। ਸਰਕਾਰ ਨੇ ਕੰਪਨੀ ਨੂੰ ਇਕ ਕਰੋੜ ਡੋਜ਼ ਖ਼ਰੀਦਣ ਦਾ ਆਰਡਰ ਦਿੱਤਾ ਹੈ। ਇਹ ਵੈਕਸੀਨ 12 ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਅਤੇ ਬਾਲਿਗਾਂ ਨੂੰ ਲਾਈ ਜਾਵੇਗੀ। ਦੇਸ਼ ਵਿਚ 12 ਤੋਂ 18 ਸਾਲ ਦੇ ਬੱਚਿਆਂ ਲਈ ਇਹ ਪਹਿਲੀ ਕੋਰੋਨਾ ਰੋਕੂ ਵੈਕਸੀਨ ਹੈ। ਭਾਰਤ ਦੀ ਦਵਾਈ ਰੈਗੂਲੇਟਰੀ ਨੇ ਅਗਸਤ ਵਿਚ ਇਸ ਦੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਸੀ। ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਸੂਚਨਾ ਵਿਚ ਜਾਇਡਸ ਦੇ ਪ੍ਰਬੰਧ ਨਿਰਦੇਸ਼ ਸ਼ਰਵਿਲ ਪਟੇਲ ਨੇ ਕਿਹਾ ਕਿ ਇਹ ਸੂਈ ਰਹਿਤ ਵੈਕਸੀਨ ਹੈ ਯਾਨੀ ਹੁਣ ਤਕ ਲਾਈ ਜਾ ਰਹੀ ਵੈਕਸੀਨ ਦੀ ਤਰ੍ਹਾਂ ਇਸ ਨੂੰ ਲਾਉਣ ਲਈ ਸੂਈ ਦੀ ਲੋੜ ਨਹੀਂ ਪਵੇਗੀ। ਇਸ ਨਾਲ ਜਿਹੜੇ ਲੋਕ ਸੂਈ ਤੋਂ ਡਰਦੇ ਹਨ ਉਹ ਵੀ ਬਿਨਾਂ ਕਿਸੇ ਡਰ ਦੇ ਇਸ ਨੂੰ ਆਸਾਨੀ ਨਾਲ ਲਗਵਾ ਸਕਦੇ ਹਨ। ਪਟੇਲ ਨੇ ਇਸ ਦੇ ਬਾਜ਼ਾਰ ਵਿਚ ਆਉਣ ਨਾਲ ਟੀਕਾਕਰਨ ਦੀ ਰਫ਼ਤਾਰ ਤੇਜ਼ ਹੋਣ ਦੀ ਉਮੀਦ ਪ੍ਰਗਟਾਈ। ਦੇਸ਼ ਵਿਚ ਹਾਲੇ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਮੁਹਿੰਮ ਵਿਚ ਸੀਰਮ ਇੰਸਟੀਚਿਊਟ ਦੀ ਕੋਵੀਸ਼ੀਲਡ ਅਤੇ ਭਾਰਤ ਬਾਇਓਟੈੱਕ ਦੀ ਸਵਦੇਸ਼ੀ ਕੋਵੈਕਸੀਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹ ਦੋਵੇਂ ਦੋ ਡੋਜ਼ ਦੀ ਵੈਕਸੀਨ ਹੈ ਅਤੇ ਜਾਇਡਸ ਵੈਕਸੀਨ ਦੇ ਮੁਕਾਬਲੇ ਵਿਚ ਇਨ੍ਹਾਂ ਦੀ ਕੀਮਤ ਵੀ ਘੱਟ ਹੈ। ਸਪੁਤਨਿਕ ਵੀ ਦੇ ਇਸਤੇਮਾਲ ਨੂੰ ਵੀ ਮਨਜ਼ੂਰੀ ਮਿਲੀ ਹੈ ਪਰ ਉਸ ਦਾ ਇਸਤੇਮਾਲ ਹਾਲੇ ਨਹੀਂ ਹੋ ਰਿਹਾ ਹੈ।