ਟਰੰਪ ਨੇ ਐਰੀਜ਼ੋਨਾ ਜਿੱਤਿਆ, ਹੈਰਿਸ ਨੂੰ ਸੱਤ ਅਹਿਮ ਸੂਬਿਆਂ ਵਿੱਚ ਸ਼ਿਕਸਤ ਦਿੱਤੀ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਰੀਜ਼ੋਨਾ ਦੀ ਚੋਣ ਜਿੱਤ ਲਈ ਹੈ। ਇਸ ਜਿੱਤ ਨਾਲ ਟਰੰਪ ਨੇ ਆਪਣੀ ਵਿਰੋਧੀ ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਨੂੰ ਸਾਰੇ ਸੱਤ ਅਹਿਮ ਰਾਜਾਂ ਵਿਚ ਸ਼ਿਕਸਤ ਦਿੱਤੀ ਹੈ, ਜਿਨ੍ਹਾਂ ਨੂੰ ਸਵਿੰਗ ਸਟੇਟਸ ਮੰਨਿਆ ਜਾਂਦਾ ਹੈ। ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਦੀ ਜਿੱਤ ਹਾਰ ਵਿਚ ਇਨ੍ਹਾਂ ਸਵਿੰਗ ਸਟੇਟਸ ਦੀ ਹਮੇਸ਼ਾ ਫੈਸਲਾਕੁੰਨ ਭੂਮਿਕਾ ਰਹੀ ਹੈ। ਇਹ ਸੱਤ ਰਾਜ ਐਰੀਜ਼ੋਨਾ, ਵਿਸਕੌਨਸਿਨ, ਮਿਸ਼ੀਗਨ, ਪੈਨਸਿਲਵੇਨੀਆ, ਨੌਰਥ ਕੈਰੋਲੀਨਾ ਤੇ ਜੌਰਜੀਆ ਹਨ। ਐਰੀਜ਼ੋਨਾ ਵਿਚ ਜਿੱਤ ਨਾਲ ਟਰੰਪ ਦੀਆਂ ਇਲੈਕਟੋਰਲ ਕਾਲਜ ਵੋਟਾਂ ਦੀ ਗਿਣਤੀ 312 ਨੂੰ ਪਹੁੰਚ ਗਈ ਹੈ ਜਦੋਂਕਿ ਉਪ ਰਾਸ਼ਟਰਪਤੀ ਹੈਰਿਸ ਨੂੰ 226 ਇਲੈਕਟੋਰਲ ਵੋਟ ਮਿਲੇ ਹਨ। ਐਰੀਜ਼ੋਨਾ ਦੇ ਕੁੱਲ 11 ਇਲੈਕਟੋਰਲ ਵੋਟ ਹਨ।ਰਾਸ਼ਟਰਪਤੀ ਚੋਣਾਂ ਵਿਚ ਮਿਲੀ ਜਿੱਤ ਨਾਲ ਰਿਪਬਲਿਕਨ ਪਾਰਟੀ ਨੇ ਚਾਰ ਸਾਲਾਂ ਦੇ ਵਕਫ਼ੇ ਮਗਰੋਂ ਮੁੜ ਸੈਨੇਟ ਦਾ ਕੰਟਰੋਲ ਹਾਸਲ ਕਰ ਲਿਆ ਹੈ ਤੇ ਪ੍ਰਤੀਨਿਧ ਸਦਨ ਵਿਚ ਬਹੁਮਤ ਹਾਸਲ ਕਰਨ ਦੀ ਤਿਆਰੀ ਖਿੱਚ ਲਈ ਹੈ। ਪਾਰਟੀ ਕੋਲ ਸੈਨੇਟ ਵਿਚ 52 ਸੀਟਾਂ ਹਨ ਜਦੋਂਕਿ ਡੈਮੋਕਰੈਟਸ ਕੋਲ 47 ਸੀਟਾਂ ਹਨ। ਸਦਨ ਵਿਚ ਰਿਪਬਲਿਕਨਾਂ ਨੇ ਡੈਮੋਕਰੈਟਸ ਦੀਆਂ 209 ਸੀਟਾਂ ਦੇ ਮੁਕਾਬਲੇ ਹੁਣ ਤੱਕ 216 ਸੀਟਾਂ ਜਿੱਤ ਲਈਆਂ ਹਨ। ਬਹੁਮਤ ਦਾ ਜਾਦੂਈ ਅੰਕੜਾ 218 ਹੈ। ਰਿਪਬਲਿਕਨਾਂ ਨੂੰ ਪੂਰੀ ਆਸ ਹੈ ਕਿ ਉਹ ਬਹੁਮਤ ਲਈ ਲੋੜੀਂਦਾ ਅੰਕੜਾ ਹਾਸਲ ਕਰ ਲੈਣਗੇ। ਰਾਸ਼ਟਰਪਤੀ ਜੋਅ ਬਾਇਡਨ 2020 ਵਿਚ ਪਹਿਲੇ ਡੈਮੋਕਰੈਟ ਸਨ, ਜਿਨ੍ਹਾਂ ਐਰੀਜ਼ੋਨਾ ਜਿੱਤਿਆ ਸੀ। ਇਸ ਤੋਂ ਪਹਿਲਾਂ 1996 ਵਿਚ ਬਿਲ ਕਲਿੰਟਨ ਨੇ ਅਜਿਹਾ ਕੀਤਾ ਸੀ। ਟਰੰਪ ਨੇ ਹੁਣ ਐਰੀਜ਼ੋਨਾ ਮੁੜ ਹਾਸਲ ਕਰ ਲਿਆ ਹੈ। ਟਰੰਪ ਅਗਲੇ ਸਾਲ 20 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣਗੇ।

Related posts

ਫਰਾਂਸ ‘ਚ ਮਰੀਜ਼ ਦਾ ਇਲਾਜ਼ ਰੋਕਣ ਦੀ ਕੋਸ਼ਿਸ਼ ਕਰਨ ਵਾਲਾ ਹਸਪਤਾਲ ਦੋਸ਼ੀ ਕਰਾਰ

ਅਮਰੀਕਾ ਵਲੋਂ ਭਾਰਤ-ਫਰਾਂਸ ਸੋਲਰ ਗੱਠਜੋੜ ਸਮੇਤ 66 ਅੰਤਰਰਾਸ਼ਟਰੀ ਸੰਗਠਨਾਂ ਤੋਂ ਕੀਤੀ ਤੌਬਾ

ਬਰਤਾਨੀਆਂ ‘ਚ ਗੈਰਕਾਨੂੰਨੀ ਪ੍ਰਵਾਸੀਆਂ ‘ਤੇ ਸਖਤੀ : ਮੋਬਾਇਲ ਫੋਨ ਜ਼ਬਤ ਕੀਤਾ ਜਾ ਸਕਦਾ