ਜੱਚਾ ਬੱਚਾ ਹਸਪਤਾਲ ਬਰਨਾਲਾ ਬਣਿਆ ਡਾਕਟਰਾਂ ਦੀ ਲੁੱਟ ਦਾ ਅੱਡਾ: ਜਨਤਕ ਜਥੇਬੰਦੀਆਂ 

ਬਰਨਾਲਾ – ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਦੀ ਮੀਟਿੰਗ ਸੋਹਣ ਸਿੰਘ ਮਾਝੀ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਪਾਰਕ ਬਰਨਾਲਾ ਵਿਖੇ ਹੋਈ। ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਬੁਲਾਰੇ ਨਰਾਇਣ ਦੱਤ ਨੇ ਦੱਸਿਆ ਕਿ ਮਹੀਨੇ ਭਰ ਤੋਂ ਜੱਚਾ ਬੱਚਾ ਹਸਪਤਾਲ ਬਰਨਾਲਾ ਵਿੱਚ ਬਣੇ ਹੋਏ ਆਪਰੇਸ਼ਨ ਥੀਏਟਰ ਨੂੰ ਰੈਨੋਵੇਸ਼ਨ (ਨਵੀਨੀਕਰਨ) ਦੇ ਨਾਂ ਥੱਲੇ ਬੰਦ ਕੀਤਾ ਹੋਇਆ ਹੈ। ਜਿਸ ਦੇ ਸਿੱਟੇ ਵਜੋਂ ਗਰੀਬ ਮੱਧ ਵਰਗੀ ਪਰਿਵਾਰਾਂ ਦੀਆਂ ਔਰਤਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਜਣੇਪੇ ਕਰਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸਿਵਲ ਹਸਪਤਾਲ ਬਚਾਓ ਕਮੇਟੀ ਨੇ ਹੰਗਾਮੀ ਮੀਟਿੰਗ ਸੱਦ ਕੇ ਇਸ ਮਸਲੇ ਨੂੰ ਗੰਭੀਰਤਾ ਵਿਚਾਰਿਆ ਅਤੇ ਇਸ ਸਿੱਟੇ ਤੇ ਪੁੱਜੀ ਕਿ ਅਜਿਹਾ ਸਾਰਾ ਕੁੱਝ ਜੱਚਾ ਬੱਚਾ ਹਸਪਤਾਲ ਵਿੱਚ ਤੈਨਾਤ ਡਾਕਟਰਾਂ ਅਤੇ ਉੱਚ ਅਧਿਕਾਰੀਆਂ ਦੀ ਮਿਲੀ ਭੁਗਤ ਤੋਂ ਬਿਨ੍ਹਾਂ ਸੰਭਵ ਨਹੀਂ ਹੈ। ਸਿਵਲ ਹਸਪਤਾਲ ਵਿੱਚ ਤੈਨਾਤ ਔਰਤਾਂ ਦੀਆਂ ਮਾਹਰ ਡਾਕਟਰਾਂ ਵੱਲੋਂ ਪ੍ਰਾਈਵੇਟ ਤੌਰ ‘ਤੇ ਔਰਤਾਂ ਦੇ ਕੀਤੇ ਜਾ ਰਹੇ ਜਣੇਪੇ ਕਿਸੇ ਵੀ ਸੂਰਤ ਵਿੱਚ ਦਰੁਸਤ ਨਹੀਂ ਹਨ। ਇੱਕ ਪਾਸੇ ਇਹ ਡਾਕਟਰ ਸਰਕਾਰ ਪਾਸੋਂ ਐਨਪੀਏ ਦੇ ਹਰ ਮਹੀਨੇ ਹਜਾਰਾਂ ਰੁਪਏ ਵਸੂਲਦੇ ਹਨ ਤੇ ਦੂਜੇ ਪਾਸੇ ਪ੍ਰਾਈਵੇਟ ਪ੍ਰੈਕਟਿਸ ਕਰਕੇ ਮਰੀਜਾਂ ਦੀ ਸ਼ਰੇਆਮ ਲੁੱਟ ਕਰਦੇ ਹਨ। ਹੁਣ ਸਰਕਾਰੀ ਜੱਚਾ ਬੱਚਾ ਹਸਪਤਾਲ ਸਿਰਫ ਨਾਂ ਦਾ ਹੀ ਹਸਪਤਾਲ ਹੈ। ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਨੇ ਅੱਜ ਸਿਵਲ ਸਰਜਨ ਬਰਨਾਲਾ ਅਤੇ ਡੀਸੀ ਬਰਨਾਲਾ ਨੂੰ ਵਫਦ ਦੇ ਰੂਪ ‘ਚ ਮਿਲਕੇ ਜੱਚਾ ਬੱਚਾ ਸਿਵਲ ਹਸਪਤਾਲ ਬਰਨਾਲਾ ਵਿੱਚ ਰੈਨੋਵੇਸ਼ਨ (ਨਵੀਨੀਕਰਨ) ਕਰਨ ਦੇ ਨਾਂ ਹੇਠ ਬੰਦ ਕੀਤਾ ਅਪਰੇਸ਼ਨ ਥੀਏਟਰ ਤੁਰੰਤ ਚਾਲੂ ਕਰਨ, ਅਪਰੇਸ਼ਨ ਥੀਏਟਰ ਬੰਦ ਕਰਨ ਦੀ ਜਾਂਚ ਕਰਨ ਅਤੇ ਜਣੇਪੇ ਦੌਰਾਨ ਔਰਤਾਂ ਦੇ ਗੰਭੀਰ ਆਪਰੇਸ਼ਨ ਤੁਰੰਤ ਚਾਲੂ ਕਰਨ, ਜਾਣ ਬੁੱਝ ਕੇ ਆਪਰੇਸ਼ਨ ਥੀਏਟਰ ਬੰਦ ਕਰਨ ਵਾਲੇ ਜਿੰਮੇਵਾਰ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ, ਜੱਚਾ ਬੱਚਾ ਸਿਵਲ ਹਸਪਤਾਲ ਬਰਨਾਲਾ ਵਿਖੇ ਤੈਨਾਤ ਲੇਡੀ ਡਾਕਟਰਾਂ ਵੱਲੋਂ ਆਪਣੇ ਆਪਣੇ ਪ੍ਰਾਈਵੇਟ ਕਲੀਨਕਾਂ ਵਿੱਚ ਕੀਤੇ ਜਾ ਰਹੇ ਜੱਚਾ ਬੱਚਾ ਆਪਰੇਸ਼ਨਾਂ/ਜਣੇਪਿਆਂ ਦੀ ਜਾਂਚ ਕਰਕੇ ਸਖ਼ਤ ਕਾਰਵਾਈ ਕਰਨ, ਜੱਚਾ ਬੱਚਾ ਹਸਪਤਾਲ ਵਿੱਚ ਬੰਦ ਪਈ ਬੱਚਿਆਂ ਦੀ ਨਰਸਰੀ ਚਾਲੂ ਕਰਨ, ਸਿਵਲ ਹਸਪਤਾਲ ਬਰਨਾਲਾ ਖਾਲੀ ਪਈਆਂ ਡਾਕਟਰਾਂ, ਨਰਸਿੰਗ ਸਟਾਫ ਅਤੇ ਪੈਰਾ ਮੈਡੀਕਲ ਸਟਾਫ ਪੋਸਟਾਂ ਭਰਨ, ਹਸਪਤਾਲ ਵਿੱਚ ਫੈਲੇ ਭਰਿਸ਼ਟਾਚਾਰ ਨੂੰ ਨੱਥ ਪਾਉਣ ਦੀ ਮੰਗ ਕੀਤੀ।
ਇਸ ਮੀਟਿੰਗ ਵਿੱਚ ਰਾਜੀਵ ਕੁਮਾਰ, ਖੁਸ਼ੀਆ ਸਿੰਘ, ਗੁਰਪ੍ਰੀਤ ਸਿੰਘ ਰੂੜੇਕੇ, ਗੁਰਚਰਨ ਸਿੰਘ, ਸੁਖਵਿੰਦਰ ਸਿੰਘ ਠੀਕਰੀਵਾਲਾ, ਸਤਨਾਮ ਸਿੰਘ ਬਰਨਾਲਾ, ਜਗਜੀਤ ਢਿੱਲਵਾਂ, ਬਹਾਦਰ ਸਿੰਘ ਸੰਘੇੜਾ, ਜੱਗਾ ਸਿੰਘ ਧਨੌਲਾ ਆਦਿ ਆਗੂਆਂ ਨੇ ਕਿਹਾ ਕਿ ਜੱਚਾ ਬੱਚਾ ਹਸਪਤਾਲ ਵਿੱਚ ਪਿਛਲੇ ਸਾਲ 2023 ਵਿੱਚ ਹਰ ਮਹੀਨੇ ਔਸਤ 300 ਜਣੇਪੇ ਦੇ ਅਪਰੇਸ਼ਨ ਕੀਤੇ ਜਾਂਦੇ ਰਹੇ ਹਨ ਜਿਸ ਦੀ ਗਿਣਤੀ ਹੁਣ ਘਟਕੇ ਔਸਤ 150 ਤੱਕ ਸੀਮਤ ਹੋ ਗਈ ਹੈ। ਸਤੰਬਰ ਮਹੀਨੇ ਤਾਂ ਹੱਦ ਹੀ ਹੋ ਗਈ ਕਿ ਇਹ ਗਿਣਤੀ 20 ਤੱਕ ਸੁੰਗੜ ਗਈ। ਇਸ ਤਰ੍ਹਾਂ ਇੱਥੇ ਤੈਨਾਤ ਲੇਡੀ ਡਾਕਟਰਾਂ ਨੇ ਪ੍ਰਾਈਵੇਟ ਤੌਰ ‘ਤੇ ਇਹ ਜਣੇਪੇ ਕਰਕੇ ਲੱਖਾਂ ਰੁਪਏ ਆਮ ਲੋਕਾਈ ਦੀ ਜੇਬਾਂ ‘ਤੇ ਡਾਕਾ ਮਾਰ ਲਿਆ। ਆਗੂਆਂ ਕਿਹਾ ਕਿ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਬਿਨ੍ਹਾਂ ਕੋਈ ਬਦਲਵਾਂ ਪ੍ਰਬੰਧ ਕੀਤਿਆਂ ਹੀ ਨਵੀਨੀਕਰਨ ਦੇ ਨਾਂ ਹੇ੍ਠ ਅਪਰੇਸ਼ਨ ਥੀਏਟਰ ਹੀ ਬੰਦ ਕਰ ਦਿੱਤਾ ਗਿਆ। ਅਜਿਹਾ ਸਾਰਾ ਕੁੱਝ ਕਿਸੇ ਵੱਡੀ ਸਾਜਿਸ਼ ਤਹਿਤ ਹੀ ਕੀਤਾ ‌ਜਿਾ ਰਿਹਾ ਹੈ। ਇਸ ਜੱਚਾ ਬੱਚਾ ਹਸਪਤਾਲ ਨੂੰ ਬਨਵਾਉਣ ਵਿੱਚ ਸਿਵਲ ਹਸਪਤਾਲ ਬਚਾਓ ਕਮੇਟੀ ਦੀ ਅਗਵਾਈ ਹੇਠ ਚੱਲੇ ਸੰਘਰਸ਼ ਦੌਰਾਨ ਜਨਤਕ ਜਮਹੂਰੀ ਜਥੇਬੰਦੀਆਂ, ਸ਼ਹਿਰੀ/ਪਿੰਡਾਂ ਦੇ ਲੋਕਾਂ ਦਾ ਵੱਡਾ ਯੋਗਦਾਨ ਹੈ। ਆਗੂਆਂ ਇਹ ਵੀ ਕਿਹਾ ਕਿ ਇਸ ਜੱਚਾ ਬੱਚਾ ਹਸਪਤਾਲ ਨੂੰ ਲੁੱਟ ਦਾ ਅੱਡਾ ਨਹੀਂ ਬਨਣ ਦਿੱਤਾ ਜਾਵੇਗਾ। ਜਲਦ ਹੀ ਵੱਡਾ ਇਕੱਠ ਸੱਦਕੇ ਲੁੱਟ ਦੇ ਤੰਤਰ ਦਾ ਪਰਦਾਫਾਸ਼ ਕੀਤਾ ਜਾਵੇਗਾ।

Related posts

ਮੇਰੇ ਸਵਾਲਾਂ ਦੇ ਜਵਾਬ ਦਿਓ ਨਹੀਂ ਤਾਂ ਮੈਂ ਸੰਗਤ ਨੂੰ ਸਭ ਕੁੱਝ ਦੱਸਾਂਗਾ – ਗਿਆਨੀ ਰਘੁਬੀਰ ਸਿੰਘ

ਪੰਜਾਬ ਸਰਕਾਰ ਵੱਲੋਂ ਹਰੇਕ ਨਾਗਰਿਕ ਨੂੰ ਮਿਆਰੀ ਤੇ ਮੁਫ਼ਤ ਸਿਹਤ ਸੇਵਾਵਾਂ ਲਈ ਉਪਰਾਲੇ

ਬੰਦੀ ਸਿੰਘਾਂ ਦੀ ਰਿਹਾਈ ਲਈ ਹਵਾਰਾ ਕਮੇਟੀ ਵੱਲੋਂ ਸਰਕਾਰਾਂ ਨੂੰ 2 ਮਾਰਚ ਤੱਕ ਦਾ ਸਮਾਂ ਦਿੱਤਾ